Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਵਾਹ ! ਕਿਆ ਬਾਤ ਹੈ ਜਾਖੜ ਸਾਹਿਬ

ਨਾਂ ਮੈਂ ਕੋਈ ਝੂਠ ਬੋਲਿਆ..?
ਵਾਹ ! ਕਿਆ ਬਾਤ ਹੈ ਜਾਖੜ ਸਾਹਿਬ

57
0


ਐੱਸ.ਵਾਈ.ਐੱਲ ਨਹਿਰ ਦੇ ਮੁੱਦੇ ’ਤੇ ਪੰਜਾਬ ਭਾਜਪਾ ਦਾ ਧਰਨਾ
.ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਐੱਸ.ਵਾਈ.ਐੱਲ ਨਹਿਰ ਦੇ ਮੁੱਦੇ ’ਤੇ ਪੰਜਾਬ ’ਚ ਕਾਫੀ ਸਿਆਸਤ ਗਰਮਾਈ ਹੋਈ ਹੈ। ਜਿਸ ’ਚ ਰਾਜਨੀਤੀ ਸਟੰਟਬਾਜੀ ਅੱਜ ਉਸ ਸਮੇਂ ਆਪਣੀ ਚਰਮ ਸੀਮਾ ਪਾਰ ਕਰ ਗਈ ਜਦੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ. ਜਾਖੜ ਵੱਲੋਂ ਆਪਣੀ ਪਾਰਟੀ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਲੋਂ ਅੱਗੇ ਨਾ ਵਧਣ ਦੇਣ ਤੇ ਉਨ੍ਹਾਂ ਸੜਕ ਤੇ ਹੀ ਪ੍ਰੈਸ ਕਾਨਫਰੰਸ ਕਰ ਦਿਤੀ। ਇਸ ਨਾਲ ਸਥਿਤੀ ਬੇਹੱਦ ਦਿਲਚਸਪ ਹੋ ਗਈ ਅਤੇ ਸੁਨੀਲ ਜਾਖੜ ਦਾ ਧਰਨਾ ਕਈ ਸਵਾਲ ਖੜ੍ਹੇ ਕਰ ਗਿਆ। ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਪੰਜਾਬ ਦਾ ਸਹੀ ਪੱਖ ਐਸ ਵਾਈ ਐਲ ਮੁੱਦੇ ਤੇ ਪੇਸ਼ ਨਹੀਂ ਕੀਤਾ। ਪੰਜਾਬ ਕੋਲ ਕਿਸੇ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਅਸੀਂ ਪੰਜਾਬ ਵਿੱਚ ਐਸ.ਵਾਈ.ਐਲ. ਨਹਿਰ ਨਹੀਂ ਬਣਨ ਦੇਵਾਂਗੇ ਅਤੇ ਨਾ ਹੀ ਕਿਸੇ ਸੂਬੇ ਨੂੰ ਪਾਣੀ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਕੋਲ ਹੁਣ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ। ਜਾਖੜ ਬਿਲਕੁਲ ਸਹੀ ਕਹਿ ਰਹੇ ਹਨ। ਹੁਣ ਤੋਂ 40 ਸਾਲ ਪਹਿਲਾਂ ਹੋਏ ਪਾਣੀਆਂ ਦੇ ਇਸ ਸਮਝੌਤੇ ਸਮੇਂ ਪੰਜਾਬ ਵਿਚ ਪਾਣੀ ਦੀ ਸਥਿਤੀ ਹੋਰ ਸੀ ਅਤੇ ਅੱਜ ਪਾਣੀ ਦੀ ਸਥਿਤੀ ਹੋਰ ਹੈ। ਇਹ ਮੁੱਦਾ ਪਿਛਲੇ 40 ਤੋਂ ਵਿਵਾਦਿਤ ਬਣਿਆ ਹੋਇਆ ਹੈ ਅਤੇ ਉਸੀ ਸਮੇਂ ਤੋਂ ਹੀ ਇਹ ਅਦਾਲਤੀ ਕਾਰਵਾਈ ਵਿਚ ਵੀ ਉਲਝਿਆ ਹੋਇਆ ਹੈ। ਹੁਣ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਹਰ ਕੋਈ ਇਸ ਵਗਦੀ ਗੰਗਾ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਇੱਥੇ ਅਸੀਂ ਕਿਸੇ ਹੋਰ ਬਾਰੇ ਗੱਲ ਕਰਨ ਦੀ ਬਜਾਏ ਭਾਜਪਾ ਦੇ ਸਟੈਂਡ ਸੰਬੰਧੀ ਹੀ ਗੱਲ ਕਰਾਂਗੇ। ਉਹ ਵੀ ਸਿਰਫ ਪੰਜਾਬ ਭਾਜਪਾ ਦੇ ਪ੍ਰਧਨ ਸੁਨੀਲ ਜਾਖੜ ਵਲੋਂ ਇਸ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਲਗਾਤਾਰ ਬਿਆਨਬਾਜੀ ਤੇ ਹੀ ਹੋਵੇਗੀ। ਜਾਖੜ ਸਾਹਿਬ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਕਈ ਵਾਰ ਇਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਖੜ ਸਾਹਿਬ ਅਜੇ ਤਾਜਾ ਤਾਜਾ ਹੀ ਭਾਜਪਾ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਪ੍ਰਧਾਨ ਦਾ ਤਾਜ ਉਨ੍ਹਾਂ ਨੂੰ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਯਾਦ ਹੋਵੇਗਾ ਜਦੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਹ ਵੀ ਉਸੇ ਸਰਕਾਰ ਦਾ ਹਿੱਸਾ ਹੋਇਆ ਕਰਦੇ ਸਨ। ਉਸ ਸਮੇਂ ਵੀ ਅਦਾਲਤ ਦਾ ਇਕ ਹੁਕਮ ਆਇਆ ਸੀ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਸਬੰਧੀ ਸਾਰੇ ਪੁਰਾਣੇ ਸਮਝੌਤਿਆਂ ਨੂੰ ਬਕਾਇਦਾ ਹਾਊਸ ਵਿਚ ਰੱਦ ਕਰ ਦਿੱਤਾ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਡਾ: ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਫਿਰ ਉਸਤੋਂ ਬਾਅਦ ਫਿਰ ਇਕ ਵਾਰ ਪ੍ਰਕਾਸ਼ ਬਾਦਲ ਵਲੋਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪਾਣੀਆਂ ਸੰਬੰਧੀ ਅਤੇ ਇਸ ਐਸ ਵਾਈ ਐਲ ਸੰਬੰਧੀ ਪੁਰਾਣਾ ਸਮਝੌਤਾ ਰੱਦ ਕਰਕੇ ਸਿੰਘ ਬਾਦਲ ਨੇ ਪੰਜਾਬ ਦੇ ਹਿੱਸੇ ਵਿੱਚ ਬਣੀ ਐਸ.ਵਾਈ.ਐਲ ਨਹਿਰ ਨੂੰ ਭਰਵਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਉਹ ਜ਼ਮੀਨ ਵੀ ਵਾਪਸ ਕਰ ਦਿੱਤੀ, ਜਿਨ੍ਹਾਂ ਦੇ ਬਕਾਇਦਾ ਇੰਤਕਾਲ ਵੀ ਚੜ੍ਹਾਏ ਗਏ। ਹੁਣ ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਕੇਸ ਸੁਪਰੀਮ ਕੋਰਟ ਵਿੱਚ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਤਾਂ ਪਹਿਲੀ ਨਜ਼ਰੇ ਹਰ ਕੋਈ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਸਮਝੇਗਾ ਕਿਉਂਕਿ ਉਊਨ੍ਹਾਂ ਦੀ ਸਰਕਾਰ ਬਣੀ ਨੂੰ ਅਜੇ ਸਿਰਫ ਡੇਢ ਸਾਲ ਦਾ ਸਮਾਂ ਹੋਇਆ ਹੈ। ਅਜਿਹਾ ਹੋਣਾ ਸੰਭਵ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਵੀ ਇਸ ਕੇਸ ਦੀ ਅਦਾਲਤ ਵਿਚ ਪੈਰਵਾਈ ਕੀਤੀ ਹੈ ਅਤੇ ਸਮੇਂ ਸਮੇਂ ਤੇ ਜਦੋਂ ਅਦਾਲਤ ਦਾ ਕੋਈ ਹੁਕਮ ਆਉਂਦਾ ਤਾਂ ਇਹੀ ਦੋਸ਼ ਉਨ੍ਹਾਂ ਤੇ ਵੀ ਲੱਗਦੇ ਰਹੇ ਹਨ। ਹੁਣ ਸੁਨੀਲ ਜਾਖੜ ਭਾਜਪਾ ਵਿੱਚ ਆਪਣੀ ਜ਼ਮੀਨ ਤਿਆਰ ਕਰਨ ਵਿਚ ਲੱਗੇ ਹੋਏ ਹਨ ਅਤੇ ਪੰਜਾਬ ਵਿੱਚ ਭਾਜਪਾ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈ ਰਹੇ ਹਨ। ਜਾਖੜ ਸਾਹਿਬ ! ਜੇਕਰ ਤੁਸੀਂ ਇਸ ਵਿੱਚ ਕਾਮਯਾਬੀ ਹਾਸਲ ਕਰਨੀ ਚਾਹੁੰਦੇ ਹੋ ਤਾਂ ਪੰਜਾਬ ਲਈ ਇਹ ਨਹਿਰ ਵਾਲਾ ਮੁੱਦਾ ਸਭ ਤੋਂ ਗੰਭੀਰ ਅਤੇ ਸੰਵੇਦਨਸ਼ੀਲ ਹੈ ਇਈਸ ਮੁੱਦੇ ਨਾਲ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਅਤੇ ਭਵਿੱਖ ਵੀ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਤਾਕਤਵਰ ਸਰਕਾਰ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੀ ਮੁੱਦੇ ’ਤੇ ਕੁਝ ਵੀ ਕਰਨ ਦੇ ਸਮਰੱਥ ਮੰਨੇ ਜਾਂਦੇ ਹਨ। ਇਸ ਲਈ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਨ ਬਜਾਏ ਕੇਂਦਰ ਵਿੱਚ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੀਦਾ ਹੈ ਅਤੇ ਇਸ ਲਈ ਕੇਂਦਰ ਤੇ ਦਬਾਅ ਬਣਾ ਕੇ ਇਸ ਸਾਲਾਂ ਤੋਂ ਚੱਲੇ ਆ ਰਹੇ ਵਿਵਾਦਿਤ ਮੁੱਦੇ ਨੂੰ ਹਮੇਸ਼ਾ ਲਈਆ ਖਤਮ ਕਰਵਾ ਦਿਓ। ਕੇਂਦਰ ਨਾਲ ਸਿੱਧੀ ਗੱਲ ਕਰੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਠੱਪ ਕਰਵਾਓ। ਜੇਕਰ ਅਦਾਲਤ ਵਿਚੋਂ ਕੇਸ ਹੀ ਵਾਪਿਸ ਲੈ ਲਿਆ ਜਾਵੇ ਤਾਂ ਇਹ ਮੁੱਦਾ ਹਮੇਸ਼ਾ ਲਈ ਆਪਣੇ ਆਪ ਹੀ ਖਤਮ ਹੋ ਜਾਵੇਗਾ। ਇਸ ਲਈ ਸਿਰ ਰਾਜਨੀਤੀ ਖੇਡਣ ਦੀ ਬਜਾਏ ਪੰਜਾਬ ਦੇ ਪੁੱਤਰ ਬਣ ਕੇ ਪੰਜਾਬ ਦੇ ਹਿੱਤ ਲਈ ਅੱਗੇ ਆਓ। ਇਹ ਕੁਰਸੀਆਂ, ਅਹੁਦੇ ਅਤੇ ਰਾਜਨੀਤਿਕ ਜਿੰਮੇਵਾਰੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਜਦੋਂ ਤੁਸੀਂ ਅਤੇ ਤੁਹਾਡੇ ਪੁਰਖੇ ਸ਼ੁਰੂ ਤੋਂ ਕਾਂਗਰਸ ਵਿਚ ਰਹਿ ਕੇ ਅਤੇ ਵੱਡੇ ਅਹੁਦੇ ਹਾਸਿਲ ਕਰਕੇ ਵੀ ਕਾਂਗਰਸ ਤੋਂ ਸੰਤੁਸ਼ਟ ਨਹੀਂ ਹੋ ਸਕੇ ਅਤੇ ਭਾਜਪਾ ਵਿਚ ਚਲੇ ਦਏ ਹੋ ਤਾਂ ਫਿਰ ਇਹ ਵੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਡੀ ਦਾਲ ਭਾਜਪਾ ਵਿਚ ਵੀ ਪੂਰੀ ਤਰ੍ਹਾਂ ਨਾਲ ਗਲ ਜਾਏ। ਇਸ ਲਈ ਰਾਜਨੀਤੀ ਭਵਿੱਖ ਨੂੰ ਛੱਡ ਕੇ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਅਦਾ ਕਰੋ। ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਜਦੋਂ ਤੁਸੀਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਿਸ ਭਾਜਪਾ ਵਿਚ ਗਏ ਹੋ ਉਥੇ ਤੁਹਾਡੀ ਲੀਡਰਸ਼ਿਪ ਤੁਹਾਡੀ ਗੱਲ ਤੇ ਕਿੰਨਾਂ ਵਜਨ ਦਿੰਦੀ ਹੈ। ਜੇਕਰ ਤੁਸੀਂ ਇਸ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਇੱਛਾ ਅਨੁਸਾਰ ਪੰਜਾਬ ਵਿੱਚ ਪਾਰਟੀ ਦੀ ਸਥਾਪਨਾ ਕਰਨ ਵਿੱਚ ਸਫਲ ਹੋਵੋਗੇ ਕਿਉਂਕਿ ਐਸ.ਵਾਈ.ਐਲ ਨਹਿਰ ਦਾ ਮਸਲਾ ਇੰਨਾ ਗੰਭੀਰ ਹੈ ਕਿ ਪੰਜਾਬ ਦਾ ਹਰ ਵਿਅਕਤੀ ਚਿੰਤਤ ਹੈ। ਪੰਜਾਬ ਦੇ ਪਾਣੀਆਂ ਦੀ ਸਥਿਤੀ ਇਸ ਸਮੇਂ ਠੀਕ ਨਹੀਂ ਹੈ। ਪਾਣੀ ਪੱਖੋਂ ਪੰਜਾਬ ਲਗਾਤਾਰ ਡਾਰਕ ਜ਼ੋਨ ਵੱਲ ਵਧ ਰਿਹਾ ਹੈ। ਜੇਕਰ ਸਾਡਾ ਪਾਣੀ ਕਿਸੇ ਹੋਰ ਸੂਬੇ ਨੂੰ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੀ ਬਰਬਾਦੀ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਹੁਣ ਤੁਸੀਂ ਭਾਜਪਾ ਵਿਚ ਹੋ ਅਤੇ ਪੰਜਾਬ ਦੇ ਪ੍ਰਧਾਨ ਹੋ ਸਿਰਫ ਇਹ ਕਹਿ ਕੇ ਕੰਮ ਨਹੀਂ ਚੱਲੇਗਾ ਕਿ ਪੰਜਾਬ ਕੋਲ ਪਾਣੀ ਨਹੀਂ ਹੈ, ਅਸੀਂ ਕਿਸੇ ਸੂਬੇ ਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ, ਅਸੀਂ ਪੰਜਾਬ ਵਿੱਚ ਐਸਵਾਈਐਲ ਨਹਿਰ ਨਹੀਂ ਬਣਨ ਦੇਵਾਂਗੇ। ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਹੀ ਅਜਿਹੇ ਬਿਆਨ ਦੇ ਰਹੀਆਂ ਹਨ। ਇਸ ਵਿੱਚ ਕੋਈ ਨਵੀਂ ਗੱਲ ਨਹੀਂ। ਜੇਕਰ ਤੁਸੀਂ ਸੱਚਮੁੱਚ ਹੀ ਗੰਭੀਰ ਹੋ ਤਾਂ ਕੇਂਦਰ ਵਿੱਚ ਜਾਓ, ਨਹੀਂ ਤਾਂ ਇਸ ਮਾਮਲੇ ਵਿੱਚ ਸ਼ੁਰੂ ਤੋਂ ਹੀ ਰਾਜਨੀਤੀ ਹੁੰਦੀ ਰਹੀ ਹੈ, ਹੁਣ ਤੁਹਾਡੇ ਵੱਲੋਂ ਢੋਲ ਵਜਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਥੇ ਸਭ ਨੂੰ ਵਿਰੋਧ ਪ੍ਰਦਰਸਨ ਕਰਨ ਦਾ ਹੱਕ ਹੈ। ਪਰ ਹਰਿਆਣਾ ’ਚ ਵੀ ਅਤੇ ਕੇਂਦਰ ’ਚ ਵੀ ਭਾਜਪਾ ਦੀ ਸਰਕਾਰ ਹੈ, ਤੁਸੀਂ ਪੰਜਾਬ ਭਾਜਪਾ ਦੇ ਪ੍ਰਧਾਨ ਹੋ ਤਾਂ ਇਸ ’ਚ ਕੀ ਦਿੱਕਤ ਹੈ। ਤੁਹਾਡੇ ਅਨੁਸਾਰ ਭਾਵੇਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਵੀ ਸਹੀ ਸਟੈਂਡ ਨਹੀਂ ਰੱਖਿਆ। ਜੇਕਰ ਤੁਸੀਂ ਚਾਹੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਨੋਹਰ ਲਾਲ ਖੱਟਰ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕਰਵਾ ਸਕਦੇ ਹੋ। ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਪੁਰਖਿਆੰ ਤੋਂ ਲੈ ਕੇ ਤੁਸੀਂ ਅਤੇ ਤੁਹਾਡੀ ਅਗਲੀ ਪੀੜੀ ਨੂੰ ਕਾਂਗਰਸ ਵਿਚ ਰਹਿੰਦੇ ਹੋਏ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮਾਣ ਸਤਿਕਾਰ ਦਿਤਾ ਹੈ ਅਤੇ ਉਸੇ ਤਰ੍ਹਾਂ ਹੀ ਭਾਜਪਾ ਵਿਚ ਵੀ ਹੁੰਦੇ ਹੋਏ ਪੰਜਾਬ ਨਿਵਾਸੀ ਤੁਹਾਨੂੰ ਉਸੇ ਤਰ੍ਹਾਂ ਵਾਲ ਮਾਣ ਸਤਿਕਾਰ ਦੇਣ ਤਾਂ ਪੰਜਾਬ ਦਾ ਇਹ ਕਰਜ਼ਾ ਉਤਾਰਨ ਲਈ ਸਿਆਸਤ ਤੋਂ ਉਪਰ ਉਠ ਕੇ ਅੱਗੇ ਆਓ। ਸਮੁੱਚਾ ਪੰਜਾਬ ਹੀ ਤੁਹਾਨੂੰ ਸਿਰ ਅੱਖਾਂ ਤੇ ਬਿਠਾ ਲਏਗਾ। ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਇਸ ਮੁੱਦੇ ਤੇ ਰਾਜਨੀਤੀ ਬੰਦ ਕਰ ਦਿਓ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here