ਜਗਰਾਉਂ , 9 ਅਕਤੂਬਰ ( ਭਗਵਾਨ ਭੰਗੂ, ਜਗਰੂਪ ਸੋਹੀ, ਲਿਕੇਸ਼ ਸ਼ਰਮਾਂ )-ਐਤਵਾਰ ਰਾਤ ਕਰੀਬ 12.30 ਵਜੇ ਲੁਧਿਆਣਾ ਸਾਈਡ ਨੈਸ਼ਨਲ ਹਾਈਵੇਅ ਪੁਲ ਤੋਂ ਅਚਾਨਕ ਗੱਡੀ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ। ਜਿਸ ’ਚ ਸਵਾਰ ਪੰਜ ਨੌਜਵਾਨਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਚਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪਹਿਲਾਂ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਇਨ੍ਹਾਂ ਵਿੱਚੋਂ ਤਿੰਨ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਅਤੇ ਇੱਕ ਦਾ ਜਗਰਾਉਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਈ-20 ਗੱਡੀ ’ਚ ਸਵਾਰ ਅੰਕਿਤ ਲੂਥਰਾ ਪੁੱਤਰ ਸ਼ਿਵ ਕੁਮਾਰ ਵਾਸੀ ਗੋਵਿੰਦ ਕਾਲੋਨੀ ਗਲੀ ਨੰਬਰ 3 ਜਗਰਾਓਂ (30 ਸਾਲ) ਜੋ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ਅਤੇ ਗੱਡੀ ਨੂੰ ਬਾਂਸਲ ਪੁੱਤਰ ਅਨੁਰਾਗ ਬਾਂਸਲ, ਵਾਸੀ ਹੀਰਾ ਬਾਗ, ਗਲੀ ਨੰਬਰ 1, ਜਗਰਾਉਂ ਚਲਾ ਰਿਹਾ ਸੀ। ਕਾਰ ਦੇ ਪਿੱਛੇ ਰਿੰਕਲ ਅਰੋੜਾ ਪੁੱਤਰ ਮੰਨੂ ਅਰੋੜਾ, ਪੰਕਜ ਬਾਂਸਲ ਪੁੱਤਰ ਨਵਦੀਪ ਬਾਂਸਲ ਵਾਸੀ ਹੀਰਾ ਬਾਗ ਗਲੀ ਨੰਬਰ 1 ਅਤੇ ਹਰਸ਼ ਅਰੋੜਾ ਪੁੱਤਰ ਅਸ਼ੋਕ ਕੁਮਾਰ ਵਾਸੀ ਆਤਮਨਗਰ ਜਗਰਾਓਂ ਸਵਾਰ ਸਨ। ਉਨ੍ਹਾਂ ਕਿਹਾ ਕਿ ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਰਫ਼ਤਾਰ ਅਤੇ ਡਰਾਈਵਰ ਦੀ ਅੱਖ ਲੱਗ ਗਈ ਹੋ ਸਕਦਾ ਹੈ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪੁਲ ਦਾ ਬੇਅਰਿੰਗ ਤੋੜ ਕੇ ਹੇਠਾਂ ਡਿੱਗ ਕੇ ਪਲਟ ਗਈ। ਇਹ ਸਾਰੇ ਮੁਲਾਂਪੁਰ ਦੇ ਮੈਰੀ ਵਿਲਾ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਜਗਰਾਓਂ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਡਰਾਈਵਰ ਦੇ ਨਾਲ ਬੈਠੇ ਅੰਕਿਤ ਲੂਥਰਾ ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ ਵਿੱਚੋਂ ਤਿੰਨ ਰਿੰਕਲ ਅਰੋੜਾ, ਜਤਿਨ ਬਾਂਸਲ ਅਤੇ ਪੰਕਜ ਬਾਂਸਲ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ ਹਰਸ਼ ਅਰੋੜਾ ਜਗਰਾਉਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ।