ਤਲਵੰਡੀ ਸਾਬੋ (ਭੰਗੂ) ਸ਼ਨਿਚਰਵਾਰ ਨੂੰ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਉਰਫ ਗੋਰਾ ਵਾਸੀ ਤਲਵੰਡੀ ਸਾਬੋ ਰੋੜੀ ਕਿਸੇ ਫਾਇਨਾਂਸ ਕੰਪਨੀ ‘ਚ ਕੰਮ ਕਰਦਾ ਸੀ। ਲਖਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਣੇ ਦਫਤਰ ਤਲਵੰਡੀ ਸਾਬੋ ਤੋਂ ਰੋੜੀ ਨੂੰ ਜਾ ਰਿਹਾ ਸੀ ਕਿ ਸੀਂਗੋ ਮੰਡੀ ਤੋਂ ਅੱਗੇ ਅਚਾਨਕ ਇਕ ਬੱਸ ਨਾਲ ਟੱਕਰ ਹੋਣ ‘ਤੇ ਲਖਵਿੰਦਰ ਸਿੰਘ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ। ਬੱਸ ਦਾ ਡਰਾਈਵਰ ਤੇ ਕੰਡਕਟਰ ਮੌਕੇ ‘ਤੇ ਭੱਜਣ ਵਿਚ ਕਾਮਯਾਬ ਹੋ ਗਏ। ਪਤਾ ਲੱਗਦਿਆਂ ਹੀ ਪਿੰਡ ਵਾਸੀ ਇਕੱਤਰ ਹੋਏ ਤੇ ਪੁਲਿਸ ਵੀ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ। ਮਿ੍ਤਕ ਦੇਹ ਨੂੰ ਸਹਾਰਾ ਦੇ ਵਰਕਰਾਂ ਵੱਲੋਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਲਿਆਂਦਾ ਗਿਆ। ਇਸ ਮਾਮਲੇ ਸਬੰਧੀ ਸੀਂਗੋ ਚੌਂਕੀ ਇੰਚਾਰਜ ਅਜੇਪਾਲ ਸਿੰਘ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਖਿਲਾਫ ਮਿ੍ਤਕ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨਾਂ ‘ਤੇ ਮੁਕਦਮਾ ਦਰਜ ਕਰ ਲਿਆ ਹੈ।