ਜਗਰਾਉਂ, 20 ਦਸੰਬਰ (ਪ੍ਰਤਾਪ ਸਿੰਘ): ਦਸਮੇਸ਼ ਪਿਤਾ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ ਸਜਾਈ ਜਾ ਰਹੇ ਸੰਗਤੀ ਰੂਪ ਵਿੱਚ ਸ਼ਾਮ ਫੇਰੀ ਦੀਆਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਭੰਡਾਰੀ ਭਰਾਵਾਂ ਦੇ ਗ੍ਰਹਿ ਵਿਖੇ ਪਹੁੰਚੀਆਂ ਜਿੱਥੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ। ਵਿਸ਼ੇਸ਼ ਤੌਰ ਤੇ ਪੁੱਜੇ ਭੰਡਾਰੀ ਪਰਿਵਾਰ ਦੇ ਮੈਂਬਰ ਤੇ ਪ੍ਰਸਿੱਧ ਰਾਗੀ ਭਾਈ ਨਿਰਪਾਲ ਸਿੰਘ ਅਬੋਹਰ ਵਾਲਿਆਂ ਨੇ ਬਹੁਤ ਹੀ ਰਸਭਿਨਾ ਕੀਰਤਨ ਕੀਤਾ। ਉਨ੍ਹਾਂ ਵੱਲੋਂ ਗਾਏ ਸ਼ਬਦ “ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ” ਤੇ ਸੰਗਤਾਂ ਨੇ ਜੈਕਾਰੇ ਛੱਡੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਇਹੋ ਜਿਹਾ ਰਸ ਭਿੰਨਾ ਕੀਰਤਨ ਸੁਣਨ ਤੋਂ ਬਾਅਦ ਬੋਲਣਾ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਅਜੇ ਵੀ ਕੰਨ ਅਤੇ ਮਨ ਮਿਸਰੀ ਤੋਂ ਵੀ ਮਿਠੇ ਰਸ ਨਾਲ ਸਰਸ਼ਾਰ ਹਨ। ਉਨ੍ਹਾਂ ਆਖਿਆ ਕਿ ਦਸਮੇਸ਼ ਪਿਤਾ ਜੀ ਨੇ 14 ਜੰਗਾ ਲੜੀਆਂ ਉਨ੍ਹਾਂ ਜਰ, ਜੋਰੂ, ਜਮੀਨ ਵਾਸਤੇ ਨਹੀਂ ਸਗੋਂ ਜਬਰ-ਜ਼ੁਲਮ ਦੇ ਖਿਲਾਫ਼ ਲੜੀਆ ਤੇ ਹਰ ਜੰਗ ਵਿੱਚ ਫ਼ਤਹਿ ਪਾਈ। ਜੰਗਾਂ ਜੁੱਧਾਂ ਦਰਮਿਆਨ ਵੀ ਸੱਚੇ ਪਾਤਸ਼ਾਹ ਨੇ ਸਿਧਾਂਤਾਂ ਨੂੰ ਨਹੀ ਤਿਆਗਿਆ। ਅਨੰਦਪੁਰੀ ਛੱਡਣ ਮੌਕੇ ਜਦ ਵੈਰੀ ਦਲ ਟਿੱਡੀ ਵਾਗ ਸਿੰਘਾਂ ਦਾ ਪਿੱਛਾ ਕਰ ਰਿਹਾ ਸੀ। ਪਰਿਵਾਰ ਵਿਛੜ ਰਿਹਾ ਸੀ ਪਰ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਪਾਠ ਕੀਰਤਨ ਅਰੰਭ ਕੀਤਾ। ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਐਸ ਆਰ ਕਲੇਰ ਨੇ ਭੰਡਾਰੀ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ, ਐਸ ਆਰ ਕਲੇਰ ਅਤੇ ਮੋਰੀ ਗੇਟ ਦੇ ਪ੍ਰਬੰਧਕਾਂ ਵੱਲੋਂ ਭਾਈ ਨਿਰਪਾਲ ਸਿੰਘ ਅਬੋਹਰ ਵਾਲਿਆਂ ਦਾ ਸਨਮਾਨ ਕੀਤਾ ਗਿਆ। ਪਰਿਵਾਰ ਦੇ ਸੱਦੇ ਤੇ ਵੱਡੀ ਗਿਣਤੀ ਚ ਪਹੁੰਚਿਆ ਸੰਗਤਾਂ ਵਿੱਚ ਗੁਰਦੁਆਰਾ ਮੋਰੀ ਗੇਟ ਦੇ ਪ੍ਰਬੰਧਕਾਂ, ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਗੁਲਸ਼ਨ ਅਰੋੜਾ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਸੁਖਦੇਵ ਗਰਗ, ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਗੁਰਮੀਤ ਸਿੰਘ ਬਿੰਦਰਾ, ਦਿਲਮੋਹਨ ਸਿੰਘ, ਜਤਿੰਦਰਪਾਲ ਸਿੰਘ ਜੀ ਪੀ, ਅਮਰਜੀਤ ਸਿੰਘ ਉਬਰਾਏ, ਚਰਨਜੀਤ ਸਿੰਘ ਚਿੰਨੂ, ਪਰਮਿੰਦਰ ਸਿੰਘ, ਸਰਦਾਰਾ ਸਿੰਘ, ਗੁਰਦੀਪ ਸਿੰਘ ਦੂਆ, ਗੁਰਚਰਨ ਸਿੰਘ ਮਿਗਲਾਨੀ, ਇਸ਼ਮੀਤ ਸਿੰਘ ਭੰਡਾਰੀ ਤੇ ਚਰਨਜੀਤ ਸਿੰਘ ਸਰਨਾ ਆਦ ਹਾਜ਼ਰ ਸਨ।
