ਅੰਮ੍ਰਿਤਸਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਫਖ਼ਰ ਏ ਕੌਮ ਐਵਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੇਣ ਬਾਰੇ ਫੈਸਲਾ ਲੈਣ।ਕਾਲਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਦਿੱਲੀ ਵਿਚ ਜਥੇਦਾਰ ਕਾਉਂਕੇ ਬਾਰੇ ਅਸੀਂ ਇਕ ਸਮਾਗਮ ਕੀਤਾ ਸੀ ਜਿਥੇ ਵੱਡੇ ਪੰਥਕ ਫੈਸਲੇ ਲਏ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੀ ਰਿਪੋਰਟ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਰੱਖੀ ਗਈ ਹੈ ਜਿਸ ਵਿਚ ਪੂਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਥੇਦਾਰ ਕਾਉਂਕੇ ਨੇ ਤਸ਼ੱਦਦ ਤੇ ਤਸੀਹੇ ਝੱਲੇ ਤੇ ਕੌਮ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਉਸ ਦਾ ਨੋਟਿਸ ਲੈਂਦਿਆਂ ਕੌਮ ਦੇ ਇੰਨੇ ਵੱਡੇ ਆਗੂ ਜਥੇਦਾਰ ਕਾਉਂਕੇ ਨੂੰ ਫਖ਼ਰ ਏ ਕੌਮ ਦਾ ਐਵਾਰਡ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ 10 ਫਰਵਰੀ ਨੂੰ ਜਲੰਧਰ ਵਿਚ ਵੱਡਾ ਪੰਥਕ ਇਕੱਠ ਰੱਖਿਆ ਗਿਆ ਹੈ ਜਿਸ ਵਿਚ ਵੱਖ-ਵੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ ਅਤੇ ਪੰਥ ਦੇ ਹਿੱਤਾਂ ’ਤੇ ਚਰਚਾ ਕਰਦਿਆਂ ਉਸ ਬਾਰੇ ਲੋੜੀਂਦੇ ਫੈਸਲੇ ਲਏ ਜਾਣਗੇ ਤੇ ਅਮਲ ਵਿਚ ਲਿਆਂਦੇ ਜਾਣਗੇ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਭੁਪਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਲੱਕੀ ਤੇ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਵੀ ਹਾਜ਼ਰ ਸਨ।