19 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਦੀ ਮੰਗ
ਜਗਰਾਉਂ 9 ਅਕਤੂਬਰ ( ਰੋਹਿਤ ਗੋਇਲ, ਸੰਜੀਵ ਗੋਇਲ )-ਪਰਿਵਾਰ ਤੇ ਪੁਲਿਸ ਤਸ਼ੱਦਦ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਵਤ ਪਰਿਵਾਰ ਲਈ ਮੁਆਵਜਾ ਤੇ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਥਾਣਾ ਸਿਟੀ ਜਗਰਾਓਂ ਅੱਗੇ ਤਰੀਬ ਡੇਢ ਸਾਲ ਪੱਕਾ ਮੋਰਚਾ ਲਗਾਈ ਬੈਠੀਆ ਧਰਨਾਕਾਰੀ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਾਧੂ ਸਿੰਘ ਅੱਚਰਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਬਲਜੀਤ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਜਗਰਾਉਂ, ਸੀਟੂ ਦੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਜਮਹੂਰੀ ਲੋਕ ਪਹਿਲਾਂ ਬੱਸ ਅੱਡੇ ਵਿੱਚ ਇਕੱਤਰ ਹੋਏ, ਫਿਰ ਐਸ.ਐਸ.ਪੀ. ਦਫ਼ਤਰ ਵੱਲ ਰੋਸ-ਮੁਜ਼ਾਹਰਾ ਕਰਦੇ ਹੋਏ ਘਿਰਾਓ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਡੇਢ ਸਾਲ ਤੋਂ ਮੋਰਚਾ ਲਗਾਈ ਬੈਠੇ ਪਰਿਵਾਰ ਨੂੰ ਨਿਆਂ ਨਾਂ ਦੇਣਾ ਪ੍ਰਸਾਸ਼ਨ ਦੀ ਵੱਡੀ ਨਿਲਾਇਕੀ ਹੈ। ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਭਾਵੇਂ ਮ੍ਰਿਤਕ ਕੁਲਵੰਤ ਕੌਰ ਸਬੰਧੀ ਇੱਕ ਪੀੜ੍ਹਤ ਪਰਿਵਾਰ ਨੂੰ ਅੰਸ਼ਕ ਮੁਆਵਜ਼ਾ ਦੇ ਦਿੱਤਾ ਹੈ ਪਰ ਵੱਖ ਵੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਕੌਮੀ ਕਮਿਸ਼ਨ ਦੇ ਹੁਕਮਾਂ ਅਨੁਸਾਰ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ, ਦੋਵੇਂ ਪੀੜ੍ਹਤ ਪਰਿਵਾਰ ਦੇ ਸਾਰੇ ਪੀੜ੍ਹਤਾਂ ਨੂੰ ਮੁਆਵਜ਼ਾ ਮਿਲੇ। ਇੱਕ ਜੀਅ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦਿੱਤੀ ਜਾਵੇ, ਦੋਵੇਂ ਪੀੜ੍ਹਤ ਪਰਿਵਾਰਾਂ ਦੇ ਆਰਥਿਕ ਨੁਕਸਾਨ ਸਬੰਧੀ ਸਰਵੇ ਕੀਤਾ ਜਾਵੇ ਆਦਿ ਮੰਗਾਂ ਤੋਂ ਬਿਨਾਂ ਦਲਿਤ ਮਹਿਲਾਵਾਂ ’ਤੇ ਅੱਤਿਆਚਾਰਾਂ ਸਬੰਧੀ ਝੂਠੀਆਂ ਰਿਪੋਰਟਾਂ ਭੇਜਣ ਵਾਲੇ ਅਧਿਕਾਰੀਆਂ ਖਿਲਾਫ ਐਸ.ਸੀ./ਐਸ.ਟੀ ਐਕਟ 1989 ਦੀ ਧਾਰਾ 4 ਅਤੇ ਧਾਰਾ 166/ਏ ਅਧੀਨ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਐਸ.ਐਸ.ਪੀ. ਦਫ਼ਤਰ ਅੱਗੇ ਪੀੜ੍ਹਤਾ ਮਨਪ੍ਰੀਤ ਕੌਰ ਨੇ ਵੀ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਨੂੰ ਰੱਜ਼ ਕੇ ਕੋਸਿਆ। ਅੱਜ ਦੇ ਰੋਸ ਮੁਜ਼ਾਹਰੇ ਵਿੱਚ ਜਮਹੂਰੀ ਜੱਥਬੰਦੀਆਂ ਦੇ ਸੈਂਕੜੇ ਸਰਗਰਮ ਵਰਕਰਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਕੁਲਵੰਤ ਕੌਰ ਭੰਮੀਪੁਰਾ, ਦਰਸ਼ਨ ਸਿੰਘ ਧਾਲੀਵਾਲ, ਮੌਂਟੀ, ਬਲਵਿੰਦਰ ਫੌਜੀ, ਅਵਤਾਰ ਸਿੰਘ ਠੇਕੇਦਾਰ, ਸਾਧੂ ਸਿੰਘ ਅੱਚਰਵਾਲ, ਮਹਿੰਦਰ ਸਿੰਘ ਬੀਏ ਆਦਿ ਹਾਜ਼ਰ ਸਨ।