Home Punjab ਸਰਹੰਦ ਫੀਡਰ ‘ਚ ਪਿਆ 100 ਫੁੱਟ ਦਾ ਪਾੜ!ਸਰਕਾਰੀ ਮਸ਼ੀਨਰੀ ਵੀ ਪਾਣੀ ’ਚ...

ਸਰਹੰਦ ਫੀਡਰ ‘ਚ ਪਿਆ 100 ਫੁੱਟ ਦਾ ਪਾੜ!ਸਰਕਾਰੀ ਮਸ਼ੀਨਰੀ ਵੀ ਪਾਣੀ ’ਚ ਰੁੜ੍ਹੀ

252
0


ਸ੍ਰੀ ਮੁਕਤਸਰ ਸਾਹਿਬ, 9 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਬੀਤੀਂ 8 ਮਈ ਨੂੰ ਦੇਰ ਸ਼ਾਮ ਸਰਹੰਦ ਫੀਡਰ ’ਚ ਫਿਰ ਤੋਂ ਕਰੀਬ 100 ਫੁੱਟ ਤੋਂ ਜ਼ਿਆਦਾ ਪਾੜ ਪੈ ਚੁੱਕਿਆ ਹੈ,ਜਿਸ ਕਾਰਨ ਦੋਵੇਂ ਨਹਿਰਾਂ ਦਾ ਪਾਣੀ ਆਪਿਸ ’ਚ ਮਿਲ ਕੇ ਵਹਿਣਾ ਸ਼ੁਰੂ ਹੋ ਗਿਆ,ਇਸ ਉਪਰੰਤ ਸਰਹੰਦ ਫੀਡਰ ਪਿੰਡ ਥਾਂਦੇਵਾਲੇ ਤੇ ਖਿੜਕੀਆਂ ਵਾਲੇ ਪਾਸੇ ਵੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ, ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤੇ ਕਿਉਂਕਿ ਦੋਵੇਂ ਪਿੰਡ ਡੁੱਬਣ ਦੀ ਕੰਗਾਰ ’ਤੇ ਹਨ,ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਆਪਣੇ ਪੱਧਰ ’ਤੇ ਟਰੈਕਟਰਾਂ ਦੀ ਮਦਦ ਨਾਲ ਪਿੰਡਾਂ ਵਾਲੇ ਪਾਸੇ ਮਿੱਟੀ ਪਾ ਕੇ ਨਹਿਰਾਂ ਨੂੰ ਟੁੱਟਣ ਤੋਂ ਬਚਾਇਆ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਿਥੇ ਵੱਡੇ ਪੱਧਰ ’ਤੇ ਨਹਿਰ ਦਾ ਨੁਕਸਾਨ ਹੋਇਆ ਉਥੇ ਹੀ ਸਰਕਾਰੀ ਮਸ਼ੀਨਰੀ ਵੀ ਪਾਣੀ ’ਚ ਰੁੜ ਚੁੱਕੀ ਹੈ।ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 39 ਦਿਨ ਪਹਿਲਾਂ ਇਸ ਦੀ ਮੁਰੰਮਤ ਹੋਈ ਸੀ,ਪਰ ਫਿਰ ਤੋਂ ਨਹਿਰ ਦਾ ਟੁੱਟ ਜਾਣਾ ਠੇਕੇਦਾਰਾਂ, ਸਬੰਧਿਤ ਅਧਿਕਾਰੀਆਂ ਤੇ ਸਰਕਾਰਾਂ ਦੀ ਨਲਾਇਕੀ ਦਾ ਸਬੂਤ ਪੇਸ਼ ਕਰਦਾ ਹੈ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਸਬੰਧਿਤ ਠੇਕੇਦਾਰਾਂ ’ਤੇ ਕੰਪਨੀਆਂ ’ਤੇ ਦੋਸ਼ ਲਗਾਏ ਕਿ ਨਹਿਰ ਬਣਾਉਣ ਸਮੇਂ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਗਈ,ਮਾੜਾ ਮਟੀਰੀਅਲ ਵਰਤਿਆ ਗਿਆ, ਜਿਸ ਕਾਰਨ ਇਹ ਨਹਿਰ ਕਰੀਬ 60 ਦਿਨਾਂ ਦੇ ਅੰਦਰ ਅੰਦਰ ਦੂਸਰੀ ਵਾਰ ਟੁੱਟ ਚੁੱਕੀ ਹੈ।ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਐਸਈ ਰਾਜੀਵ ਗੋਇਲ, ਐਕਸੀਅਨ ਸੁਰਜੀਤ ਸਿੰਘ, ਐਕਸੀਅਨ ਅਬੋਹਰ ਰਮਨਦੀਪ ਸਿੰਘ, ਐਕਸੀਅਨ ਡਵੀਜ਼ਨ ਫਿਰੋਜ਼ਪੁਰ ਅਮਿ੍ਰਤਪਾਲ ਸਿੰਘ, ਐਸ ਡੀ ਓ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਕ ਨਹਿਰ ਭਰੀ ਸੀ, ਜਦੋਂ ਕਿ ਚੱਲ ਰਹੇ ਵਿਕਾਸ ਕਾਰਜਾਂ ਕਰਕੇ ਖਾਲੀ ਸੀ, ਤੇ ਭਰੀ ਨਹਿਰ ਦੇ ਪਾਣੀ ਦੀ ਧੱਕ ਲੱਗਣ ਕਾਰਨ ਪਟੜੀ ਟੁੱਟ ਗਈ, ਉਨ੍ਹਾਂ ਬੀਤੇਂ 39 ਦਿਨ ਪਹਿਲਾਂ ਇਸੇ ਜਗ੍ਹਾ ਤੋਂ ਟੁੱਟੀ ਨਹਿਰ ਦੇ ਬਾਰੇ ’ਚ ਕਿਹਾ ਕਿ ਉਸ ਸਮੇਂ ਕਿਸਾਨਾਂ ਦੀ ਪਾਣੀ ਸਬੰਧੀ ਘਾਟ ਨੂੰ ਦੇਖਦੇ ਹੋਏ ਆਰਜ਼ੀ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਇਹ ਨਹਿਰ ਦੁਬਾਰਾ ਟੁੱਟ ਗਈ, ਉਨ੍ਹਾਂ ਕਿਹਾ ਕਿ ਨਹਿਰ ਟੁੱਟਣ ਦਾ ਕਾਰਨ ਡੀ ਵਾਟਰਿੰਗ ਵੀ ਹੋ ਸਕਦਾ ਹੈ।ਉਨ੍ਹਾਂ ਲੋਕਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਹਿਰ ਬਣਾਉਣ ਸਮੇਂ ਵਰਤਿਆ ਜਾਣ ਵਾਲਾ ਮਟੀਰੀਅਲ ਉੱਚ ਕੁਆਲਟੀ ਦਾ ਹੈ, ਜਿਸ ਦੀ ਸਮੇਂ-ਸਮੇਂ ’ਚ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾਂਦੀ ਹੈ। ਨਹਿਰ ’ਚ ਬੰਨ੍ਹ ਮਾਰਨ ਲਈ ਵਿਭਾਗ ਵੱਲੋਂ ਮਿੱਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਸਮਾਂ ਰਹਿੰਦੇ ਬੰਨ੍ਹ ਮਾਰਨ ਉਪਰੰਤ ਨਹਿਰ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸਥਿਤੀ ਉਨ੍ਹਾਂ ਦੇ ਕੰਟਰੋਲ ’ਚ ਹੈ।

LEAVE A REPLY

Please enter your comment!
Please enter your name here