ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਯੋਧਾ ਰਹੇ ਸੁੱਚਾ ਸਿੰਘ ਲੰਗਾਹ ਦੀ ਇੱਕ ਗਲਤੀ ਨੇ ਉਹਨਾਂ ਦੀ ਜਿੰਦਗੀ ਬਦਲ ਦਿੱਤੀ ਅਤੇ ਅਸਮਾਨ ਦੀਆਂ ਉਚਾਈਆਂ ਤੋਂ ਹੇਠਾਂ ਜ਼ਮੀਨ ਤੇ ਮੂਧੇ ਮੂੰਹ ਆ ਗਏ। ਜਿਸ ਕਾਰਨ ਉਹਨਾਂ ਨੂੰ ਪਾਰਟੀ ਛੱਡਣੀ ਪਈ ਜਿਸ ਦੀ ਸਫਲਤਾ ਲਈ ਉਹਨਾਂ ਨੇ ਦਿਨ ਰਾਤ ਇਕ ਕਰਕੇ ਕੰਮ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਮੁਸ਼ਕਲਾਂ ਨਾਲ ਭਰ ਗਿਆ। ਜਿਥੇ ਉਸਤੋਂ ਪਹਿਲਾਂ ਲੰਗਾਹ ਸਮੇਤ ਉਨ੍ਹਾਂ ਦੇ ਹਰ ਪਰਿਵਾਰਿਕ ਮੈਂਬਰ ਨੂੰ ਸਲਾਮਾ ਹੁੰਦੀਆਂ ਸਨ ਉਥੇ ਲੋਕ ਮੂੰਹ ਲਗਾਉਣ ਤੋਂ ਵੀ ਹਟ ਗਏ। ਉਨ੍ਹਾਂ ਮੁਸ਼ਕਲਾਂ ਵਿੱਚੋਂ ਨਿਕਲਣ ਲਈ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕਈ ਵਾਰ ਆਪਣੀ ਗਲਤੀ ਦੀ ਭੁੱਲ ਬਖਸ਼ਾਉਮ ਲਈ ਬੇਨਤੀਆਂ ਕੀਤੀਆਂ ਪਰ ਉਹ ਜਥੇਦਾਰ ਸਾਹਿਬ ਵਲੋਂ ਮਨਜੂਰ ਨਹੀਂ ਕੀਤੀਆਂ ਗਈਆਂ। ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੁੱਚਾ ਸਿੰਘ ਲੰਗਾਹ ਦੀ ਬੇਨਤੀ ਨੂੰ ਪ੍ਰਵਨਾਨ ਕਰਦੇ ਹੋਏ ਉਨ੍ਹਾਂ ਨੂੰ ਧਾਰਮਿਕ ਸਜਾ ਲਗਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਜੀਵਨ ਆਮ ਵਾਂਗ ਹੋ ਜਾਵੇਗਾ ਅਤੇ ਉਹ ਸਿਆਸੀ ਅਤੇ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈ ਸਕਣਗੇ। ਝੁਕ ਕੇ ਅਪਣੀ ਗਲਤੀ ਨੂੰ ਸਵਿਕਾਰ ਕਰਕੇ ਭੁੱਲ ਬਖਸ਼ਾਉਣ ਦੀ ਬੇਨਤੀ ਕਰਨ ਵਾਲੇ ਨੂੰ ਮਾਫ ਕਰ ਦੇਣਾ ਸਿੱਖ ਧਰਮ ਦਾ ਇਤਿਹਾਸ ਹੈ ਜੋ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਹੁਣ ਇਥੇ ਬੜੀ ਦਿਲਚਸਪ ਗੱਲ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਰਵਾਜੇ ਰਾਹੀਂ ਡੇਰਾ ਮੁਖੀ ਰਾਮ ਰਹੀਮ ਨੂੰ ਬਿਨ੍ਹਾਂ ਮਾਫੀ ਮੰਗੇ ਮਾਫ ਕਰਨ ਵਿਚ ਭੂਮਿਕਾ ਨਿਭਾਉਣ ਵਾਲੀ ਪਾਰਟੀ ਦੇ ਆਗੂ ਸੁੱਚਾ ਸਿੰਘ ਲੰਗਾਹ ਨੂੰ ਮਾਫ ਕਰ ਦੇਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਕਟਿਹਰੇ ਵਿਚ ਖੜਾ ਕਰਨ ਲੱਗੇ ਹਨ। ਹਾਲਾਂਕਿ ਜਦੋਂ ਸੁੱਚਾ ਸਿੰਘ ਲੰਗਾਹ ਨੇ ਇਹ ਬੱਜਰ ਗਲਤੀ ਕੀਤੀ ਸੀ ਤਾਂ ਉਹ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਅਤੇ ਅਹਿਮ ਅਹੁਦਿਆਂ ਤੇ ਬਿਰਾਜਮਾਨ ਸਨ। ਹੁਣ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਦੇ ਦਿੱਤੀ ਹੈ ਤਾਂ ਉਸ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਸਦੇ ਉਹ ਸ਼ੁਰੂ ਤੋਂ ਹੀ ਵਫ਼ਾਦਾਰ ਸਿਪਾਹੀ ਰਿਹਾ ਹੈ, ਉਸ ਦਾ ਵਿਰੋਧ ਕਰ ਰਿਹਾ ਹੈ। ਸੁੱਚਾ ਸਿੰਘ ਲੰਗਾਹ ਨੂੰ ਮਾਫੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਵਿਰਸਾ ਸਿੰਘ ਵਲਟੋਹਾ ਵਲੋਂ ਕਟਹਿਰੇ ਵਿੱਚ ਖੜ੍ਹਾ ਕਰਦੇ ਕਿਹਾ ਗਿਆ ਕਿ ਲੰਗਾਹ ਨੂੰ ਮਾਫੀ ਦੇਣ ਤੋਂ ਬਾਅਦ ਉਸਨੂੰ ਰਾਜਨੀਤੀ ਅਤੇ ਧਰਮਿਕ ਕੰਮਾਂ ਵਿਚ ਵੀ ਭਾਗ ਲੈਣ ਦੀ ਇਜ਼ਾਜਤ ਦਿਤੀ ਗਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਿਚ ਲੱਗੀਆਂ ਸ਼ਕਤੀਆਂ ਦੇ ਇਸ਼ਾਰੇ ਤੇ ਕੀਤੀ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਇਸ ਸਮੇਂ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਆਪ, ਕਾਂਗਰਸ ਅਤੇ ਭਾਜਪਾ ਹਨ। ਕੀ ਸ਼੍ਰੋਮਣੀ ਅਕਾਲੀ ਦਲ ਇਹ ਮੰਨਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪ, ਕਾਂਗਰਸ ਅਤੇ ਭਾਜਪਾ ਦੇ ਇਸ਼ਾਰਿਆਂ ਤੇ ਚੱਲਦੇ ਹਨ। ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਬਾਦਲਾਂ ਵਲੋਂ ਹੀ ਤੈਅ ਕੀਤੇ ਗਏ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਰਹੀ ਹੈ। ਇਥੋਂ ਤੱਕ ਕਿ ਹੁਣ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਬਾਦਲਾਂ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਹਨ। ਜਦੋਂ ਕਿਸੇ ਵੀ ਜਥੇਦਾਰ ਦਾ ਫੈਸਲਾ ਬਾਦਲਾਂ ਨੂੰ ਪਸੰਦ ਨਹੀਂ ਆਇਆ ਤਾਂ ਉਸ ਜਥਏਦਾਰ ਨੂੰ ਲਾਂਭੇ ਕਰ ਦਿਤਾ ਗਿਆ ਅਤੇ ਉਨ੍ਹਾਂ ਦੀ ਥਾਂ ਨਵਾਂ ਜਥਏਦਾਰ ਨਿਯੁਕਤ ਕਰ ਦਿਤਾ ਜਾਂਦਾ ਰਿਹਾ ਹੈ। ਇਥੇ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਿਨਾਂ ਮੁਆਫ਼ੀ ਮੰਗੇ ਹੀ ਮਾਫ ਕਰਨ ਦਾ ਹੁਕਮਨਮਾਂ ਜਾਰੀ ਕਰ ਦਿਤਾ ਗਿਆ ਸੀ ਤਾਂ ਉਸਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਗਿਆ ਅਤੇ ਇਹ ਗੱਲ ਵੀ ਚਰਚਾ ਵਿੱਚ ਰਹੀ ਕਿ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ ਕਰਵਾਉਣ ਦੀ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਪਿੱਛੇ ਵੀ ਅਕਾਲੀ ਲੀਡਰਸ਼ਿਪ ਦਾ ਹੀ ਵੱਡਾ ਰੋਲ ਸੀ। ਉੁਸ ਸਮੇਂ ਵਿਰਸਾ ਸਿੰਘ ਵਲਟੋਹਾ ਵਰਗੇ ਲੀਡਰਾਂ ਨੇ ਆਵਾਜ਼ ਬੁਲੰਦ ਨਹੀਂ ਕੀਤੀ। ਉਸ ਸਮੇਂ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਅਕਾਲੀ ਲੀਡਰਸ਼ਿਪ ਬਿਲਕੁਲ ਖਾਮੋਸ਼ ਰਹੀ। ਰਾਮ ਰਹੀਮ ਨੂੰ ਬਿਨ੍ਹਾਂ ਮਾਫੀ ਮੰਗੇ ਮਾਫ ਕਰਨ ਦੀ ਕਾਰਵਾਈ ਦਾ ਜਦੋਂ ਸਮੁੱਚੇ ਪੰਜਾਬ ਅਤੇ ਦੇਸ਼ ਵਿਦੇਸ਼ ਵਿਚੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਤਾਂ ਉੁਸ ਦੇ ਮੁਆਫੀਨਾਮੇ ਦਾ ਫੈਸਲਾ ਰੱਦ ਕਰਨਾ ਪਿਆ ਸੀ। ਸੁੱਚਾ ਸਿੰਘ ਲੰਗਾਹ ਵਲੋਂ ਕੀਤੀ ਗਈ ਇਕ ਇੱਕ ਗਲਤੀ ਨੇ ਉਸਦੀ ਅਤੇ ਉਸਦ ਪਰਿਵਾਰ ਦੀ ਸਾਰੀ ਜਿੰਦਗੀ ਬਰਬਾਦ ਕਰ ਦਿੱਤੀ। ਹੁਣ ਜੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਗੁਰੂ ਸਾਹਿਬ ਦਾ ਹੁਕਮ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਨ੍ਹਾਂ ਅਨੁਸਾਰ ਜੇਕਰ ਉਸਨੂੰ ਮੁਆਫ਼ ਕਰ ਦਿੱਤਾ ਜਾਂਦਾ ਹੈ ਤਾਂ ਇਸ ’ਤੇ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਇੱਥੇ ਮੈਂ ਇਕ ਗੱਲ ਸਪਸ਼ੱਟ ਕਰ ਦਿਆਂ ਕਿ ਮੈਨੂੰ ਸੱੁਚਾ ਸਿੰਘ ਲੰਗਾਹ ਵਰਗੇ ਵਿਅਕਤੀ ਨਾਲ ਕੋਈ ਹਮਦਰਦੀ ਨਹੀਂ ਹੈ, ਸਗੋਂ ਇਹ ਸਿਧਾਂਤਾਂ ਦੀ ਗੱਲ ਹੈ। ਇਸ ਮੁਆਫ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਨਿੱਜੀ ਫੈਸਲਾ ਅਤੇ ਉਨ੍ਹਾਂ ਦਾ ਅਧਿਕਾਰ ਹੋਵੇਗਾ ਕਿ ਉਹ ਉਸਨੂੰ ਮੁੜ ਤੋਂ ਆਪਣੀ ਪਾਰਟੀ ਵਿਚ ਸ਼ਾਮਲ ਕਰਦੀ ਹੈ ਜਾਂ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਫੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਉਂਗਲ ਨਹੀਂ ਉਠਾਉਣੀ ਚਾਹੀਦੀ। ਜੇਕਰ ਖਥੁਦ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿੰਤੂ ਪ੍ਰੰਤੂ ਕਰਨਗੇ ਤਾਂ ਬਾਕੀ ਕੌਮ ਨੂੰ ਤੁਸੀਂ ਕੀ ਸੰਦੇਸ਼ ਦੇ ਸਕਦੇ ਹੋ।
ਹਰਵਿੰਦਰ ਸਿੰਘ ਸੱਗੂ ।