ਮੋਗਾ, 17 ਫਰਵਰੀ ( ਲਿਕੇਸ਼ ਸ਼ਰਮਾਂ) -ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘‘ਮੈਂ ਭੀ ਡਿਜ਼ੀਟਲ’’ 4.0 ਪੀ ਐੱਮ ਸਵੈਨਿਧੀ ਪ੍ਰੋਗਰਾਮ ਅਧੀਨ ਨਗਰ ਨਿਗਮ ਮੋਗਾ ਵਿਖੇ 6 ਫਰਵਰੀ ਤੋਂ 16 ਫਰਵਰੀ, 2023 ਤੱਕ ਵਿਸ਼ੇਸ਼ ਕੈਂਪ ਲਗਾ ਕੇ ਸਟਰੀਟ ਵੈਂਡਰਜ਼ ਨੂੰ ਡਿਜ਼ੀਟਲ ਲੈਣ-ਦੇਣ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਅਰਬਨ ਲਿਵਲੀਹੂਡ ਮਿਸ਼ਨ ਦੇ ਸਿਟੀ ਮਿਸ਼ਨ ਮੈਨੇਜਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਮਿਸ਼ਨ ਦੇ ਸੀ.ਓ. ਮਨਦੀਪ ਕੌਰ ਅਤੇ ਕਿਰਨਦੀਪ ਕੌਰ ਅਤੇ ਬੈਕਾਂ ਦੇ ਨੁੰਮਾਨਦਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗਲੀ ਵਿਕਰੇਤਾਵਾਂ ਨੂੰ ਡਿਜ਼ੀਟਲ ਲੈਣ ਦੇਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡਿਜੀਟਲ ਲੈਣ ਦੇਣ ਸਬੰਧੀ ਕਿਸੇ ਵੀ ਜਾਣਕਾਰੀ ਲਈ ਬੈਂਕਾਂ ਤੋਂ ਸਹਿਯੋਗ ਲਿਆ ਜਾ ਸਕਦਾ ਹੈ। ਬੈਂਕਾਂ ਵੱਲੋਂ ਖਾਤਿਆਂ ਦੇ ਕਿਊ.ਆਰ. ਕੋਡ ਮੁਫ਼ਤ ਵਿੱਚ ਬਣਾ ਕੇ ਦਿੱਤੇ ਜਾਂਦੇ ਹਨ ਅਤੇ ਕੋਈ ਵੀ ਸਟਰੀਟ ਵੈਂਡਰ ਇਨ੍ਹਾਂ ਦਾ ਲਾਹਾ ਪ੍ਰਾਪਤ ਕਰ ਸਕਦਾ ਹੈ।ਉਕਤ ਤੋਂ ਇਲਾਵਾ ਸਟਰੀਟ ਵੈਂਡਰਜ਼ ਨੂੰ ਜਾਗਰੂਕ ਕਰਨ ਲਈ ਇਸ ਮਿਸ਼ਨ ਦੇ ਸਟਾਫ਼ ਮੈਂਬਰਾਂ ਨੇ ਨਗਰ ਨਿਗਮ ਦੇ ਰੇਹੜੀਆਂ ਵਿਕਰੇਤਾਵਾਂ ਕੋਲ ਸਿੱਧੀ ਪਹੁੰਚ ਵੀ ਕੀਤੀ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਤਾਂ ਜੋ ‘‘ਮੈਂ ਭੀ ਡਿਜ਼ੀਟਲ’’ 4.0 ਅਸਲ ਰੂਪ ਵਿੱਚ ਲਾਗੂ ਹੋ ਸਕੇ।ਆਪਣੇ ਸੰਬੋਧਨ ਵਿੱਚ ਸਿਟੀ ਮਿਸ਼ਨ ਮੈਨੇਜਰ ਨੇ ਦੱਸਿਆ ਕਿ ਪਿੰਡ ਦੇ ਲੋਕ ਜਿਹੜੇ ਆਪਣੇ ਕਿੱਤੇ ਨੂੰ ਪ੍ਰਫੁੱਲਿਤ ਕਰਨਾ ਚਹੁੰਦੇ ਹਨ ਉਹ ਸੈਲਫ ਹੈਲਪ ਗਰੁੱਪ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੈਲਫ਼ ਹੈਲਪ ਬਣਾਉਣ ਲਈ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੈਲਫ਼ ਹੈਲਪ ਗਰੁੱਪਾਂ ਦੇ ਇੱਕ ਸਾਂਝਾ ਖਾਤੇ ਵਿੱਚ ਸਰਕਾਰ ਵੱਲੋਂ 10 ਹਜ਼ਾਰ ਦਾ ਰਿਵਾਲਵਿੰਗ ਫੰਡ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਸੈਲਫ਼ ਹੈਲਪ ਗਰੁੱਪਾਂ ਵੱਲੋਂ ਸਰਕਾਰ ਪਾਸੋਂ 10 ਲੱਖ ਤੱਕ ਦੀ ਆਰਥਿਕ ਸਹਾਇਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਉੱਪਰ ਬਹੁਤ ਹੀ ਘੱਟ ਵਿਆਜ ਦਰਾਂ ਲਾਗੂ ਕੀਤੀਆਂ ਜਾਂਦੀਆਂ ਹਨ।
