ਜਗਰਾਓਂ, 1 ਜੂਨ ( ਜਗਰੂਪ ਸੋਹੀ)– ਪਿੰਡ ਦੇ ਅਖਾੜੇ ਵਿੱਚ ਲਗਾਈ ਜਾ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿੱਚ ਲਗਾਤਾਰ ਇੱਕ ਮਹੀਨੇ ਤੋਂ ਦਿਨ-ਰਾਤ ਧਰਨਾ ਦੇਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਗੱਲ ਨਾ ਸੁਣੇ ਜਾਣ ਤੋਂ ਨਾਰਾਜ਼ ਲੋਕਾਂ ਨੇ ਇਸ ਵਾਰ ਸਮੂਹਿਕ ਫੈਸਲਾ ਲਿਆ ਅਤੇ ਲੋਕ ਸਭਾ ਚੋਣਾਂ ਦੀ ਵੋਟਿੰਗ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ। ਜਿਸ ਕਾਰਨ ਅੱਜ ਪਿੰਡ ਦੇ ਅਖਾੜੇ ਵਿੱਚ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਗਾਇਆ ਗਿਆ ਅਤੇ ਪਿੰਡ ਦੀਆਂ ਔਰਤਾਂ ਧਰਨੇ ਵਾਲੀ ਥਾਂ ’ਤੇ ਬੈਠ ਕੇ ਪਾਠ ਕਰਦੀਆਂ ਨਜ਼ਰ ਆਈਆਂ। ਪਿੰਡ ਵਾਸੀਆਂ ਵੱਲੋਂ ਵੋਟਿੰਗ ਦੇ ਬਾਈਕਾਟ ਦੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ਨੀਵਾਰ ਸਵੇਰੇ ਏਡੀਸੀ ਮੇਜਰ ਅਮਿਤ ਸਰੀਨ ਪਿੰਡ ਅਖਾੜੇ ਵਿੱਚ ਪੁੱਜੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਅਤੇ ਇਸ ਸਭ ਤੋਂ ਮਹੱਤਵਪੂਰਨ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਕਿਹਾ। ਪਰ ਪਿੰਡ ਵਾਸੀਆਂ ਨੇ ਉਨ੍ਹਾਂ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਬਾਈਕਾਟ ਦੇ ਆਪਣੇ ਫੈਸਲੇ ਨੂੰ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲ ਹੀ ਵਿੱਚ ਜਗਰਾਉਂ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਫੈਕਟਰੀ ਮਾਲਕ ਨੂੰ ਸਹੀ ਠਹਿਰਾਇਆ ਸੀ। ਪਿੰਡ ਵਾਸੀਆਂ ਨੇ ਏਡੀਸੀ ਅਮਿਤ ਸਰੀਨ ਪਾਸ ਐਸਡੀਐਮ ਕੋਹਲੀ ਵਲੋਂ ਗੁੰਮਰਾਹਕੁਨ ਵੀਡੀਓ ਨੂੰ ਜਾਰੀ ਕਰਨ ’ਤੇ ਵੀ ਇਤਰਾਜ਼ ਪ੍ਰਗਟਾਇਆ।