Home Farmer ਦੁਧਾਰੂ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 1 ਲੱਖ 18 ਹਜਾਰ ਜਾਨਵਰਾਂ...

ਦੁਧਾਰੂ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 1 ਲੱਖ 18 ਹਜਾਰ ਜਾਨਵਰਾਂ ਨੂੰ ਮੂੰਹ ਖੁਰ ਦੀ ਲਗਾਈ ਵੈਕਸੀਨ

39
0

ਮਾਲੇਰਕੋਟਲਾ 15 ਜੂਨ ( ਸੰਜੀਵ ਗੋਇਲ, ਅਨਿਲ ਕੁਮਾਰ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪਸ਼ੂ ਪਾਲਕਾਂ ਦੇ ਹਿੱਤ ਲਈ ਵੱਡੇ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹੇ ਵਿੱਚ ਦੁਧਾਰੂ ਜਾਨਵਰਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਨੇ ਮੂੰਹ ਖੁਰ ਅਤੇ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਦੀ ਮੁਹਿੰਮ ਪੂਰੀ ਕਰ ਲਈ ਹੈ ਜਦਕਿ ਗਲ ਘੋਟੂ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜਾਰੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਝਾਂ ਤੇ ਗਾਂਵਾਂ ਵਿਚ ਮੂੰਹ ਖੁਰ ਅਤੇ ਗਾਂਵਾਂ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਮੁਫਤ ਟੀਕਾਕਰਨ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਮੂੰਹ ਖੁਰ ਤੋਂ ਬਚਾਓ ਲਈ 1 ਲੱਖ 18 ਹਜਾਰ ਜਾਨਵਰਾਂ ਨੂੰ ਵੈਕਸੀਨ ਲਗਾਈ ਗਈ ਹੈ ਜਦਕਿ ਲੰਪੀ ਸਕਿਨ ਤੋਂ ਬਚਾਓ ਲਈ 37 ਹਜਾਰ ਗਾਵਾਂ ਨੂੰ ਵੈਕਸੀਨ ਲਗਾਈ ਗਈ ਹੈ। ਗਲ ਘੋਟੂ ਬਿਮਾਰੀ ਤੋਂ ਬਚਾਓ ਲਈ ਜ਼ਿਲ੍ਹੇ ਹੁਣ ਤੱਕ 1 ਲੱਖ 6 ਹਜਾਰ 500 ਜਾਨਵਰਾਂ ਦੇ ਵੈਕਸੀਨ ਲਗਾਈ ਜਾ ਚੁੱਕੀ ਹੈ। ਗਲ ਘੋਟੂ ਦੀ ਵੈਕਸੀਨ ਦੀ ਫੀਸ ਪ੍ਰਤੀ ਜਾਨਵਰ 5 ਰੁਪਏ ਰੱਖੀ ਗਈ ਹੈ ਜਦ ਕਿ ਮੁੰਹ ਖੁਰ ਅਤੇ ਲੰਪੀ ਸਕਿਨ ਦੀ ਵੈਕਸੀਨ ਮੁਫ਼ਤ ਲਗਾਈ ਗਈ ਹੈ। ਇਸ ਤੋਂ ਬਿਨਾਂ ਜਾਨਵਰਾਂ ਨੂੰ ਪਰਜੀਵੀ ਰਹਿਤ ਵੀ ਕੀਤਾ ਗਿਆ ਹੈ।ਜ਼ਿਲ੍ਹਾ ਵੈਟਰਨਰੀ ਅਫਸਰ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਪਸ਼ੂਆਂ ਵਿੱਚ ਫਰੀ ਡੀਵਰਮਿੰਗ ਮੁਹਿੰਮ ਤਹਿਤ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਘਰ ਘਰ ਜਾ ਕੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਮੂੰਹ-ਖੁਰ ਦੀ ਬਿਮਾਰੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਸੂਆਂ ਨੂੰ ਮੂੰਹ ਖੁਰ ਬਿਮਾਰੀ ਦੇ 1ਲੱਖ 7000 ਟੀਕੇ ਮੁਫ਼ਤ ਲਗਾਏ ਗਏ ਹਨ। ਇਸ ਤੋਂ ਇਲਾਵਾ 12 ਹਜਾਰ 900 ਭੇਡਾਂ, ਬੱਕਰੀਆਂ ਦੀ ਈ.ਟੀ.ਵੀ ਵੈਕਸੀਨ ਦੀਆਂ ਖ਼ੁਰਾਕਾਂ ਮੁਫ਼ਤ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਵੱਡੇ ਪਸ਼ੂਆਂ ਦੇ ਪੇਟ ਦੇ ਕੀੜੇ ਦੀਆਂ 1 ਲੱਖ 2 ਹਜਾਰ ਅਤੇ ਛੋਟੇ ਪਸ਼ੂਆਂ ਲਈ 16 ਹਜਾਰ ਗੋਲੀਆਂ ਬਿਲਕੁਲ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ ।ਇਸ ਮੌਕੇ ਵੈਟਰਨਰੀ ਅਫ਼ਸਰ ਡਾਕਟਰ ਵਿਕਰਮ ਕਪੂਰ ਨੇ ਦੱਸਿਆ ਕਿ ਅੱਜ ਵੈਟਰਨਰੀ ਅਫ਼ਸਰਾਂ ਦੀ ਅਗਵਾਈ ਹੇਠ ਗਠਿਤ ਟੀਮਾਂ ਵਲੋਂ ਗਊਆਂ, ਵੱਛੀਆਂ ਤੇ ਵੱਛਿਆਂ ਦਾ ਘਰ-ਘਰ ਜਾ ਕੇ ਅਤੇ ਗਊਸ਼ਾਲਾਵਾਂ ਵਿਖੇ ਜਾ ਕੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ । ਲੰਮੀ ਸਕਿਨ ਦੀ ਬਿਮਾਰੀ ਜ਼ਿਆਦਾ ਤਰ ਬਰਸਾਤੀ ਮੌਸਮ ਦੌਰਾਨ ਮੱਖੀ,ਮੱਛਰ, ਚਿੱਚੜ ਆਦਿ ਨਾਲ ਫੈਲਦੀ ਹੈ। ਪੀੜਤ ਪਸੂ ਦੀ ਚਮੜੀ ਤੇ ਧੱਫੜ,ਤੇਜ਼ ਬੁਖ਼ਾਰ,ਪੈਰਾ ਦੀ ਸੋਜ, ਦੁੱਧ ਦਾ ਘਟਣਾ, ਪਸੂ ਦੀ ਭੁੱਖ ਦਾ ਘਟਣਾ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਹੋਰ ਦੱਸਿਆ ਕਿ ਜੋ ਬਿਮਾਰ ਪਸੂ ਜੋ ਲਗਾਤਾਰ ਸੰਤੁਲਿਤ ਖ਼ੁਰਾਕ ਖਾਂਦੇ ਰਹਿੰਦੇ ਹਨ , ਉਹ ਕੁਝ ਸਾਵਧਾਨੀਆਂ ਉਪਰੰਤ ਜ਼ਿਆਦਾ ਤਰ ਖ਼ੁਦ ਠੀਕ ਹੋ ਜਾਂਦੇ ਹਨ ।ਇਸ ਲਈ ਪਸੂ ਪਾਲਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ।