ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ।ਮਾਨ ਮੰਤਰੀ ਮੰਡਲ ਚ ਉਹ ਵੱਡੇ ਚਿਹਰੇ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਨਾਂ ਚਰਚਾ ‘ਚ ਸਨ। ਵਿਧਾਇਕ ਅਮਨ ਅਰੋੜਾ,ਸਰਬਜੀਤ ਕੌਰ ਮਾਣੂਕੇ ਅਤੇ ਪ੍ਰੋ. ਬਲਜਿੰਦਰ ਕੌਰ ਨੂੰ ਮੰਤਰੀ ਅਹੁਦੇ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ।ਇਹ ਸਾਰੇ ਵਿਧਾਇਕ ਦੁਬਾਰਾ ਜਿੱਤ ਕੇ ਆਏ ਹਨ ਪਰ ਤਿੰਨਾਂ ਵਿੱਚੋਂ ਕਿਸੇ ਇਕ ਨੂੰ ਵੀ ਮੌਕਾ ਨਹੀਂ ਮਿਲਿਆ ਹੈ। ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਅਮਨ ਅਰੋੜਾ ਨੇ ਕਿਹਾ ਕਿ ਮੇਰੀ ਕੋਈ ਨਾ ਕੋਈ ਕਮੀ ਹੋਵੇਗੀ, ਜਿਸ ਕਾਰਨ ਮੈਨੂੰ ਜਗ੍ਹਾ ਨਹੀਂ ਮਿਲੀ, ਉਸ ਨੂੰ ਦੂਰ ਕਰ ਦਿੱਤਾ ਜਾਵੇਗਾ। ਪਾਰਟੀ ਵੱਲੋਂ ਜਿੱਥੇ ਵੀ ਡਿਊਟੀ ਲਗਾਈ ਜਾਵੇਗੀ ਕੰਮ ਕਰਦਾ ਰਹਾਂਗਾ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੈ। ਮੈਂ ਸ਼ੁਰੂ ਤੋਂ ਹੀ ਪਾਰਟੀ ਦਾ ਪਾਲਣ ਕਰਦੀ ਆ ਰਹੀ ਹਾਂ ਤੇ ਭਵਿੱਖ ਵਿੱਚ ਵੀ ਇਸ ਨੂੰ ਮੰਨਦੀ ਰਹਾਂਗੀ।ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਜਦੋਂ ਉਪਰੋਕਤ ਤਿੰਨਾਂ ਵਿਧਾਇਕਾਂ ਨੂੰ ਟਿਕਟਾਂ ਦੇਣ ‘ਚ ਦੇਰੀ ਹੋਈ ਤਾਂ ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਸਨ। ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਣ ਦਾ ਇਹ ਵੀ ਇਕ ਕਾਰਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ 20 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਜਦੋਂ 2022 ਵਿੱਚ ਚੋਣਾਂ ਹੋਈਆਂ ਤਾਂ 10 ਪਾਰਟੀ ਛੱਡ ਕੇ ਚਲੇ ਗਏ।ਪੰਜਾਬ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਸੱਤ ਹੋਰ ਮੰਤਰੀ ਬਣਨੇ ਬਾਕੀ ਹਨ। ਇਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਸਥਾਰ ਵਿੱਚ ਮੌਕਾ ਦਿੱਤਾ ਜਾ ਸਕਦਾ ਹੈ।