ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕੀਤੀ
ਲੁਧਿਆਣਾ 21 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ) –
ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਰਾਜਗੁਰੂ ਨਗਰ ਵਿਖੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਸੱਦੇ ਤੇ ਪੰਜਾਬੀ ਲੇਖਕਾਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸ਼੍ਰੋਮਣੀ ਪੰਜਾਬੀ ਕਵੀ ਬਲਵਿੰਦਰ ਸੰਧੂ, ਸੁਸ਼ੀਲ ਦੋਸਾਂਝ ਸੰਪਾਦਕ ਹੁਣ, ਜੈਨਿੰਦਰ ਚੌਹਾਨ ਸਕੱਤਰ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ,ਮਨਜਿੰਦਰ ਧਨੋਆ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ ਲੁਧਿਆਣਾ, ਤ੍ਰੈਲੋਚਨ ਲੋਚੀ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਦੀਪ ਜਗਦੀਪ ਸਿੰਘ ਸੰਪਾਦਕ ਲਫ਼ਜ਼ਾਂ ਦਾ ਪੁਲ ਔਨ ਲਾਈਨ ਪੰਜਾਬੀ ਮੈਗਜ਼ੀਨ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕੀਤੀ।
ਇਸ ਮੌਕੇ ਸਵਰਗੀ ਜਗਦੇਵ ਸਿੰਘ ਜੱਸੋਵਾਲ ਜੀ ਦੇ ਪੋਤਰੇ ਅਮਰਿੰਦਰ ਸਿੰਘ ਗਰੇਵਾਲ ਦੇ ਘਰ ਪੈਦਾ ਹੋਈ ਬੇਟੀ ਅਮਰੀਨ ਦੇ ਜਨਮ ਦੀ ਖੁਸ਼ੀ ਵਿੱਚ ਸਭ ਨੇ ਰਲ ਕੇ ਕੇਕ ਕੱਟਿਆ ਤੇ ਮੁਬਾਰਕ ਦਿੱਤੀ। ਮਾਲਵਾ ਸਭਿਆਚਾਰ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਾਲਵਾ ਸਭਿਆਚਾਰ ਮੰਚ ਵੱਲੋਂ ਜੱਸੋਵਾਲ ਜੀ ਦੀ ਸਰਪ੍ਰਸਤੀ ਹੇਠ ਲਗਪਗ ਤੀਹ ਸਾਲ ਪਹਿਲਾਂ ਧੀਆਂ ਦਾ ਲੋਹੜੀ ਮੇਲਾ ਸ਼ੁਰੂ ਕਰਵਾਇਆ ਗਿਆ ਸੀ ਜੋ ਇਸ ਸਾਲ 11 ਜਨਵਰੀ ਨੂੰ ਹੋਵੇਗਾ। ਉਨ੍ਹਾਂ ਸਭ ਲੇਖਕਾਂ ਨੂੰ ਬੇਨਤੀ ਕੀਤੀ ਕਿ ਇਸ ਮੇਲੇ ਦੇ ਪਹਿਲੇ ਦਿਨ ਭਰੂਣ ਹੱਤਿਆ ਖ਼ਿਲਾਫ਼ ਕਵੀ ਦਰਬਾਰ ਵਿੱਚ ਸ਼ਾਮਿਲ ਹੋਵੋ। ਇਸ ਦੇ ਕਨਵੀਨਰ ਡਾ ਨਿਰਮਲ ਜੌੜਾ ਤੇ ਤ੍ਰੈਲੋਚਨ ਲੋਚੀ ਬਣਾਏ ਗਏ ਹਨ।
ਸਭ ਲੇਖਕਾਂ ਨੇ ਹੁੰਗਾਰਾ ਭਰਿਆ ਤੇ ਇਸ ਵਿੱਚ ਹੋਰ ਲੇਖਕਾਂ ਨੂੰ ਸ਼ਾਮਿਲ ਕਰਵਾਉਣ ਦਾ ਵਿਸ਼ਵਾਸ ਵੀ ਦਿਵਾਇਆ।
ਇਸ ਮੌਕੇ ਪੰਜਾਬੀ ਲੇਖਕਾਂ ਵੱਲੋਂ ਬੋਲਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ , ਦਰਸ਼ਨ ਬੁੱਟਰ ਤੇ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 19 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਸਮਾਗਮ ਵਿੱਚ ਕੀਤੇ ਉਸ ਐਲਾਨ ਦਾ ਅਸੀਂ ਸੁਆਗਤ ਕਰਦੇ ਹਾਂ ਜਿਸ ਵਿੱਚ ਉਨ੍ਹਾਂ 21 ਫਰਵਰੀ ਦੇ ਵਿਸ਼ਵ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਭ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ, ਵਪਾਰਕ ਅਦਾਰਿਆਂ ਤੇ ਵਿਭਾਗਾਂ ਦੇ ਸਾਈਨ ਬੋਰਡ ਤੇ ਨਿਜੀ ਘਰਾਂ ਦਰਾਂ ਦੀਆਂ ਨਾਮ ਤਖ਼ਤੀਆਂ ਸਭ ਤੋਂ ਉੱਪਰ ਪੰਜਾਬੀ ਵਿੱਚ ਲਿਖਣ ਦੀ ਅਪੀਲ ਕੀਤੀ ਹੈ। ਪੰਜਾਬੀ ਲੇਖਕ ਇਸ ਗੱਲ ਤੇ ਇੱਕ ਮੱਤ ਸਨ ਕਿ ਸਿਰਫ਼ ਨੰਗੀ ਅੱਖ ਨੂੰ ਦਿਸਣ ਵਾਲੀ ਪੰਜਾਬੀ ਹੀ ਵਿਕਾਸ ਦਾ ਆਧਾਰ ਨਹੀਂ ਸਗੋਂ ਕਚਹਿਰੀਆਂ, ਸਰਕਾਰੀ ਅਦਾਰਿਆਂ, ਵਿਦਿਅਕ ਸੰਸਥਾਵਾਂ ਤੇ ਚਿੱਠੀ ਪੱਤਰ ਦੀ ਭਾਸ਼ਾ ਵੀ ਪੰਜਾਬੀ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਵਿਧਾਨਕ ਸੋਧ ਕਰਕੇ ਇਹ ਆਦੇਸ਼ ਨਾ ਮੰਨਣ ਵਾਲਿਆਂ ਨੂੰ ਸਜ਼ਾਵਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਨਿਜੀ ਸਕੂਲ ਅਦਾਰਿਆਂ ਨੂੰ ਵੀ ਪੰਜਾਬੀ ਰਾਜ ਭਾਸ਼ਾ ਐਕਟ ਦੀ ਸਹੀ ਰੂਹ ਨਾਲ ਜੋੜਿਆ ਜਾ ਸਕੇ।ਪੰਜਾਬੀ ਲੇਖਕਾਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਨਾਪ ਤੋਲ ਇੰਸਪੈਕਟਰ ਤੇ ਪੰਜਾਬੀ ਲੇਖਕ ਵਰਿੰਦਰ ਦੀਵਾਨਾ ਖ਼ਿਲਾਫ਼ ਸਾਜ਼ਿਸ਼ ਤਹਿਤ ਰਿਸ਼ਵਤ ਕੇਸ ਰਜਿਸਟਰ ਕਰਕੇ ਗ੍ਰਿਫ਼ਤਾਰ ਕਰਨ ਦੀ ਨਿੰਦਿਆ ਕੀਤੀ ਗਈ, ਕਿਉਂਕਿ ਵਰਿੰਦਰ ਦੀਵਾਨਾ ਉਸ ਵਰਗ ਦਾ ਨੁਮਾਇੰਦਾ ਹੈ ਜੋ ਚੜ੍ਹਦੀ ਜਵਾਨੀ ਨੂੰ ਸਾਹਿੱਤ ਖੇਡਾਂ ਤੇ ਨਸ਼ਾ ਮੁਕਤ ਕਰਨ ਦੇ ਰਾਹ ਤੋਰਦਾ ਹੈ। ਇਸ ਸਬੰਧੀ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਮੁੱਖ ਵਿਜੀਲੈਸ ਡਾਇਰੈਕਟਰ ਵਰਿੰਦਰ ਕੁਮਾਰ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕੇਸ ਦੀ ਮੁੜ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਜੋ ਈਮਾਨਦਾਰ ਅਧਿਕਾਰੀ ਤੇ ਲੇਖਕ ਨੂੰ ਜਾਲ ਵਿੱਚ ਉਲਝਾਉਂਦੇ ਹਨ।ਇਸ ਮੌਕੇ ਮਾਲਵਾ ਸਭਿਆਚਾਰ ਮੰਚ ਦੇ ਸਮੂਹ ਅਹੁਦੇਦਾਰ, ਡਾ ਨਿਰਮਲ ਜੌੜਾ ਸਕੱਤਰ ਜਨਰਲ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ,ਅਮਨਦੀਪ ਬਾਵਾ,ਸੁਰਿੰਦਰਜੀਤ ਚੌਹਾਨ ਮਾਲਕ ਪ੍ਰੀਤ ਪ੍ਰਕਾਸ਼ਨ ਨਾਭਾ , ਬਾਦਲ ਸਿੰਘ ਸਿੱਧੂ, ਰਾਣਾ ਝਾਂਡੇ, ਅਮਰਿੰਦਰ ਸਿੰਘ ਗਰੇਵਾਲ ਤੇ ਅਰਜੁਨ ਬਾਵਾ ਵੀ ਹਾਜ਼ਰ ਸਨ।