ਜਗਰਾਓਂ, 21 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਸੀ.ਆਈ.ਏ ਸਟਾਫ਼ ਅਤੇ ਚੌਕੀਮਾਨ ਦੀ ਪੁਲਿਸ ਪਾਰਟੀ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 600 ਗ੍ਰਾਮ ਅਫ਼ੀਮ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਸੀਆਈਏ ਸਟਾਫ਼ ਦੇ ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਸਿੱਧਵਾਂਬੇਟ ਰੋਡ ’ਤੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਅਲੌੜ ਥਾਣਾ ਸਦਰ ਖੰਨਾ ਆਪਣੇ ਮੋਟਰਸਾਈਕਲ ’ਤੇ ਵੱਡੀ ਮਾਤਰਾ ’ਚ ਅਫੀਮ ਲੈ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਵੇਚਣ ਦਾ ਧੰਦਾ ਕਰ ਰਿਹਾ ਹੈ। ਜੋ ਪਿੰਡ ਰਾਮਗੜ੍ਹ ਭੁੱਲਰ ਤੋਂ ਹੁੰਦੇ ਹੋਏ ਜਗਰਾਉਂ ਵੱਲ ਨੂੰ ਆ ਰਿਹਾ ਹੈ। ਇਸ ਸੂਚਨਾ ’ਤੇ ਮਨਪ੍ਰੀਤ ਸਿੰਘ ਨੂੰ ਰਾਮਗੜ੍ਹ ਭੁੱਲਰ ਪੁਲ ਸੂਆ ਵਿਖੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਿਜਾਂਦੇ ਸਮੇਂ 2 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਪੁਲੀਸ ਚੌਕੀ ਚੌਕੀਮਾਨ ਤੋਂ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਕੁਲਾਰ ਨਹਿਰ ਦੇ ਪੁਲ ’ਤੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਹਕੀਕਤ ਸਿੰਘ ਅਤੇ ਵਾਸੀ ਕਰਮਚੰਦ ਪਿੰਡ ਛੱਜੋਵਾਲ ਚੰਡੀਗੜ੍ਹ ਵਿਖੇ ਸ਼ਰਾਬ ਲਿਆ ਕੇ ਇਲਾਕੇ ਵਿਚ ਵੇਚਣ ਦਾ ਧੰਦਾ ਕਰਦੇ ਹਨ। ਉਹ ਆਪਣੇ ਮੋਟਰਸਾਈਕਲ ’ਤੇ ਚੌਕੀਮਾਨ ਤੋਂ ਸ਼ਰਾਬ ਸਮੇਤ ਕੁਲਾਰ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਪੁਲ ਕੁਲਾਰ ਵਿਖੇ ਨਾਕਾਬੰਦੀ ਕਰਕੇ ਦੋਵਾਂ ਨੂੰ ਰਾਜਧਾਨੀ ਚੰਡੀਗੜ੍ਹ ਮਾਰਕਾ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ।