ਜਗਰਾਓਂ, 24 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਇਲਾਕੇ ਵਿੱਚ ਵਾਪਰੀਆਂ ਪਿਛਸਲੇ ਸਮੇਂ ਦੌਰਾਨ ਫਿਰੌਤੀ ਮੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਥਾਨਕ ਪੁਲੀਸ ਨੇ ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੇ ਵਸਨੀਕ ਸਰਵਜੀਤ ਸਿੰਘ ਨੂੰ 23 ਦਸੰਬਰ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ। ਪੁੱਛਗਿੱਛ ਲਈ ਹਾਸਲ ਕੀਤੇ ਪੁਲਿਸ ਰਿਮਾਂਡ ਦੌਰਾਨ ਸਰਵਜੀਤ ਸਿੰਘ ਨੇ ਪੁਲਿਸ ਨੂੰ ਕਈ ਵੱਡੇ ਖੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਸਰਵਜੀਤ ਸਿੰਘ ਸਾਲ 12 ਵਿੱਚ ਬਹਿਰੀਨ ਗਿਆ ਸੀ ਅਤੇ ਸਾਲ 2014 ਵਿੱਚ ਵਾਪਸ ਆਇਆ ਸੀ। ਉਸ ਸਮੇਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਨਾਲ ਚੰਗੇ ਸਬੰਧ ਨਾ ਹੋਣ ਕਾਰਨ ਉਹ ਉਸ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਇਸ ਦੌਰਾਨ ਇਹ ਫਿਰ 2018 ਵਿੱਚ ਬਹਿਰੀਨ ਚਲਾ ਗਿਆ। ਉਥੇ ਉਸ ਦੇ ਇਕ ਸਾਥੀ ਨੇ ਸਰਵਜੀਤ ਸਿੰਘ ਦੀ ਪਛਾਣ ਪਾਕਿਸਤਾਨ ਮੂਲ ਦੇ ਦੋ ਵਿਅਕਤੀਆਂ ਨਾਲ ਕਰਵਾਈ। ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਨ ਅਤੇ ਉਨ੍ਹਾਂ ਨੇ ਪਾਕਿਸਤਾਨ ’ਚ ਰਹਿ ਰਹੇ ਪੰਜਾਬ ਦੇ ਇਕ ਵੱਡੇ ਅੱਤਵਾਦੀ ਨਾਲ ਵੀ ਇਸਦੀ ਗੱਲਬਾਤ ਕਰਵਾਈ। ਇਸ ਨੂੰ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਅਤੇ ਹਥਿਆਰ ਆਦਿ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ। ਜਿਸ ਨੂੰ ਸਰਵਜੀਤ ਸਿੰਘ ਨੇ ਉਹਨਾਂ ਵਲੋਂ ਦੱਸੇ ਸਥਾਨ ਤੋਂ ਪ੍ਰਾਪਤ ਕਰਨਾ ਸੀ। ਸਰਵਜੀਤ ਸਿੰਘ ਨੇ ਬਹਿਰੀਨ ਤੋਂ ਆਏ ਗੁਰਦਾਸਪੁਰ ਦੇ ਇਕ ਸਾਥੀ ਕੋਲੋਂ ਪਿਸਤੌਲ ਹਾਸਲ ਕੀਤਾ ਸੀ, ਜਿਸ ਨਾਲ ਉਹ ਆਪਣੀ ਪਤਨੀ ਨੂੰ ਮਾਰਨਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਗੁਰਦਾਸਪੁਰ ਵਾਲਾ ਸਾਥੀ ਪੰਜਾਬ ਦੀ ਅੰਮ੍ਰਿਤਸਰ ਪੁਲਸ ਦੇ ਹੱਥ ਆ ਗਿਆ। ਜਿਸ ਨੇ ਉਥੋਂ ਦੀ ਪੁਲਿਸ ਕੋਲ ਖੁਲਾਸਾ ਕੀਤਾ ਕਿ ਉਸ ਨੇ ਸਰਵਜੀਤ ਸਿੰਘ ਨੂੰ ਪਿਸਤੌਲ ਦਿੱਤਾ ਸੀ। ਇਸ ਸੂਚਨਾ ’ਤੇ ਸਰਵਜੀਤ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਮਾਰਚ 2020 ਵਿੱਚ ਹੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੋਰਕਰਿਮਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਉਥੇ ਉਸ ਵਿਰੁੱਧ ਕੇਸ ਦਰਜ ਹੋਇਆ ਸੀ ਅਤੇ ਉਸ ਸਮੇਂ ਤੋਂ ਸਰਵਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚ ਨਜ਼ਰਬੰਦ ਸੀ। ਹੁਣ ਪੁਲਿਸ ਇਹ ਵੀ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਵਜੀਤ ਸਿੰਘ ਦੇ ਪਾਕਿਸਤਾਨ ਵਿੱਚ ਕਿਹੜੇ ਕਿਹੜੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ ਅਤੇ ਕੀ ਉਸਨੂੰ ਕਦੇ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਜਾਂ ਨਸ਼ੇ ਦੀ ਖੇਪ ਆਈ ਸੀ। ਜੇਕਰ ਉਸ ਨੂੰ ਅਜਿਹੀ ਕੋਈ ਖੇਪ ਮਿਲੀ ਤਾਂ ਉਸ ਨੇ ਇਸ ਦੀ ਵਰਤੋਂ ਕਿੱਥੇ ਕੀਤੀ।