ਬੀਡੀਪੀਓ ਦਫ਼ਤਰ ਪਹੁੰਚੇ ਮਜ਼ਦੂਰ, ਕਮਾਲਪੁਰਾ ਵਿਚ ਵੀ ਮਨਰੇਗਾ ਮਜ਼ਦੂਰਾਂ ਦੀ ਸ਼ਿਕਾਇਤ
ਜਗਰਾਉਂ, 12 ਜੂਨ ( ਜਗਰੂਪ ਸੋਹੀ, ਅਸ਼ਵਨੀ )-ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਤਹਿਤ ਮਨਰੇਗਾ ਮਜ਼ਦੂਰਾਂ ਰਾਹੀਂ ਪਿੰਡਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਸਰਕਾਰੀ ਰੇਟ ਅਨੁਸਾਰ ਦਿਹਾੜੀ ਦਿੱਤੀ ਜਾਂਦੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਕਿ ਪਿੰਡ ਪੱਧਰ ’ਤੇ ਸਰਪੰਚ ਅਤੇ ਅਧਿਕਾਰੀਆਂ ਵੱਲੋਂ ਮਿਲ ਕੇ ਮਨਰੇਗਾ ਮਜ਼ਦੂਰਾਂ ਦੀ ਜੋ ਸੂਚੀ ਤਿਆਰ ਕੀਤੀ ਜਾਂਦੀ ਹੈ, ਉਸ ਵਿੱਚ ਜ਼ਿਆਦਾਤਰ ਫਰਜ਼ੀ ਨਾਂ ਵੀ ਸ਼ਾਮਲ ਹੋਣ ਦੀ ਚਰਚਾ ਅਕਸਰ ਲਹੀ ਹੁੰਦੀ ਹੈ। ਜਿਨ੍ਹਾਂ ਦੀ ਦਿਹਾੜੀ ਦੇ ਪੈਸੇ ਮਿਲੀਭੁਗਤ ਨਾਲ ਆਪਸ ਵਿੱਚ ਵੰਡੇ ਜਾਂਦੇ ਹਨ। ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਉਣ ’ਤੇ ਮੌਜੂਦਾ ਸਰਕਾਰ ਨੇ ਕਈ ਪੰਚਾਇਤਾਂ ’ਤੇ ਕਾਰਵਾਈ ਵੀ ਕੀਤੀ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਰੁਕਿਆ ਨਹੀਂ। ਸੋਮਵਾਰ ਸਵੇਰੇ ਪਿੰਡ ਅਮਰਗੜ੍ਹ ਕਲੇਰ ਦੀਆਂ ਮਨਰੇਗਾ ਮਹਿਲਾ ਮਜ਼ਦੂਰ ਵੱਡੀ ਗਿਣਤੀ ਵਿਚ ਬੀ ਡੀ ਪੀ ਓ ਦੇ ਦਫਤਰ ਪਹੁੰਚੀਆਂ ਅਤੇ ਉਨ੍ਹਾਂ ’ਤੇ ਕੰਮ ਕਰਵਾ ਕੇ ਮਜ਼ਦੂਰੀ ਨਾ ਦੇਣ ਦਾ ਦੋਸ਼ ਲਗਾਇਆ। ਇਸ ਮੌਕੇ ਪਰਮਜੀਤ ਕੌਰ, ਕਮਲਜੀਤ ਕੌਰ, ਸੰਦੀਪ ਕੌਰ, ਸੁਰਜੀਤ ਕੌਰ, ਅਜਮੇਰ ਕੌਰ, ਜਸਵਿੰਦਰ ਕੌਰ, ਸੁਖਦੀਪ ਕੌਰ, ਨਰਿੰਦਰ ਕੌਰ, ਰਾਣੀ, ਕੁਲਵੰਤ ਕੌਰ, ਕਰਨੈਲ ਕੌਰ, ਗੁਰਮੇਲ ਕੌਰ, ਜਸਵਿੰਦਰ ਕੌਰ, ਬੰਸ ਕੌਰ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਪਿੰਡ ਵਿੱਚ ਮਨਰੇਗਾ ਤਹਿਤ ਕੰਮ ਕਰ ਰਹੇ ਹਨ। ਮੇਟ ਜੱਸੂ ਉਨ੍ਹਾਂ ਦੀ ਹਾਜ਼ਰੀ ਲਗਾਉਂਦੀ ਹੈ। ਪਰ ਉਨ੍ਹਾਂ ਦੇ ਮਨਰੇਗਾ ਜੌਬ ਕਾਰਡ ਨਾ ਤਾਂ ਰੀਨਿਊ ਕੀਤੇ ਗਏ ਹਨ ਅਤੇ ਨਾ ਹੀ ਨਵੇਂ ਬਣਾਏ ਗਏ ਹਨ। ਸਾਡੇ ਤੋਂ ਰੋਜ਼ਾਨਾ ਕੰਮ ਲਿਆ ਜਾਂਦਾ ਹੈ ਪਰ ਪੈਸੇ ਨਹੀਂ ਦਿੱਤੇ ਜਾਂਦੇ। ਉਹ ਪਿਛਲੇ 1 ਮਹੀਨੇ ਤੋਂ ਲਗਾਤਾਰ ਕੰਮ ਕਰ ਰਹੀਆਂ ਹਨ ਪਰ ਉਸ ਨੂੰ ਸਿਰਫ਼ 300 ਤੋਂ 400 ਰੁਪਏ ਹੀ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਪਾਸੋਂ ਨਾਨਕਸਰ ਵਿਖੇ ਕੰਮ ਕਰਵਾਇਆ ਗਿਆ। ਉਨ੍ਹਾਂ 15 ਦਿਨਾਂ ਦੇ ਕੰਮ ਦੀ ਅਦਾਇਗੀ ਵੀ ਨਹੀਂ ਕੀਤੀ ਗਈ। ਪਹਿਲਾਂ ਤਾਂ ਮੇਟ ਕਹਿ ਰਹੀ ਸੀ ਕਿ ਜਲਦੀ ਤੁਹਾਡੇ ਪੈਸੇ ਆ ਜਾਣਗੇ ਪਰ ਹੁਣ ਉਹ ਕਹਿਣ ਲੱਗੀ ਹੈ ਕਿ ਉਹ ਪੈਸੇ ਨਹੀਂ ਆਉਣਗੇ, ਭੁੱਲ ਜਾਓ। ਪਿੰਡ ਵਿੱਚ ਕੰਮ, ਅੱਗੇ ਦੇਖਿਆ ਜਾਵੇਗਾ। ਇਨ੍ਹਾਂ ਸਾਰੇ ਮਨਰੇਗਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵੱਡੀ ਹੇਰਾਫੇਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਦਿਹਾੜੀ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਕੰਮ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਬੀਡੀਪੀਓ ਦਫ਼ਤਰ ਵਿੱਚ ਮੌਜੂਦ ਅਧਿਕਾਰੀ ਨੇ ਕਿਹਾ ਕਿ ਜੇਕਰ ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਕਰਵਾ ਕੇ ਕਾਰਵਾਈ ਕਰਨਗੇ।
ਕੀ ਕਹਿਣਾ ਹੈ ਬੀਡੀਪੀਓ ਦਾ- ਇਸ ਸਬੰਧੀ ਜਦੋਂ ਬੀਡੀਪੀਓ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਕਿਸੇ ਤਰ੍ਹਾਂ ਦੀ ਧਾਂਦਲੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਹੁਣ ਇਨ੍ਹਾਂ ਮਜ਼ਦੂਰਾਂ ਦੀ ਆਨਲਾਈਨ ਹਾਜ਼ਰੀ ਦਿਨ ਵਿੱਚ ਤਿੰਨ ਵਾਰ ਲਗਾਈ ਜਾਂਦੀ ਹੈ। ਸਾਰੇ ਮਜਦੂਰਾਂ ਦੀ ਹਾਜ਼ਰੀ ਲਈ 7 ਦਿਨਾਂ ਦਾ ਮਾਸਟਰੋਲ ਤਿਆਰ ਕੀਤਾ ਜਾਂਦਾ ਹੈ। ਜਿਸ ਮਜ਼ਦੂਰ ਦੀ ਹਾਜ਼ਰੀ ਲੱਗ ਜਾਂਦੀ ਹੈ, ਉਸ ਕੋਲ ਪੈਸੇ ਆਪਣੇ ਆਪ ਆ ਜਾਂਦੇ ਹਨ। ਜਿਸਦੀ ਹਾਜਰੀ ਨਹੀਂ ਲੱਗੀ ਉਸਨੂੰ ਪੈਸੇ ਨਹੀਂ ਆਉਣਗੇ। ਇਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਪਿੰਡ ਅਮਰਗੜ੍ਹ ਕਲੇਰ ਦੇ ਮਨਰੇਗਾ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ।
ਪਿੰਡ ਕਮਾਲਪੁਰਾ ਵਿੱਚ ਵੀ ਮਨਰੇਗਾ ਮਜ਼ਦੂਰਾਂ ਵਿੱਚ ਰੋਸ -ਜਿਸ ਤਰ੍ਹਾਂ ਪਿੰਡ ਅਮਰਗੜ੍ਹ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਕਰਵਾ ਕੇ ਉਨ੍ਹਾਂ ਨੂੰ ਪੈਸੇ ਨਾ ਦੇਣ ਦੇ ਦੋਸ਼ ਲਾਏ ਗਏ, ਉਸੇ ਤਰ੍ਹਾਂ ਪਿੰਡ ਕਮਾਲਪੁਰਾ ਵਿੱਚ ਵੀ ਜਦੋਂ ਵਿਧਾਇਕ ਸਰਬਜੀਤ ਕੌਰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਪੁੱਜੀ ਤਾਂ ਪਿੰਡ ਦੇ ਮਨਰੇਗਾ ਮਜ਼ਦੂਰਾਂ ਨੇ ਉਨ੍ਹਾਂ ਨੂੰ ਕੰਮ ਕਰਵਾਉਣ ਤੋਂ ਬਾਅਦ ਪੈਸੇ ਨਾ ਦੇਣ ਦੇ ਦੋਸ਼ ਲਾਏ। ਜਿਸ ’ਤੇ ਵਿਧਾਇਕ ਮਾਣੂੰਕੇ ਨੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਜਲਦ ਦਿਵਾਉਣ ਦਾ ਭਰੋਸਾ ਦਿੱਤਾ।