ਬਠਿੰਡਾ (ਰਾਜੇਸ ਜੈਨ) ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਮਨਾਉਣ ਲਈ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਮੰਡੀਆਂ ਵਿਚ ਝੋਨੇ ਦੀ ਆਮਦ ਨੂੰ ਲੈ ਕੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਦੇ ਫੈਸਲੇ ਨਾਲ ਖਰੀਦ ਪ੍ਰਬੰਧਾਂ ‘ਤੇ ਮਾੜਾ ਅਸਰ ਪੈ ਸਕਦਾ ਹੈ। ਅਗਲੇ ਦਿਨਾਂ ਵਿਚ ਦਾਣਾ ਮੰਡੀਆਂ ਵਿਚ ਝੋਨੇ ਦੀ ਆਦਮ ਤੇਜ਼ ਹੋਵੇਗੀ, ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੀ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਮਜ਼ਦੂਰਾਂ ਦੀ ਇਹ ਹੜਤਾਲ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦੀ ਹੈ। ਗੱਲਾ ਯੂਨੀਅਨ ਦੇ ਪ੍ਰਧਾਨ ਸੱਤਪਾਲ ਲਾਟੂ ਨੇ ਦੱਸਿਆ ਕਿ ਪੰਜਾਬ ਦੀਆਂ ਅਨਾਜ ਮੰਡੀਆਂ ਨਾਲ ਸਬੰਧਤ ਮਜ਼ਦੂਰ ਯੂਨੀਅਨਾਂ ਸਰਕਾਰ ਤੋਂ 25 ਫੀਸਦੀ ਮਜ਼ਦੂਰੀ ਵਧਾਉਣ ਲਈ ਮੰਗ ਕਰ ਰਹੀਆਂ ਹਨ ਪਰ ਮਾਨ ਸਰਕਾਰ ਉਨ੍ਹਾਂ ਨਾਲ ਲਾਰੇ ਵਾਲੀਆਂ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰੀ ‘ਚ 25 ਫੀਸਦੀ ਵਾਧਾ ਕੀਤਾ ਜਾਵੇ, ਲੋਡਿੰਗ ਦਾ ਪੰਜ ਰੁਪਏ ਪ੍ਰਤੀ ਗੱਟਾ ਰੇਟ ਨਿਰਧਾਰਤ ਕੀਤਾ ਜਾਵੇ ਅਤੇ ਮਜ਼ਦੂਰਾਂ ਲਈ ਹਰੇਕ ਅਨਾਜ ਮੰਡੀ ‘ਚ ਆਰਾਮ ਘਰ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੇ ਵੱਡੇ ਅੰਬਾਰ ਲੱਗ ਜਾਣਗੇ, ਜਿਸ ਦੀ ਜ਼ਿੰਮੇਵਾਰ ਸਰਕਾਰ ਅਤੇ ਮਾਰਕੀਟ ਕਮੇਟੀਆਂ ਹੋਣਗੀਆਂ। ਉਪਰੰਤ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਵੀ ਕੀਤੀ ਗਈ। ਮੌੜ ਵਿਖੇ ਅਨਾਜ ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਇਕ ਅਕਤੂਬਰ ਤੋਂ ਖਰੀਦ ਚਾਲੂ ਹੋਣ ਕਾਰਨ ਮੰਡੀ ਵਿਚ ਝੋਨਾ ਲੈ ਕੇ ਆਏ ਹਨ। ਉਨ੍ਹਾਂ ਲਈ ਬੜੀਆਂ ਮੁਸ਼ਕਿਲਾਂ ਨਾਲ ਛੇ ਅਕਤੂਬਰ ਨੂੰ ਬੋਲੀ ਲੱਗੀ ਹੈ ਪਰ ਮਜ਼ਦੂਰਾਂ ਦੇ ਹੜਤਾਲ ‘ਤੇ ਚਲੇ ਜਾਣ ਕਾਰਨ ਉਨ੍ਹਾਂ ਨੂੰ ਹੁਣ ਪਤਾ ਨਹੀਂ ਕਿਨਾਂ ਟਾਈਮ ਹੋਰ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋਣਾ ਪਵੇਗਾ। ਇਸ ਹੜਤਾਲ ਵਿਚ ਗੱਲਾ ਮਜ਼ਦੂਰ ਯੂਨੀਅਨ ਦੇ ਖਜਾਨਚੀ ਲਛਮਣ ਦਾਸ, ਤਰਸੇਮ ਕੁਮਾਰ, ਚਿੰਰਜੀ ਲਾਲ, ਬੀਰਵਲ ਦਾਸ, ਰੋਸਨ ਲਾਲ, ਤੇਜਾ ਸਿੰਘ, ਦੇਸ ਰਾਜ ਅਤੇ ਪੱਪੀ ਆਦਿ ਮੌਜੂਦ ਸਨ।