ਜਗਰਾਉਂ, 28 ਨਵੰਬਰ ( ਵਿਕਾਸ ਮਠਾੜੂ, ਧਰਮਿੰਦਰ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਪੂਰੇ ਦੇਸ਼ ਵਾਸੀਆਂ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਮੌਜੂਦਾ ਸਮੇਂ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਇੱਕਜੁਟ ਹੋ ਕੇ ਆਵਾਜ਼ ਉਠਾਈ ਜਾਵੇ। ਉਨ੍ਹਾਂ ਆਖਿਆ ਕਿ ਕਿਸੇ ਦੂਸਰੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇਣ ਵਾਲੇ ਨੌਵੇਂ ਪਾਤਸ਼ਾਹ ਦਾ ਜੀਵਨ ਮਾਨਵਤਾ ਲਈ ਅਗਵਾਈ ਦੇਣ ਵਾਲਾ ਹੈ, ਜਿਸ ਨੂੰ ਪੂਰੇ ਦੇਸ਼ ਅੰਦਰ ਹਰ ਐਜੂਕੇਸ਼ਨ ਬੋਰਡ ਵੱਲੋਂ ਸਕੂਲੀ ਸਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਭਾਈ ਗੁਰਚਰਨ ਸਿੰਘ ਗਰੇਵਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਬ੍ਰਾਹਮਣ ਸਭਾ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਸਿੱਖ ਕੌਮ ਹਮੇਸ਼ਾਂ ਹੀ ਮਾਨਵਤਾ ਖਾਤਰ ਆਪਣਾ ਆਪਾ ਕੁਰਬਾਨ ਕਰਦੀ ਆਈ ਹੈ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਆਪਣੀ ਮਾਨਵਤਾ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਸਥਿਤ ਹਵਾਈ ਅੱਡੇ ਦਾ ਨਾਂ ਇੰਦਰਾ ਗਾਂਧੀ ਦੀ ਥਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ’ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਹਿੰਦ ਦੀ ਹੀ ਨਹੀਂ, ਬਲਕਿ ਪੂਰੀ ਸ੍ਰਿਸ਼ਟੀ ਦੀ ਚਾਂਦਰ ਹਨ ਅਤੇ ਸਰਕਾਰ ਦਾ ਫ਼ਰਜ਼ ਹੈ ਕਿ ਉਨ੍ਹਾਂ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਇਹ ਪਹਿਲਕਦਮੀ ਕਰੇ। ਇੱਥੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਦੇਸ਼ ਆਜ਼ਾਦ ਹਸਤੀ ਹੋ ਕੇ ਦੁਨੀਆਂ ’ਚ ਵਿਚਰ ਰਿਹਾ ਹੈ, ਇਹ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੀ ਬਦੌਲਤ ਹੈ। ਇਸ ਦੇ ਨਾਲ ਉਨ੍ਹਾਂ ਮੰਗ ਕੀਤੀ ਕਿ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵੀ ਭਾਰਤ ਸਰਕਾਰ ਨੂ ਐਲਾਨ ਕਰਨਾ ਚਾਹੀਦਾ ਹੈ। ਭਾਈ ਗਰੇਵਾਲ ਨੇ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਦੁਆਇਆ ਕਿ ਜਿਵੇਂ ਅੱਜ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਹੈ, ਉਥੇ ਤਰ੍ਹਾਂ ਸਮੁੱਚੇ ਦੇਸ਼ ਅਤੇ ਸਰਕਾਰਾਂ ਨੂੰ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਬਣਦਾ ਹੈ।