ਪੰਜਾਬ ਦੇ ਵੱਡੇ ਸਿਆਸੀ ਘਰਾਣਿਆ ਦਾ ਰਾਜਨੀਤਿਕ ਭਵਿੱਖ ਦਾਅ ਤੇ
ਕੈਪਟਨ, ਬਾਦਲ, ਜਾਖੜ, ਬੇਅੰਤ, ਢੀਂਡਸਾ ਅਤੇ ਮਲੂਕਾ ਪਰਿਵਾਰਾਂ ਦਾ ਭਵਿੱਖ ਚੋਣ ਨਤੀਜੇ ਤੇ ਹੋਵੇਗਾ ਨਿਰਭਰ
ਰਾਜਨੀਤੀ ਇਕ ਅਜਿਹਾ ਮੰਚ ਹੈ ਜਿਥੇ ਹਰੇਕ ਨੂੰ ਸਦੀਵੀ ਸਫਲਤਾ ਨਹੀਂ ਮਿਲਦੀ। ਆਖਰਕਾਰ ਨੂੰ ਵੱਡੇ ਵੱਡੇ ਥੰਮ ਕਹਾਉਣ ਵਾਲਿੱਾਂ ਦੇ ਸਿਆਸੀ ਜੀਵਨ ਦਾ ਅੰਤ ਹੋ ਾਜੰਦਾ ਹੈ। ਬਹੁਤ ਘੱਟ ਰਾਜਨੀਤਿਕ ਚਿਹਰੇ ਅਜਿਹੇ ਨਜ਼ਰ ਆਉਣਗੇ ਜਿੰਨਾਂ ਦੀ ਅਗਲੀ ਪੀੜ੍ਹੀ ਵੀ ਸਫਲਤਾ ਪੂਰਵਕ ਰਾਜਨੀਤੀ ਵਿਚ ਦੂਰ ਤੱਕ ਜਾ ਸਕੀ ਹੋਵੇ। ਗੱਲ ਪੰਜਾਬ ਦੀ ਕਰਦੇ ਹਾਂ ਤਾਂ ਥੋੜਾ ਪਿੱਛੇ ਝਾਤ ਮਾਰੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਵਿਚ ਕਦੇ ਸਿਤਾਰੇ ਵਾਂਗ ਚਮਕਣ ਵਾਲੇ ਵੱਡੇ ਨਾਮੀ ਪਰਿਵਾਰ ਅੱਜ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਪੰਜਾਬ ਦੀ ਸਿਆਸਤ ਤੋਂ ਸ਼ੁਰੂ ਹੋ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਦੇ ਅਹੁਦੇ ਤੇ ਪਹੁੰਚਣ ਵਾਲੇ ਗਿਆਨੀ ਜੈਲ ਸਿੰਘ ਦਾ ਪਰਿਵਾਰ ਹੋਵੇ, ਜਾਂ ਸਭ ਤੋਂ ਚਰਚਿਤ ਚੇਹਰਾ ਕੈਰੋਂ ਪਰਿਵਾਰ, ਜਸਟਿਸ ਗੁਰਨਾਮ ਸਿੰਘ, ਦਰਬਾਰਾ ਸਿੰਘ, ਗੁਰਚਰਨ ਸਿੰਘ ਟੋਹੜਾ, ਬਰਨਾਲਾ ਪਰਿਵਾਰ, ਤਲਵੰਡੀ ਪਰਿਵਾਰ ਅਜਿਹੇ ਨਾਮ ਹਨ ਜੋ ਹਮੇਸ਼ਾ ਇਹ ਸਮਝਦੇ ਰਹੇ ਕਿ ਉਨ੍ਹਾਂ ਦੇ ਸਿਆਸੀ ਜੀਵਨ ਦਾ ਸੂਰਜ ਕਦੇ ਅਸਤ ਨਹੀਂ ਹੋਵੇਗੀ ਪਰ ਅੱਜ ਇਨ੍ਹਾਂ ਨਾਮੀ ਚਿਹਰਿਆਂ ਵਿਚੋਂ ਜਾਂ ਉਨ੍ਹੰ ਦੇ ਪਿਰਵਾਰਾਂ ਵਿਚੋਂ ਇਕ ਦੋ ਨੂੰ ਛੱਡ ਕੇ ਕਿਧਰੇ ਕੋਈ ਨਜ਼ਰ ਨਹੀਂ ਆ ਰਿਹਾ। ਹੁਣ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਈ ਹੋਰ ਵੱਡੇ ਚਿਹਰਿਆਂ ਦੇ ਸਿਆਸੀ ਕੈਰੀਅਰ ਦਾ ਸੂਰਜ ਡੁੱਬਣ ਦੇ ਕਿਨਾਰੇ ਖੜ੍ਹਾ ਹੈ। ਥੋੜਾ ਪਿੱਛੇ ਤੋਂ ਪੰਜਾਬ ਦੀ ਰਾਜਨੀਤੀ ਤੇ ਹੋਈ ਹਲਚਲ ਤੋਂ ਸ਼ੁਰੂ ਕਰੀਏ ਤਾਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ’ਚ ਵੱਡਾ ਭੂਚਾਲ ਆਇਆ। ਜਿਸ ਕਾਰਨ ਸਿਆਸੀ ਸਮੀਕਰਨਾਂ ’ਚ ਵੱਡੀ ਤਬਦੀਲੀ ਆ ਗਈ ਹੈ। ਉਸ ਭੂਚਾਲ ਕਾਰਨ ਆਈ ਰਾਜਨੀਤਿਕ ਤਬਗਦੀਲੀ ਕਾਰਨ ਹੁਣ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਵੱਡੇ ਰਾਜਨੀਤਿਕ ਘਰਾਣਿਆ ਅਤੇ ਚਿਹਰਿਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਨਜ਼ਰ ਆ ਰਿਹਾ ਹੈ। ਇਹ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਉਨ੍ਹਾਂ ਦੇ ਅਗਲੇ ਭਵਿੱਖ ਦੀ ਤਸਵੀਰ ਸਾਫ ਕਰੇਗੀ। ਪੰਜਾਬ ਦੇ ਵੱਡੇ ਰਾਜਨੀਤਿਕ ਚਿਹਰਿਆਂ ਵਿਚ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸੁਖਦੇਵ ਸਿੰਘ ਢੀਂਡਸਾ, ਸੁਨੀਲ ਜਾਖੜ, ਮਨਪ੍ਰੀਤ ਬਾਦਲ, ਬੇਅਤ ਸਿੰਘ ਪਰਿਵਾਰ ਦੇ ਫਰਜ਼ੰਦ ਰਵਨੀਤ ਸਿੰਘ ਬਿੱਟੂ ਅਤੇ ਸਿਕੰਦਰ ਸਿੰਘ ਮਲੂਕਾ ਦਾ ਨਾਮ ਸ਼ਾਮਲ ਹੈ। ਜੋ ਇਸ ਸਮੇਂ ਰਾਜਨੀਤਿਕ ਭੰਵਰ ਵਿਚ ਉਲਝੇ ਹੋਏ ਹਨ। ਗੱਲ ਸ਼ੁਰੂ ਸਭ ਤੋਂ ਪਹਿਲਾਂ ਪਟਿਆਲਾ ਦੇ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕਰਦੇ ਹਾਂ। ਇਸ ਵਾਰ ਪੰਜਾਬ ਦੀ ਸਿਆਸਤ ਵਿੱਚ ਅਜਿਹਾ ਉਲਟਾ ਹੋਇਆ ਹੈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡ ਦਿਤੀ ਅਤੇ ਆਪਣੀ ਪਾਰਟੀ ਦਾ ਗਠਨ ਕਰ ਲਿਆ। ਉਨ੍ਹਾਂ ਨੂੰ ਇਹ ਉਮੀਦ ਸੀ ਕਿ ਜਦੋਂ ਉਹ ਪਾਰਟੀ ਛੱਡਣਗੇ ਤਾਂ ਪੰਜਾਬ ਦੇ ਬਹੁਤੇ ਵੱਡੇ ਕਾਂਗਰਸੀ ਚਿਹਰੇ ਉਨ੍ਹੰ ਦੇ ਨਾਲ ਆ ਖੜੇ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਕੁਝ ਕੁ ਨਾਮੀ ਚਿਹਰਿਆਂ ਨੂੰ ਛੱਡ ਕੇ ਹੋਰ ਕੋਈ ਨੇਤਾ ਉਨ੍ਹਾਂ ਨਾਲ ਭਾਜਪਾ ਵਿਚ ਨਹੀਂ ਗਿਆ। ਜੋ ਗਏ ਸਨ ਉਨ੍ਹਾਂ ਵਿਚੋਂ ਵੀ ਰਾਜ ਕੁਮਾਰ ਵੇਰਕਾ ਆਪਣੇ ਸਾਥੀਆਂ ਸਮੇਤ ਮੁੜ ਗਲਤੀ ਸੁਧਾਰ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਪਟਿਆਲੇ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਹਨ। ਉਨ੍ਹਾਂ ਦੀ ਪਟਿਆਲਾ ਤੋਂ ਜਿੱਤ ਹਾਰ ਕੈਪਟਨ ਪਰਿਵਾਰ ਦੇ ਅਗਲੇ ਰਾਨੀਤਿਕ ਭਵਿੱਖ ਦੀ ਤਸਵੀਰ ਸਾਫ ਕਰੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਬਾਦਲ ਪਰਿਵਾਰ ਦੇ ਰਾਜਨੀਤਿਕ ਭਵਿੱਖ ਲਈ ਬੜੀ ਅਹਿਮ ਹੈ। ਜੇਕਰ ਇਸ ਵਾਰ ਹਰਸਿਮਰਤ ਕੌਰ ਬਠਿੰਡਾ ਸੀਟ ਹਾਰ ਜਾਂਦੇ ਹਨ ਤਾਂ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਸੰਗਰੂਰ ਖੇਤਰ ਦੇ ਦਿੱਗਜ ਆਗੂ ਸੁਖਦੇਵ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਅਕਾਲੀ ਦਲ ਛੱਡ ਦਿਤਾ ਸੀ। ਆਪਣੀ ਪਾਰਟੀ ਬਨਾਉਣ ਤੋਂ ਬਾਅਦ ਵੀ ਕੋਈ ਸਫਲਤਾ ਹੱਥ ਨਾ ਲੱਗਣ ਤੇ ਮਜ਼ਬੂਰੀ ਵਿਚ ਢੀਂਡਸਾ ਵਲੋਂ ਅਕਾਲੀ ਦਲ ਵਿਚ ਘਰ ਵਾਪਿਸੀ ਕਰ ਲਈ ਗਈ। ਪਰ ਜਿਸ ਵਾਅਦੇ ਤੇ ਉਹ ਅਕਾਲੀ ਦਲ ਵਿਚ ਵਾਪਿਸ ਆਏ ਸਨ ਉਸ ਵਾਅਦੇ ਨੂੰ ਸੁਖਬੀਰ ਬਾਦਲ ਨੇ ਪੂਰਾ ਨਹੀਂ ਕੀਤਾ। ਸੰਗਰੂਰ ਹਲਕੇ ਤੋਂ ਵਾਅਦੇ ਅਨੁਸਾਰ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇ ਕੇ ਐਡਵੋਕੇਟ ਝੂੰਦਾ ਨੂੰ ਟਿਕਟ ਦੇ ਦਿਤੀ। ਹੁਣ ਢੀਂਡਸਾ ਪਰਿਵਾਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਅਤੇ ਚੁੱਪ ਕਰਕੇ ਘਰ ਬੈਠ ਗਿਆ। ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦਾ ਵੱਡਾ ਚਿਹਰਾ ਹਨ। ਉਨ੍ਹਾਂ ਦੀ ਨੂੰਹ ਪੁੱਤ ਭਾਜਪਾ ਵਿਚ ਚਲੇ ਗਏ ਅਤੇ ਭਾਜਪਾ ਨੇ ਨੂੰਹ ਪਰਮਪਾਲ ਕੌਰ ਨੂੰ ਬਠਿੰਡਾ ਤੋਂ ਟਿਕਟ ਦੇ ਦਿੱਤੀ ਹੈ ਅਤੇ ਉਹ ਹਰਸਿਮਰਤ ਕੌਰ ਦਾ ਮੁਕਾਬਲਾ ਕਰਨਗੇ। ਜੇਕਰ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਆਪਣਾ ਪ੍ਰਭਾਵ ਨਹੀਂ ਦਿਖਾ ਸਕੇ ਤਾਂ ਉਨ੍ਹਾਂ ਦਾ ਅਗਲਾ ਭਵਿੱਖ ਹਨੇਰੇ ਵਿਚ ਹੋਵੇਗਾ। ਪੰਜਾਬ ਦੇ ਵੱਡੇ-ਵੱਡੇ ਸਿਆਸੀ ਚਿਹਰੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਵਿਚ ਇਕ ਵੱਡਾ ਨਾਮ ਸੁਨੀਲ ਜਾਖੜ ਦਾ ਵੀ ਹੈ। ਭਾਜਪਾ ਵਲੋਂ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਭਣਆ ਦਿਤਾ ਗਿਆ। ਹੁਣ ਲੋਕ ਸਭਾ ਚੋਣਾਂ ਵਿਚ ਭਾਜਪਾ ਲਈ ਬੇਹਤਰ ਪ੍ਰਦਰਸ਼ਨ ਕਰਨ ਦੀ ਜਿੰਮੇਵਾਰੀ ਜਾਖੜ ਦੇ ਮੋਢਿਆਂ ਤੇ ਹੈ। ਜੇਕਰ ਲੋਕ ਸਭਾ ਚੋਣਾਂ ਵਿਚ ਪੰਜਾਬ ’ਚ ਭਾਜਪਾ ਦਾ ਪ੍ਰਦਰਸ਼ਨ ਵਧੀਆ ਸਾਬਤ ਨਾ ਹੋਇਆ ਤਾਂ ਸੁਨੀਲ ਜਾਖੜ ਲਈ ਵੀ ਅਗਲਾ ਰਾਜਨੀਤਿਕ ਸਫਰ ਦਾਅ ਤੇ ਲੱਗ ਜਾਵੇਗਾ। ਬੇਅੰਤ ਪਰਿਵਾਰ ਦੇ ਫਰਜ਼ੰਦ ਸੰਸਦ ਰਵਨੀਤ ਸਿੰਘ ਬਿੱਟੂ ਇਸ ਵਾਰ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਜੇਕਰ ਉਹ ਇਸ ਵਾਰ ਚੋਣ ਨਹੀਂ ਜਿੱਤਦੇ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਦਾ ਅੰਤ ਵੀ ਤੈਅ ਹੈ। ਪਰਮਾਨੈਂਟ ਪੰਜਾਬ ਦੇ ਖਜ਼ਾਨਾ ਮੰਤਰੀ ਕਹੇ ਜਾਣ ਵਾਲੇ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਗਏ। ਹੁਣ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ। ਪਰ ਭਾਜਪਆ ਵਿਚ ਬਹੁਤੀ ਅਹਮਿਅਤ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਘਰ ਬੈਠੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਅੱਗੇ ਜਾ ਕੇ ਮੁੜ ਆਪਣੇ ਭਰਾ ਸੁਖਬੀਰ ਬਾਦਲ ਨਾਲ ਹੱਥ ਮਿਲਾ ਸਕਦੇ ਹਨ। ਜਿਥੇ ਇਹ ਲੋਕ ਸਭਾ ਚੋਣਾਂ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਅਤੇ ਭਾਜਪਾ ਲਈ ਬਹੁਤ ਮਹੱਤਵ ਰੱਖਦੀਆਂ ਹਨ। ਠੀਕ ਉਸੇ ਤਰ੍ਹਾਂ ਹੀ ਪੰਜਾਬ ਦੀ ਰਾਜਨੀਤੀ ਵਿਚ ਵੀ ਅਹਿਮ ਮਹਤੱਵ ਰੱਖਦੀਆਂ ਹਨ ਕਿਉਂਕਿ ਇਸ ਵਾਰ ਪੰਜਾਬ ਦੇ ਦਿੱਗਜ ਘਰਾਣਿਆ ਦੀ ਇੱਜਤ ਦਾਅ ਤੇ ਹੈ। ਇਹ ਸਾਰੇ ਵੱਡੇ ਨੇਤਾ ਪੰਜਾਬ ਦੀ ਰਾਜਨੀਤੀ ’ਚ ਹਮੇਸ਼ਾ ਸਰਗਰਮ ਰਹੇ ਹਨ ਅਤੇ ਹੁਣ ਬਦਲੇ ਹੋਏ ਸਿਆਸੀ ਸਮੀਕਰਨਾਂ ਕਾਰਨ ਇਨ੍ਹਾਂ ਸਾਰਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਪੰਜਾਬ ਜੋ ਕਿ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਆਮ ਆਦਮੀ ਪਾਰਟੀ ਇਸ ਵਾਰ 13-0 ਦਾ ਦਾਅਵਾ ਕਰਦੀ ਹੈ। ਉਸ ਦਾ ਭਵਿੱਖ ਵੀ ਇਸ ਚੋਣ ਤੋਂ ਬਾਅਦ ਤੈਅ ਹੋਵੇਗਾ। ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿਚ ਅੱਧੀ ਤੋਂ ਵੱਧ ਸੀਟਾਂ ਜਿੱਤਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਭਵਿੱਖ ’ਚ ਪੂਰੀ ਤਰ੍ਹਾਂ ਨਾਲ ਸੱਤਾ ’ਤੇ ਕਾਬਜ਼ ਰਹਿ ਸਕੇਗੀ। ਜੇਕਰ ਪੰਜਾਬ ਵਿੱਚ ਇਸ ਵਾਰ ਤਿੰਨ-ਚਾਰ ਸੀਟਾਂ ’ਤੇ ਸਿਮਟ ਜਾਂਦੀ ਹੈ ਤਾਂ ਪੰਜਾਬ ਵਿਚ ਆਪ ਦੀ ਕਿਸ਼ਤੀ ਵੀ ਡਗਮਗਾ ਜਾਏਗੀ। ਇਸ ਲਈ ਜਿੱਥੇ ਇਹ ਲੋਕ ਸਭਾ ਚੋਣਾਂ ਦੇਸ਼ ਭਰ ਵਿੱਚ ਭਾਜਪਾ ਅਤੇ ਵਿਰੋਧੀ ਧਿਰਾਂ ਲਈ ਬਹੁਤ ਮਹੱਤਵਪੂਰਨ ਹਨ, ਉੱਥੇ ਹੀ ਪੰਜਾਬ ਦੇ ਇਹ ਵੱਡੇ ਘਰਾਣਿਆਂ ਅਤੇ ਵੱਡੇ ਨੇਤਾਵਾਂ ਅਤੇ ਪਾਰਟੀਆਂ ਲਈ ਵੀ ਮਹਤੱਵਪੂਰਨ ਹਨ। ਇਨ੍ਹਾਂ ਸਾਰਿਆਂ ਦਾ ਸਿਆਸੀ ਭਵਿੱਖ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਿਰਭਰ ਕਰਦਾ ਹੈ। ਜਿਸ ’ਤੇ ਸਭ ਦੀ ਨਜ਼ਰ ਰਹੇਗੀ। ਇਥੇ ਦਿਲਚਸਪ ਗੱਲ ਇਹ ਨਜ਼ਰ ਆ ਰਹੀ ਹੈ ਕਿ ਜੇਕਰ ਕਾਂਗਰਸ ਵਿਚ ਕੋਈ ਨੇਤਾ ਲਾਭ ਵਿਚ ਰਹੇਗਾ ਤਾਂ ਉਹ ਸਿਰਫ ਪ੍ਰਤਾਪ ਸਿੰਘ ਬਾਜਵਾ ਹਨ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੇ ਅਗਲੇ ਸਿਆਸੀ ਸਫਰ ਅਤੇ ਮੁੱਖ ਮੰਤਰੀ ਦੇ ਤਾਜ ਤੱਕ ਪਹੁੰਚਣ ਵਿਚਲੇ ਸਾਕੇ ਕੰਡੇ ਖੁਦ ਹੀ ਸਾਫ ਹੋ ਰਹੇ ਹਨ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਿੰਨੇ ਲੋਕ ਸਭਾ ਚੋਣ ਲੜ ਰਹੇ ਹਨ। ਰਵਨੀਤ ਸਿੰਘ ਬਿੱਟੂ ਖੁਦ ਹੀ ਭਾਜਪਾ ਵਿਚ ਜਾ ਕੇ ਸਾਰੀ ਰੇਸ ਵਿਚੋਂ ਬਾਹਰ ਹੋ ਗਏ। ਜੇਕਰ ਵੜਿੰਗ, ਰੰਧਾਵਾ ਅਤੇ ਚੰਨੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਕੇਂਦਰ ਵਿਚ ਚਲੇ ਜਾਣਗੇ ਅਤੇ ਜੇਕਰ ਹਾਰ ਜਾਂਦੇ ਹਨ ਤਾਂ ਬਾਜਵਾ ਸਾਹਮਣੇ ਕੱਦ ਨੀਵਾਂ ਹੋ ਜਾਵੇਗਾ। ਨਵਜੋਤ ਸਿੰਘ ਸਿੱਧੂ ਵੀ ਖੁਦ ਹੀ ਮੈਦਾਨ ਵਿਚੋਂ ਬਾਹਰ ਹੋ ਗਏ। ਇਨ੍ਹਾਂ ਹਾਲਾਤਾਂ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਦੋਵਾਂ ਹੱਥਾਂ ਵਿਚ ਲੱਡੂ ਆ ਗਏ ਉਹ ਪੰਜਾਬ ਕਾਂਗਰਸ ਦੇ ਇਕ ਵੱਡੇ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਉਣਗੇ।
ਹਰਵਿੰਦਰ ਸਿੰਘ ਸੱਗੂ।