ਗੁਰਦਾਸਪੁਰ, 12 ਜੂਨ (ਭਗਵਾਨ ਭੰਗੂ) – ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੇ ਬੰਦੀਆਂ ਦੀ ਸਿਹਤ ਜਾਂਚ ਲਈ 15 ਜੂਨ ਤੋਂ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ 15 ਜੂਨ ਨੂੰ ਕੇਂਦਰੀ ਜੇਲ੍ਹ ਗੁਰਦਸਪੁਰ ਵਿਖੇ ਇੰਟੈਗਰੇਟਿਡ ਯੌਨ ਰੋਗ, ਐਚ.ਆਈ.ਵੀ, ਟੀ.ਬੀ ਅਤੇ ਵਾਇਰਲ ਹੈਪੇਟਾਈਟਸ ਦੇ ਮਰੀਜਾਂ ਦੀ ਸ਼ਨਾਖ਼ਤ ਕਰਨ ਲਈ ਜੇਲ੍ਹ ਵਿੱਚ ਬੰਦੀਆਂ ਦੀ ਅਜਿਹੇ ਰੋਗਾਂ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਇਹ ਸਕਰੀਨਿੰਗ ਮੁਹਿੰਮ 2 ਜੁਲਾਈ 2023 ਤੱਕ ਚੱਲੇਗੀ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਇਨ੍ਹਾਂ ਬੀਮਾਰੀਆਂ ਸਬੰਧੀ ਕਾਉਂਸਲਿੰਗ, ਸਕਰੀਨਿੰਗ ਕਰਨ ਦਾ ਮੁੱਖ ਉਦੇਸ਼ ਅਜਿਹੇ ਮਰੀਜ਼ਾਂ ਦੀ ਭਾਲ ਕਰਨਾ ਹੈ ਜੋ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹਨ ਤਾਂ ਜੋ ਉਹਨਾਂ ਦੀ ਭਾਲ ਕਰਕੇ ਅਤੇ ਸਮੇਂ ਸਿਰ ਇਲਾਜ ਕਰਵਾ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਬੰਦੀਆਂ ਅਤੇ ਰੈੱਡ ਕਰਾਸ ਦੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਮਰੀਜਾਂ ਦੀ ਬਿਮਾਰੀਆਂ ਦੀ ਸਕਰੀਨਿੰਗ ਲਈ ਲੋੜੀਂਦਾ ਮਾਈਕਰੋਪਲਾਨ ਤਿਆਰ ਕਰ ਲਿਆ ਗਿਆ ਹੈ। ਇਸ ਸਬੰਧੀ ਲੋੜੀਂਦੇ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਦੀ ਡਿਉਟੀ ਸਕਰੀਨਿੰਗ ਲਈ ਲਗਾ ਦਿੱਤੀ ਗਈ ਹੈ, ਜੋਕਿ ਬੈਰਕ ਵਾਈਜ ਇਹਨਾਂ ਕੈਦੀਆਂ ਦੀ ਸਕਰੀਨਿੰਗ ਕਰਨਗੇ।ਇਸ ਤੋਂ ਇਲਾਵਾ ਕਾਉਂਸਲਰ ਬੰਦੀਆਂ ਦੀਆਂ ਬਿਮਾਰੀਆਂ ਬਾਰੇ ਕਾਉਂਸਲਿੰਗ ਵੀ ਕਰਨਗੇ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਕਰੀਨਿੰਗ ਮੁਹਿੰਮ ਤਹਿਤ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਅਤੇ ਬਿਰਦ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਵੀ ਟੀ.ਬੀ, ਹੈਪਾਟਾਈਟਸ ਅਤੇ ਟਰਾਂਸਮੀਟਿਡ ਇਨਫੈਕਸ਼ਨ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਇਸ ਮੁਹਿੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਮੁਹਿੰਮ ਨੂੰ 100 ਫੀਸਦੀ ਸਫ਼ਲ ਬਣਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨ।