ਜਗਰਾਉਂ, 13 ਅਪ੍ਰੈਲ ( ਅਸ਼ਵਨੀ, ਧਰਮਿੰਦਰ )- ਥਾਣਾ ਸਿਟੀ ਜਗਰਾਓਂ ਅਤੇ ਥਾਣਾ ਸਿੱਧਵਾਂਬੇਟ ਦੀ ਪੁਲਸ ਪਾਰਟੀਆਂ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੱਸ ਸਟੈਂਡ ਪੁਲੀਸ ਚੌਕੀ ਦੇ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਐਲਆਈਸੀ ਚੌਕ ਵਿੱਚ ਚੈਕਿੰਗ ਲਈ ਮੌਜੂਦ ਸਨ। ਸੂਚਨਾ ਮਿਲੀ ਕਿ ਰਾਜਦੀਪ ਸਿੰਘ ਉਰਫ ਦੀਪ ਵਾਸੀ ਮੁਹੱਲਾ ਮੁਕੰਦਪੁਰੀ ਜਗਰਾਓਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਇਸ ਸਮੇਂ ਲੰਡੇ ਫਾਟਕ ਤੋਂ ਨਵੀਂ ਦਾਣਾ ਮੰਡੀ ਨੂੰ ਜਾਂਦੇ ਰਸਤੇ ’ਤੇ ਕੰਧ ਕੋਲ ਖੜ੍ਹ ਕੇ ਪਲਾਸਟਿਕ ਦੀ ਕੈਨੀ ’ਚ ਨਜਾਇਜ਼ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਰਾਜਦੀਪ ਸਿੰਘ ਉਰਫ ਦੀਪ ਨੂੰ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿੱਧਵਾਂਬੇਟ ਦੇ ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਕਾਕੜ ਤਿਹਾੜਾ ਤੋਂ ਲਿੰਕ ਰੋਡ ਸ਼ੇਰੇਵਾਲ ਵੱਲ ਚੈਕਿੰਗ ਲਈ ਜਾ ਰਹੇ ਸਨ। ਉੱਥੇ ਇੱਕ ਔਰਤ ਪਲਾਸਟਿਕ ਦੀ ਕੇਨੀ ਲੈ ਕੇ ਆ ਰਹੀ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਕੇ ਪਿੱਛੇ ਮੁੜਨ ਲੱਗੀ। ਜਦੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਮਨਦੀਪ ਕੌਰ ਉਰਫ ਮਾਣੀ ਵਾਸੀ ਪਿੰਡ ਸ਼ੇਰੇਵਾਲ ਦੱਸਿਆ। ਉਸ ਦੇ ਹੱਥ ਵਿੱਚ ਫੜੀ ਕੈਨੀ ਦੀ ਜਾਂਚ ਕਰਨ ’ਤੇ ਉਸ ਵਿੱਚੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।