–ਬਿਊਰੋ ਦੇ ਕਰੀਅਰ ਕਾਊਂਸਲਰ ਵੱਲੋਂ ਵਿਦਿਆਰਥੀਆਂ ਵਿੱਚ ਫੈਲਾਈ ਸਵੈ-ਰੋਜ਼ਗਾਰ ਸਕੀਮਾਂ ਪ੍ਰਤੀ ਚੇਤਨਤਾ
ਮੋਗਾ, 29 ਨਵੰਬਰ: ( ਕੁਲਵਿੰਦਰ ਸਿੰਘ) –
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਸ਼ਹਿਰ ਦੇ ਨਾਲ ਨਾਲ ਪਿੰਡ ਪੱਧਰੀ ਜਾਗਰੂਕਤਾ ਗਤੀਵਿਧੀਆਂ ਕਰਕੇ ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਲੱਭਣ ਅਤੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਵਿੱਚ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ। ਬਲਾਕ ਪੱਧਰੀ ਰੋਜ਼ਗਾਰ ਮੇਲੇ ਆਯੋਜਿਤ ਕਰਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਪਰੋਕਤ ਦੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਧੱਲੇਕੇ ਵਿਖੇ ਬਿਊਰੋ ਦੇ ਕਰੀਅਰ ਕਾਊਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਸਕੀਮਾਂ ਬਾਰੇ ਜਾਗਰੂਕ ਕੀਤਾ।ਬਲਰਾਜ ਸਿੰਘ ਖਹਿਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਕੈਂਪ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਮੌਕਿਆਂ, ਸਵੈ ਰੋਜ਼ਗਾਰ ਸਕੀਮਾਂ, ਆਰਮੀ ਟ੍ਰੇਨਿੰਗ ਕੈਂਪ ਸੀ.ਪਾਈਟ ਕੈਂਪ ਹਕੂਮਤ ਸਿੰਘ ਵਾਲਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਸ ਪ੍ਰੈਪਰੇਟਰੀ ਸੰਸਥਾ ਮੋਹਾਲੀ, ਸਕਿੱਲ ਟ੍ਰੇਨਿੰਗ ਕੋਰਸਾਂ ਆਦਿ ਬਾਰੇ ਚੇਤਨਤਾ ਫੈਲਾਈ ਗਈ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਬਿਊਰੋ ਵੱਲੋਂ ਅਜਿਹੀਆਂ ਆਊਟਰੀਚ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਜਾ ਰਹੀਆਂ ਹਨ ਤਾਂ ਕਿ ਬੇਰੋਜ਼ਗਾਰ ਨੂੰ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵੱਧ ਤੋਂ ਵੱਧ ਲਾਭ ਦਿਵਾਇਆ ਜਾ ਸਕੇ।
