ਮਲੂਕਾ—ਫਰੈਂਡਲੀ ਮੈਚ ਜਾਂ ਬਗਾਵਤ ਦਾ ਹਿੱਸਾ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ’ਚ ਖਲਬਲੀ ਮਚ ਗਈ ਹੈ। ਬਹੁਤੇ ਨੇਤਾ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਜਾ ਰਹੇ ਹਨ। ਪਾਰਟੀਆਂ ਵੀ ਹੋਰਨਾ ਪਾਰਟੀਆਂ ਵਿਚੋਂ ਆਉਣ ਵਾਲੇ ਨੇਤਾਵਾਂ ਨੂੰ ਟਿਕਟਾਂ ਅਤੇ ਅਬੁਦੇ ਦੇ ਕੇ ਨਵਾਜ ਰਹੀਆਂ ਹਨ। ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ ਉਸ ਵੇਲੇ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਪਾਰਟੀ ਰਹੀ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਪੁੱਤ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ। ਹੁਣ ਭਾਜਪਾ ਪਰਮਪਾਲ ਕੌਰ ਨੂੰ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਚੋਣ ਲੜ ਕੇ ਜਿੱਤ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਜਿਸ ਦਾ ਪਾਰਟੀ ਵਿਚ ਵੱਡਾ ਰੁਤਬਾ ਹੈ। ਇਸ ਲਈ ਉਨ੍ਹਾਂ ਦੀ ਆਈ.ਏ.ਐਸ. ਅਫਸਰ ਨੂੰਹ ਪਰਮਪਾਲ ਕੌਰ ਅਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਹੋਣੀ ਸੁਭਾਵਿਕ ਹੈ। ਸਿਕੰਦਰ ਸਿੰਘ ਦਾ ਬਠਿੰਡਾ ਹਲਕੇ ਵਿਚ ਬਹੁਤ ਪ੍ਰਭਾਵ ਹੈ ਜੇਕਰ ਉਹ ਪੂਰੀ ਤਨਦੇਹੀ ਨਾਲ ਆਪਣੇ ਪਰਿਵਾਰ ਨੂੰ ਭਾਜਪਾ ਦੀ ਟਿਕਟ ਦੇਣ ਤੇ ਉਸਦੀ ਸਹਾਇਤਾ ਲਈ ਅੱਗੇ ਆਉਣ ਤਾਂ ਹਰਸਿਮਰਤ ਕੌਰ ਬਾਦਲ ਲਈ ਮੁਸ਼ਿਕਲ ਸਥਿਤੀ ਪੈਦਾ ਹੋ ਜਾਵੇਗੀ। ਜੇਕਰ ਸਿਕੰਦਰ ਸਿੰਘ ਮਲੂਕਾ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹਿੰਦੇ ਹਨ ( ਜਿਵੇਂ ਉਹ ਬਿਆਨ ਵੀ ਦੇ ਰਹੇ ਹਨ ਕਿ ਬੱਚੇ ਭਾਵੇਂ ਭਾਜਪਾ ਵਿਚ ਚਲੇ ਗਏ ਹਨ ਪਰ ਉਹ ਅਕਾਲੀ ਹੀ ਰਹਿਣਗੇ ) ਤਾਂ ਫਿਰ ਪਰਮਪਾਲ ਕੌਰ ਕੋਈ ਖਾਸ ਕਰਿਸ਼ਮਾ ਨਹੀਂ ਦਿਖਾ ਸਕਣਗੇ। ਕੁਝ ਦਿਨਾਂ ਵਿੱਚ ਮਲੂਕਾ ਦੇ ਫੈਸਲੇ ਤੋਂ ਅਗਲੀ ਸਿਆਸੀ ਤਸਵੀਰ ਸਾਹਮਣੇ ਆਵੇਗੀ। ਦੂਜੇ ਪਾਸੇ ਮਲੂਕਾ ਦੇ ਪੁੱਤਰ ਅਤੇ ਨੂੰਹ ਦੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਇੱਕ ਹੋਰ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਜਿਸ ’ਚ ਪਰਮਪਾਲ ਕੌਰ ਦਾ ਭਾਜਪਾ ’ਚ ਸ਼ਾਮਲ ਹੋਣਾ ਅਕਾਲੀ ਭਾਜਪਾ ਦੇ ਇਨ੍ਹਾਂ ਚੋਣਾਂ ਵਿਚ ਫਰੈਂਡਲੀ ਮੈਚ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ। ਅਸੀਂ ਕੁਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਵਿਚ ਇਹ ਸਪਸ਼ਟ ਸੰਕੇਤ ਦਿਤਾ ਸੀ ਤਿਕ ਭਾਵੇਂ ਇਸ ਸਮੇਂ ਮਜ਼ਬੂਰੀ ਕਾਰਨ ਅਕਾਲੀ ਭਾਜਪਾ ਸਿੱਧੇ ਤੌਰ ਤੇ ਗਠਜੋੜ ਕਰਕੇ ਚੋਣ ਨਹੀਂ ਲੜ ਰਹੇ ਪਰ ਅੰਦਰੂਨੀ ਤੌਰ ਤੇ ਸਮਝੌਤੇ ਤਹਿਤ ਫਰੈਂਡਲੀ ਮੈਚ ਖੇਡਿਆ ਜਾ ਸਕਦਾ ਹੈ। ਜਿਸ ਵਿਚ ਭਾਜਪਾ ਦੇ ਹਿੱਸੇ ਆਈਅਆੰ ਸੀਟਾਂ ਤੇ ਭਾਜਪਾ ਦੇ ਉਮੀਦਵਾਰਾਂ ਖਿਲਾਫ ਅਕਾਲੀ ਦਲ ਦੇ ਕਮਜੋਰ ਉਮੀਦਵਾਰ ਖੜੇ ਹੋਣਗੇ ਅਤੇ ਅਕਾਲੀ ਦਲ ਦੇ ਹਿੱਸੇ ਆਈਆਂ ਸੀਟਾਂ ਵਿਚ ਉਨ੍ਹੰ ਦੇ ਮੁਕਾਬਲੇ ਭਾਜਪਾ ਦੇ ਕਮਜੇਰ ਉਮੀਦਵਾਰ ਮੈਦਾਨ ਵਿਚ ਹੋਣਗੇ। ਸਮਾਂ ਆਉਣ ’ਤੇ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਉਮੀਦਵਾਰਾਂ ਨੂੰ ਵੋਟਾਂ ਪਵਾ ਸਕਦੀਆਂ ਹਨ। ਇੱਥੇ ਸਿਕੰਦਰ ਸਿੰਘ ਮਲੂੁਕਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਰਸਿਮਰਤ ਕੌਰ ਬਾਦਲ ਪਾਰਟੀ ਦੇ ਪ੍ਰਧਾਨ ਦੀ ਪਤਨੀ ਹੋਣ ਦੇ ਨਾਲ ਨਾਲ ਉਹ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਹੁਣ ਉਹ ਚੌਥੀ ਵਾਰ ਮੁੜ ਚੋਣ ਮੈਦਾਨ ਵਿੱਚ ਹੋਣਗੇ। ਇਹ ਸੀਟ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਹੈ। ਇਸ ਲਈ ਇਸ ਸੀਟ ਨੂੰ ਹਰ ਹਾਲ ਵਿਚ ਜਿੱਤਣ ਲਈ ਅਕਾਲੀ ਦਲ ਇਸ ਹਰ ਸਮਝੌਤਾ ਕਰਨ ਲਈ ਤਿਆਰ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਕੋਟੇ ਤੋਂ ਪਰਮਪਾਲ ਕੌਰ ਨੂੰ ਆਪਣੇ ਖਿਲਾਫ ਖੜ੍ਹਾ ਕਰਕੇ ਅਕਾਲੀ ਦਲ ਇਸ ਖੇਡ ਨੂੰ ਜਿੱਤਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਅਜਿਹੇ ਨੇਤਾ ਹਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀਆਂ ਵਿਚੋਂ ਇਕ ਹਨ ਅਤੇ ਹਰ ਵਾਰ ਸੰਕਟ ਦੀ ਘੜੀ ਵਿਚ ਮਲੂਕਾ ਸਭ ਤੋਂ ਅੱਗੇ ਖੜੇ ਨਜ਼ਰ ਆਏ ਹਨ। ਜੇਕਰ ਭਾਜਪਾ ਨੇ ਪਰਮਪਾਲ ਕੌਰ ਦੀ ਥਾਂ ਕਿਸੇ ਹੋਰ ਆਗੂ ਨੂੰ ਭਾਜਪਾ ਦੀ ਟਿਕਟ ਦਿੰਦੀ ਤਾਂ ਉਹ ਪਾਰਟੀ ਦੀਆਂ ਵੋਟਾਂ ਹਰ ਹਾਲਤ ਵਿਚ ਹਾਸਿਲ ਕਰਦਾ। ਇਥੇ ਸਮੀਕਰਣ ਦੋਵਾਂ ਪਾਰਟੀਆਂ ਦੇ ਆਪਣੇ ਹੱਥ ਹੋਣਗੇ। ਇਸਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਮਲੂਕਾ ਪਰਿਵਾਰ ਦਾ ਵਿਰੋਧ ਹੋ ਸਕਦਾ ਹੈ ਅਤੇ ਦੂਜਾ ਕਿਸਾਨਾਂ ਦਾ ਭਾਜਪਾ ਖਿਲਾਫ ਵਿਰੋਧ ਦੇ ਐਲਾਨ ਨਾਲ ਪਰਮਪਾਲ ਕੌਰ ਦਾ ਵਿਰੋਧ ਹੋਣਾ ਤੈਅ ਹੈ। ਅਜਿਹੇ ਵਿੱਚ ਪਰਮਪਾਲ ਕੌਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਬਹੁਤ ਕਮਜ਼ੋਰ ਉਮੀਦਵਾਰ ਸਾਬਤ ਹੋ ਸਕਦੇ ਹਨ। ਇਹ ਦੋਵੇਂ ਪਾਰਟੀਆਂ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਇਸ ਰਣਨੀਤੀ ਤਹਿਤ ਚੋਣਾ ਦੇ ਆਖਰੀ ਸਮੇਂ ’ਚ ਹਰਸਿਮਰਤ ਕੌਰ ਬਾਦਲ ਦੇ ਖਾਤੇ ਵਿਚ ਵੀ ਵੋਟਾਂ ਜਾ ਸਕਦੀਆਂ ਹਨ। ਫਿਲਹਾਲ ਇਨ੍ਹਾਂ ਦੋਵਾਂ ਪਹਿਲੂਆਂ ’ਤੇ ਰਾਜਨੀਤਿਕ ਤੌਰ ਤੇ ਚਰਚਾ ਹੋ ਰਹੀ ਹੈ। ਪਰਮਪਾਲ ਕੌਰ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਸਿਆਸੀ ਮੰਚਾਂ ’ਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਲਏ ਜਾਣ ਵਾਲੇ ਫੈਸਲੇ ਅਨੁਸਾਰ ਹੀ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਕੀ ਤਸਵੀਰ ਸਾਫ ਹੋ ਜਾਵੇਗੀ। ਇਸ ’ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਹਰਵਿੰਦਰ ਸਿੰਘ ਸੱਗੂ।