ਗੈਂਗਸਟਰ ਗੋਪੀ ਦੇ ਅਰਸ਼ ਡਾਲਾ ਨਾਲ ਸਬੰਧਾਂ ਦੀ ਵੀ ਹੋ ਰਹੀ ਹੈ ਜਾਂਚ
ਜਗਰਾਓਂ, 25 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਦਿਨੀਂ 19 ਦਸੰਬਰ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਵਿਦੇਸ਼ ’ਚ ਬੈਠੇ ਇੱਕ ਗੈਂਗਸਟਰ ਵੱਲੋਂ ਪੰਜਾਬ ’ਚ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਲਈ ਤਿਆਰ ਕੀਤੇ ਗਏ ਗਿਰੋਹ ਦੇ ਤਿੰਨ ਸਾਥੀਆਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਪੁਲਸ ਨੇ ਉਸ ਦੇ ਦੋ ਹੋਰ ਸਾਥੀਆਂ (ਜਿਨ੍ਹਾਂ ’ਚੋਂ ਇਕ ਨਾਬਾਲਗ ਹੈ) ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ .315 ਬੋਰ ਦਾ ਪਿਸਤੌਲ (ਦੇਸੀ ਕੱਟਾ ) ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ 19 ਦਸੰਬਰ ਨੂੰ ਚੈਕਿੰਗ ਦੌਰਾਨ ਬੱਸ ਸਟੈਂਡ ਦੇ ਚੌਕੀਦਾਰ ਦਵਿੰਦਰਪਾਲ ਸਿੰਘ ਉਰਫ ਗੋਪੀ ਵਾਸੀ ਵਾਰਡ ਨੰਬਰ 32 ਲਾਹੌਰੀਆਂਵਾਲਾ ਮੁਹੱਲਾ ਬੁੱਕਣਵਾਲਾ ਰੋਡ ਮੋਗਾ ਹਾਲ ਵਾਸੀ ਕੈਨੇਡਾ ਹੈ। ਉਹ ਪੰਜਾਬ ਦੇ ਚੰਗੇ ਕਾਰੋਬਾਰੀਆਂ ਅਤੇ ਕਾਰੋਬਾਰੀਆਂ ਨੂੰ ਬਾਹਰਲੇ ਨੰਬਰਾਂ ਤੋਂ ਫੋਨ ਕਰਦਾ ਹੈ, ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰਦਾ ਹੈ। ਜਿਸ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ। ਜਿਸ ਨੇ ਆਪਣੇ ਗੈਂਗ ’ਚ ਸ਼ਾਮਲ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਹਨ। ਜੇਕਰ ਕੋਈ ਉਸ ਨੂੰ ਪੈਸੇ ਨਹੀਂ ਦਿੰਦਾ ਤਾਂ ਉਸ ਦੇ ਗੁਰਗੇ ਉਨ੍ਹਾਂ ਦੇ ਘਰ ਜਾ ਕੇ ਹਥਿਆਰਾਂ ਨਾਲ ਗੋਲੀਆਂ ਚਲਾ ਦਿੰਦੇ ਹਨ। ਇਸ ਸੂਚਨਾ ’ਤੇ ਪੁਲਿਸ ਪਾਰਟੀ ਨੇ ਦਵਿੰਦਰਪਾਲ ਸਿੰਘ ਉਰਫ਼ ਗੋਪੀ ਦੇ ਗਰੋਹ ਦੇ ਸਾਥੀਆਂ ਨੂੰ ਕਾਬੂ ਕਰਨ ਲਈ ਸੁਧਾਰ ਤੋਂ ਚੌਕੀਮਾਨ ਨੂੰ ਜਾਂਦੀ ਮੁੱਖ ਸੜਕ ’ਤੇ ਜੱਸੋਵਾਲ ਕੁਲਾਰ ਪੁਲ ਡਰੇਨ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੋਟਰਸਾਈਕਲ ’ਤੇ ਆ ਰਹੇ ਤਿੰਨ ਵਿਅਕਤੀਆਂ ਵਿੱਚੋਂ ਮੋਟਰਸਾਈਕਲ ’ਤੇ ਪਿੱਛੇ ਬੈਠੇ ਵਿਅਕਤੀ ਨੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਤਿੰਨੋਂ ਡਰ ਗਏ ਅਤੇ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਏ। ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਮੌਕੇ ਤੇ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਮਨਪ੍ਰੀਤ ਸਿੰਘ ਉਰਫ਼ ਸੇਵਕ ਵਾਸੀ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ਼ ਲਾਭਾ ਵਾਸੀ ਕਾਉਂਕੇ ਖੋਸਾ ਨੂੰ ਗਿਰਫਤਾਰ ਕਰਕੇ ਇਨ੍ਹਾਂ ਤਿੰਨਾਂ ਕੋਲੋਂ ਜ਼ਿੰਦਾ ਕਾਰਤੂਸ ਸਮੇਤ ਤਿੰਨ ਨਾਜਾਇਜ਼ ਪਿਸਤੌਲ ਅਤੇ 240 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਸਨ। ਐਸਪੀ ਨੇ ਦੱਸਿਆ ਕਿ ਇਸ ਗਰੋਹ ਦਾ ਸਰਗਨਾ ਦਵਿੰਦਰਪਾਲ ਸਿੰਘ ਉਰਫ ਗੋਪੀ ਵਾਸੀ ਲਾਹੌਰੀਆਂਵਾਲਾ ਮੁਹੱਲਾ ਬੁੱਕਣਵਾਲਾ ਰੋਡ ਮੋਗਾ ਹਾਲ ਕੈਨੇਡਾ ਹੈ। ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਮਨਪ੍ਰੀਤ ਸਿੰਘ ਉਰਫ਼ ਸੇਵਕ ਵਾਸੀਆਨ ਭਦੌੜ, ਲਵਪ੍ਰੀਤ ਸਿੰਘ ਉਰਫ਼ ਲਾਭਾ ਵਾਸੀ ਕਾਉਂਕੇ ਖੋਸਾ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਆਪਣੇ ਦੋ ਹੋਰ ਸਾਥੀਆਂ ਦਾ ਖ਼ੁਲਾਸਾ ਕੀਤਾ। ਜਿਸ ’ਤੇ ਅਮਿਤ ਕੁਮਾਰ ਮਿਸ਼ਰਾ ਵਾਸੀ ਬੇਦੀ ਨਗਰ ਮੋਗਾ ਅਤੇ ਉਸ ਦੇ ਇਕ ਹੋਰ ਮੋਗਾ ਦੇ ਹੀ ਰਹਿਣ ਵਾਲੇ ਨਾਬਾਲਗ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਇੱਕ .315 ਬੋਰ ਦਾ ਪਿਸਤੌਲ (ਦੇਸੀ ਕੱਟਾ ) ਅਤੇ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਦਵਿੰਦਰਪਾਲ ਸਿੰਘ ਨੇ ਫਿਰੌਤੀ ਦੀ ਵਸੂਲੀ ਲਈ ਬਤੌਰ ਪੇਸ਼ਗੀ ਛੇ ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਮਨਪ੍ਰੀਤ ਸਿੰਘ ਉਰਫ਼ ਸੇਵਕ ਨੂੰ ਭੇਜੇ ਸਨ। ਇਸ ਤੋਂ ਇਲਾਵਾ ਦਵਿੰਦਰਪਾਲ ਸਿੰਘ ਉਰਫ ਗੋਪੀ ਦੇ ਕੈਨੇਡਾ ਬੈਠੇ ਹੋਏ ਗੈਂਗਸਟਰ ਅੱਤਵਾਦੀ ਅਰਸ਼ ਡਾਲਾ ਨਾਲ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।