ਸੁਨਾਮ(ਮੋਹਿਤ ਜੈਨ)ਸੁਨਾਮ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਹਲਕੇ ਸੁਨਾਮ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਅਤੇ ਇਲਾਕੇ ਰਹਿੰਦੇ ਹਨ ਜਿਨ੍ਹਾਂ ਪਿੰਡਾਂ ਦੇ ਖੇਤਾਂ ਵਿੱਚ ਕਿਸਾਨ ਭਰਾਵਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਬਹੁਤ ਵਾਰ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਬਾਨਾਂ ਅਤੇ ਕਿਸਾਨ ਭਰਾਵਾਂ ਨੇ ਖੇਤਾਂ ਨੂੰ ਨਹਿਰੀ ਪਾਣੀ ਲਾਉਣ ਸਬੰਧੀ ਗੱਲ ਕੀਤੀ। ਅੱਜ ਮੈਂ ਇਸ ਮੰਗ ਨੂੰ ਲੈ ਕੇ ਸਮੁੱਚੇ ਸੁਨਾਮ ਹਲਕੇ ਲਈ ਕੇਂਦਰੀ ਮੰਤਰੀ ਜਲ ਸ਼ਕਤੀ ਮੰਤਰਾਲਾ ਗਜੇਂਦਰ ਸ਼ੇਖਾਵਤ ਨੂੰ ਮਿਲ ਕੇ ਬੇਨਤੀ ਕੀਤੀ ਕਿ ਹਲਕੇ ਸੁਨਾਮ ਵਿੱਚ ਲੰਘ ਰਹੇ ਨਹਿਰੀ ਪਾਣੀ ਦੇ ਨਜਦੀਕ ਬਾਕੀ ਰਹਿੰਦੇ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਜਾਵੇ। ਮੈਡਮ ਬਾਜਵਾ ਨੇ ਦੱਸਿਆ ਕਿ ਪਿੰਡ ਅਕਬਰਪੁਰ ਦੀ ਨਹਿਰੀ ਪਾਣੀ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਮੈਨੂੰ ਪਿੰਡ ਅਕਬਰਪੁਰ ਦੀ ਸਮੁੱਚੀ ਪੰਚਾਇਤ ਅਤੇ ਕਿਸਾਨ ਭਰਾਵਾਂ ਨੇ ਹਰ ਵਾਰ ਨਹਿਰੀ ਪਾਣੀ ਦੀ ਹੀ ਮੰਗ ਰੱਖੀ ਹੈ, ਮੈਡਮ ਬਾਜਵਾ ਨੇ ਕਿਹਾ ਕਿ ਪਿੰਡ ਅਕਬਰਪੁਰ ਦੀ ਇਸ ਸਮੱਸਿਆ ਦਾ ਹੱਲ ਵੀ ਜਲਦੀ ਕੀਤਾ ਜਾਵੇਗਾ ਅਤੇ ਨਾਲ ਹੀ ਮੈਡਮ ਬਾਜਵਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਭਰੋਸਾ ਦਿਵਾਇਆ ਕਿ ਹਲਕੇ ਸੁਨਾਮ ਵਿੱਚ ਲੰਘ ਰਹੇ ਨਹਿਰੀ ਪਾਣੀ ਦੇ ਨਜਦੀਕ ਬਾਕੀ ਰਹਿੰਦੇ ਪਿੰਡਾਂ ਦੇ ਕਿਸਾਨਾਂ ਭਰਾਵਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਜਲਦੀ ਹੀ ਉਪਲਬਧ ਕਰਵਾਈ ਜਾਵੇਗੀ।