ਸਾਕੇ ਕੌਮ ਦੀ ਅਣਖ਼ ਤੇ ਜ਼ਮੀਰ ਨੂੰ ਜਿਉਂਦਾ ਰਖਦੇ ਹਨ: ਭਾਈ ਪਿੰਦਰਪਾਲ ਸਿੰਘ
ਜਗਰਾਉਂ (ਪ੍ਰਤਾਪ ਸਿੰਘ, ਵਿਕਾਸ ਮਠਾੜੂ ): ਸਤਾਬਦੀ ਕਮੇਟੀ ਜਗਰਾਉਂ ਵੱਲੋਂ ਪੰਜਾ ਸਾਹਿਬ ਸਾਕੇ ਦੀ ਪਹਿਲੀ ਸਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤਸਿਲ ਰੋਡ ਵਿਖੇ ਸਮਾਗਮ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ। ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੇ ਆਉਣ ਦੀ ਖਬਰ ਨਾਲ ਇਲਾਕੇ ਦੀਆਂ ਸੰਗਤਾਂ ਵਿੱਚ ਇੰਨੀ ਉਤਸੁਕਤਾ ਬਣੀ ਹੋਈ ਸੀ ਕਿ ਭਾਈ ਪਿੰਦਰਪਾਲ ਸਿੰਘ ਜੀ ਵਲੋਂ ਕਥਾ ਵਿਚਾਰਾਂ ਦੀ ਸਮਾਪਤੀ ਤਕ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਲਾਇਨ ਨਹੀਂ ਟੁੱਟੀ।ਸੰਗਤਾਂ ਨਾਲ ਹਾਲ ਇੰਨਾ ਭਰਿਆ ਹੋਇਆ ਸੀ ਕਿ ਤਿਲ਼ ਸੁੱਟਣ ਦੀ ਵੀ ਥਾਂ ਨਹੀਂ ਸੀ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵਰਾਂਡੇ ਵਿਚ ਖੜ੍ਹ ਕੇ ਭਾਈ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਸੁਣੇ। ਭਾਈ ਪਿੰਦਰਪਾਲ ਸਿੰਘ ਜੀ ਨੇ ਕਥਾ ਵਿਚਾਰ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਪੰਜਾ ਸਾਹਿਬ ਸਾਕੇ ਦੇ ਸ਼ਹੀਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸਮੇਤ ਸੰਗਤਾਂ ਨੇ ਟਰੇਨ ਨੂੰ ਰੋਕ ਕੇ ਸਿੰਘਾਂ ਨੇ ਲੰਗਰ ਛਕਾਉਣ ਵਾਸਤੇ ਆਪਾ ਵਾਰ ਦਿੱਤਾ। ਸਿੱਖੀ ਨਾਲ ਪਿਆਰ ਕਰਨ ਵਾਲਿਆਂ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਦਾ ਸਿੱਖੀ ਨਾਲ ਕਿੰਨਾ ਮੋਹ ਸੀ ਕਿ ਉਨ੍ਹਾਂ ਲੰਗਰ ਛਕਾਉਣ ਵਾਸਤੇ ਆਪਣੀਆਂ ਜਾਨਾਂ ਤੱਕ ਦੀ ਪ੍ਰਵਾਹ ਨਾ ਕੀਤੀ। ਉਨ੍ਹਾਂ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਯੂਦ ਵੀ ਗੱਡੀ ਥਲੋ ਨਿਕਲ ਆਉਣ ਦੀ ਬਜਾਏ ਪਹਿਲਾਂ ਗੱਡੀ ਵਿੱਚ ਸਵਾਰ ਸਿੱਖਾਂ ਨੂੰ ਲੰਗਰ ਛਕਾਉਣ ਦੀ ਪਹਿਲ ਕੀਤੀ। ਸਾਨੂੰ ਵੀ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨ ਵਾਸਤੇ ਵੀ ਪ੍ਰੇਰਿਆ। ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲਾਏ ਦਸਤਖਤੀ ਸਟਾਲ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਦਸਤਖਤ ਕੀਤੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਵਿਚ ਭਾਈ ਗੁਰਚਰਨ ਸਿੰਘ ਗਰੇਵਾਲ, ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਗੁਰਦੀਪ ਸਿੰਘ ਦੁਆ, ਚਰਨਜੀਤ ਸਿੰਘ ਚਿਨੂੰ, ਕੰਵਲਜੀਤ ਸਿੰਘ, ਇਕਮਨਦੀਪ ਸਿੰਘ, ਜਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਭਜਨਗੜ, ਬਲਦੇਵ ਸਿੰਘ ਢੱਟ, ਜਤਿੰਦਰਪਾਲ ਸਿੰਘ, ਜਸਪਾਲ ਸਿੰਘ ਛਾਬੜ, ਅਮਰੀਕ ਸਿੰਘ, ਜਗਮੋਹਨ ਸਿੰਘ ਭੰਡਾਰੀ, ਭਾਈ ਸੁਖਜੀਤ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ ਸਰਨਾ, ਅਜੀਤ ਸਿੰਘ ਮਿਗਲਾਣੀ, ਅਵਤਾਰ ਸਿੰਘ ਮਿਗਲਾਣੀ, ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ, ਚਰਨਜੀਤ ਸਿੰਘ, ਗੁਰਮੀਤ ਸਿੰਘ ਬਿੰਦਰਾ, ਜਸਵੰਤ ਸਿੰਘ, ਮਨਦੀਪ ਸਿੰਘ ਸੋਢੀ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

