ਮਹਿਲ ਕਲਾਂ(ਧਰਮਿੰਦਰ )ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਡਾਕਟਰਾਂ ਤੇ ਸਟਾਫ਼ ਦੀ ਘਾਟ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹਸਪਤਾਲ ਅੰਦਰ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਹਰਜੀਤ ਸਿੰਘ ਖਿਆਲ਼ੀ, ਭਾਕਿਯੂ (ਉਗਰਾਹਾਂ) ਦੇ ਆਗੂ ਅਜਮੇਰ ਸਿੰਘ ਭੱਠਲ, ਸੁਖਵਿੰਦਰ ਸਿੰਘ ਕਾਲਾ, ਸਤਨਾਮ ਸਿੰਘ ਖਾਲਸਾ ਤੇ ਮੰਗਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਅੰਦਰ ਸਪੈਸ਼ਲਿਸਟ ਡਾਕਟਰਾਂ, ਸਟਾਫ ਤੇ ਦਵਾਈਆਂ ਦੀ ਵੱਡੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਜ਼ਿਆਦਾਤਰ ਹੋਰਨਾਂ ਹਸਪਤਾਲਾਂ ਵਿਚ ਰੈਫਰ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਅੰਦਰ ਤਕਰੀਬਨ 30-35 ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੇ ਦਵਾਈਆਂ ਲਈ ਆਉਂਦੇ ਹਨ, ਪਰ ਹਸਪਤਾਲ ਅੰਦਰ ਸਟਾਫ਼ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਨਿਰਾਸ ਹੋ ਕੇ ਪ੍ਰਰਾਈਵੇਟ ਹਸਪਤਾਲਾਂ ‘ਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੁੱਢਲੇ ਕੇਂਦਰ ਮਹਿਲ ਕਲਾਂ ਵਿਖੇ ਸਪੈਸ਼ਲਿਸਟ ਡਾਕਟਰਾਂ ਅਤੇ ਹੋਰ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਪੂਰਾ ਕਰਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਨੌਜੁਆਨ ਬਲਕਾਰ ਸਿੰਘ ਤੇ ਮਾਤਾ ਹਰਜਿੰਦਰ ਕੌਰ ਨੇ ਕਿਹਾ ਕਿ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ। ਪਹਿਲਾਂ ਚੱਲ ਰਹੇ ਹਸਪਤਾਲਾਂ ਅੰਦਰ ਕੰਮ ਕਰ ਰਹੇ ਡਾਕਟਰਾ ਦੀਆਂ ਡਿਊਟੀਆਂ ਮੁਹੱਲਾ ਕਲੀਨਿਕ ਵਿਚ ਲਗਾ ਕੇ ਹਸਪਤਾਲਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀਆਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਰਾਹੀਂ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਦੇ ਨਾਮ ਉਪਰ ਆਪਣਾ ਇਕ ਮੰਗ ਪੱਤਰ ਡਾਕਟਰ ਗਗਨਦੀਪ ਕੌਰ ਨੂੰ ਸੌਂਪਿਆ ਗਿਆ। ਮੰਗ ਪੱਤਰ ਦੇਣ ਉਪਰੰਤ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ । ਇਸ ਮੌਕੇ ਜਗਰੂਪ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਜਸ਼ਨਦੀਪ ਸਿੰਘ, ਗੁਰਪ੍ਰਰੀਤ ਗਰੇਵਾਲ , ਹਰਜੋਤ ਸਿੰਘ, ਅਵਤਾਰ ਸਿੰਘ, ਪ੍ਰਮਿੰਦਰ ਸਿੰਘ, ਕਰਮਜੀਤ ਸਿੰਘ, ਹੁਸਨਦੀਪ ਸਿੰਘ,ਮਲਕੀਤ ਸਿੰਘ ਹਾਜ਼ਰ ਸਨ।