ਲੁਧਿਆਣਾ 1ਮਾਰਚ (ਲਿਕੇਸ ਸ਼ਰਮਾ-ਰਿਤੇਸ ਭੱਟ)- ਪਿੰਡ ਈਸੇਵਾਲ ਦੇ ਗੈਂਗ ਰੇਪ ਕੇਸ ’ਚ ਤਿੰਨ ਸਾਲ ਬਾਅਦ ਸੋਮਵਾਰ ਨੂੰ ਫਾਸਟ ਟਰੈਕ ਅਦਾਲਤ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਛੇ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਰਸ਼ਮੀ ਸ਼ਰਮਾ ਨੇ ਫ਼ੈਸਲੇ ’ਚ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ, ਅਜੈ ਉਰਫ਼ ਲੱਲਣ ਤੇ ਇੱਕ ਨਾਬਾਲਗ ਨੂੰ ਦੋਸ਼ੀ ਕਰਾਰ ਦਿੰਦਿਆਂ 4 ਮਾਰਚ ਨੂੰ ਸਜ਼ਾ ਸੁਣਾਉਣ ਦੇ ਹੁਕਮ ਜਾਰੀ ਕੀਤੇ ਹਨ।ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਧਾਰਾ 341, 427, 364-ਏ, 342, 354. 354-ਬੀ, 376 ਡੀ, 411, 379, 411, 34, ਆਈਪੀਸੀ ਤੇ 66 ਈ ਆਈਟੀ ਐਕਟ ’ਚ ਦੋਸ਼ੀ ਕਰਾਰ ਦਿੱਤਾ ਹੈ, ਜਦੋਂਕਿ ਧਾਰਾ 397 ਨੂੰ 395 ’ਚ ਤਬਦੀਲ ਕਰ ਦਿੱਤਾ ਗਿਆ ਹੈ।ਦੱਸ ਦਈਏ ਕਿ ਤਿੰਨ ਸਾਲ ਪਹਿਲਾਂ 9 ਫਰਵਰੀ 2019 ਨੂੰ ਵਾਪਰਿਆ ਬਹੁ-ਚਰਚਿਤ ਈਸੇਵਾਲ ਗੈਂਗ ਰੇਪ ਕੇਸ ਸਬੰਧੀ ਕੇਸ 10 ਫਰਵਰੀ, 2019 ਨੂੰ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਪੀੜਤ ਲੜਕੀ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਮੇਤ ਲੁਧਿਆਣਾ ਦੀ ਮਾਰਕੀਟ ਵਿੱਚ ‘ਚਾਕਲੇਟ ਡੇਅ ਮਨਾਉਣ ਬਾਅਦ ਘੁੰਮਣ ਨਿਕਲੀ ਸੀ।ਉਹ ਜਦੋਂ ਸਿਧਵਾਂ ਨਹਿਰ ਕਿਨਾਰੇ ਜਾ ਰਹੇ ਸੀ ਕਿ ਸਾਊਥ ਸਿਟੀ ਲਾਗੇ ਉਨ੍ਹਾਂ ਦੀ ਕਾਰ ਨੂੰ ਇੱਟਾਂ ਪੱਥਰ ਮਾਰ ਕੇ ਕੁਝ ਗੁੰਡਿਆਂ ਨੇ ਰੋਕ ਲਿਆ ਸੀ। ਬਾਅਦ ਵਿਚ ਉਸੇ ਕਾਰ ਵਿਚ ਉਨ੍ਹਾਂ ਦੋਵਾਂ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਪਿੰਡ ਈਸੇਵਾਲ ਦੇ ਖ਼ਾਲੀ ਪਲਾਟ ਵਿੱਚ ਲੈ ਗਏ ਤੇ ਸਵੇਰੇ ਚਾਰ ਵਜੇ ਤੱਕ ਪੀੜਤ ਨਾਲ ਸਾਰੇ ਮੁਲਜ਼ਮਾਂ ਨੇ ਜਬਰ-ਜਨਾਹ ਕੀਤਾ ਤੇ ਦੋਵਾਂ ਨੂੰ ਬੰਨ੍ਹ ਕੇ ਕੁੱਟਮਾਰ ਵੀ ਕੀਤੀ ਸੀ।ਦੋ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ, ਪਰ ਮੰਗ ਪੂਰੀ ਨਾ ਹੁੰਦੀ ਦੇਖ ਉਨ੍ਹਾਂ ਨੂੰ ਛੱਡ ਕੇ ਭੱਜ ਗਏ। ਮੁਲਜ਼ਮ ਹਫ਼ਤੇ ਵਿਚ ਹੀ ਪੁਲਿਸ ਨੇ ਕਾਬੂ ਕਰ ਕੇ ਦੋ ਮਹੀਨੇ ਦੇ ਅੰਦਰ ਹੀ ਚਲਾਨ ਪੇਸ਼ ਕਰ ਦਿੱਤਾ ਸੀ। ਸਾਲ ਬਾਅਦ ਕੇਸ ਵਿਸ਼ੇਸ਼ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਸੀ।