ਹੁਸ਼ਿਆਰਪੁਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸ਼ੁੱਕਰਵਾਰ ਸ਼ਾਮ ਦਸੂਹਾ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬਿਨਾਂ ਨੰਬਰੀ ਕਾਲੇ ਰੰਗ ਦੀ ਸਕਾਰਪੀਓ ’ਚ ਸਵਾਰ ਦਿੱਲੀ ਪੁਲਿਸ ਦੇ ਪੰਜ ਮੁਲਾਜ਼ਮ ਮੁਕੇਰੀਆਂ ਹਲਕੇ ਤੋਂ ਇਕ ਵਿਅਕਤੀ ਕੋਲੋਂ ਡੇਢ ਲੱਖ ਰੁਪਏ ਵਸੂਲ ਕੇ ਉਸ ਨੂੰ ਗੱਡੀ ਵਿਚ ਸੁੱਟ ਕੇ ਚੱਲ ਪਏ। ਦਸੂਹਾ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਦੋ ਮੁਲਾਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਦਕਿ ਤਿੰਨ ਭੱਜਣ ਵਿਚ ਸਫ਼ਲ ਹੋ ਗਏ। ਦਸੂਹਾ ਪੁਲਿਸ ਨੇ ਮੁੱਢਲੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਥਾਣਾ ਦਸੂਹਾ ਦੇ ਮੁਖੀ ਹਰਪੇ੍ਰਮ ਸਿੰਘ ਨੇ ਰਿਪੋਰਟ ਵਿਚ ਲਿਖਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਲੇ ਰੰਗ ਦੀ ਬਿਨਾਂ ਨੰਬਰੀ ਸਕਾਰਪੀਓ ਜਿਸ ਵਿਚ ਪੰਜ ਵਿਅਕਤੀ ਸਵਾਰ ਹਨ, ਮੁਕੇਰੀਆਂ ਦੇ ਹਲਕੇ ’ਚੋਂ ਇਕ ਵਿਅਕਤੀ ਨੂੰ ਅਗਵਾ ਕਰ ਕੇ ਲਿਜਾ ਰਹੇ ਹਨ। ਉਨ੍ਹਾਂ ਪਿੰਡ ਉੱਚੀ ਬਸੀ ਨਜ਼ਦੀਕ ਨਾਕਾਬੰਦੀ ਕਰ ਕੇ ਸਕਾਰਪੀਓ ਨੂੰ ਰੋਕਿਆ ਤਾਂ ਉਸ ਵਿਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਤਿੰਨ ਵਿਅਕਤੀ ਫ਼ਰਾਰ ਹੋ ਗਏ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹੈੱਡ ਕਾਂਸਟੇਬਲ ਮਨੋਜ ਅਤੇ ਹੈੱਡ ਕਾਂਸਟੇਬਲ ਰਾਜਾ ਸਿੰਘ ਦਿੱਲੀ ਪੁਲਿਸ ਵਜੋਂ ਹੋਈ। ਪਤਾ ਲੱਗਾ ਕਿ ਭੱਜ ਨਿਕਲੇ ਹੈੱਡ ਕਾਂਸਟੇਬਲ ਜੁਗਿੰਦਰ ਸਿੰਘ, ਹੈੱਡ ਕਾਂਸਟੇਬਲ ਦਲਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਸ੍ਰੀਪਾਲ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਅਦਾਲਤਾਂ ਵੱਲੋਂ ਭਗੌੜੇ ਐਲਾਨ ਗਏ ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਨੂੰ ਦਿੱਲੀ ਲਿਜਾਣ ਦਾ ਡਰਾਵਾ ਦੇ ਕੇ ਪੈਸੇ ਵਸੂਲਦੇ ਸਨ ਤੇ ਇਸ ਕੰਮ ਲਈ ਉਹ ਦਿੱਲੀ ਪੁਲਿਸ ਨੂੰ ਬਿਨਾਂ ਇਤਲਾਹ ਦਿੱਤੇ ਹੀ ਕਰਦੇ ਸਨ। ਸ਼ੁੱਕਰਵਾਰ ਰਾਤ ਵੀ ਉਹ ਮੁਕੇਰੀਆਂ ਹਲਕੇ ਦੇ ਹਰਪ੍ਰੀਤ ਸਿੰਘ 11/24 ਧਾਰਾ 384, 34 ਅਧੀਨ ਭਗੌੜੇ ਵਿਅਕਤੀ ਨੂੰ ਡਰਾ ਕੇ ਪਹਿਲਾਂ ਡੇਢ ਲੱਖ ਰੁਪਏ ਲੈ ਲਏ ਤੇ ਹੋਰ ਪੈਸਿਆਂ ਦੇ ਲਾਲਚ ਵਿਚ ਉਸ ਨੂੰ ਅਗਵਾ ਕਰ ਕੇ ਲੈ ਕੇ ਤੁਰੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਹੀ ਇਨ੍ਹਾਂ ਨੂੰ ਭਗੌੜਿਆਂ ਸਬੰਧੀ ਸੂਚਨਾ ਦਿੰਦੇ ਹਨ ਤੇ ਇਹ ਸਾਰਾ ਖੇਲ ਰਲ-ਮਿਲ ਕੇ ਕਰਦੇ ਹਨ। ਥਾਣਾ ਮੁਖੀ ਦਸੂਹਾ ਹਰਪੇ੍ਰਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਜਲਦ ਹੀ ਸਾਰਾ ਮਾਮਲਾ ਸਾਫ਼ ਕਰ ਦਿੱਤਾ ਜਾਵੇਗਾ।