ਜਗਰਾਉਂ, 4 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 500 ਦੇ ਕਰੀਬ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਹਨ। ਉਥੋਂ ਸਾਰਿਆਂ ਨੂੰ ਮੁਫਤ ਦਵਾਈਆਂ ਅਤੇ ਕਈ ਤਰ੍ਹਾਂ ਦੇ ਟੈਸਟ ਮੁਫਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੇ ਵਿਚਕਾਰ ਜ਼ਿਆਦਾਤਰ ਦਵਾਈਆਂ ਪਹਿਲਾਂ ਹੀ ਸਥਾਪਤ ਵੱਡੇ ਹਸਪਤਾਲਾਂ ਨੂੰ ਲੰਬੇ ਸਮੇਂ ਤੋਂ ਨਹੀਂ ਭੇਜੀਆਂ ਜਾ ਰਹੀਆਂ ਹਨ। ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਮਨੋਰੋਗ ਵਿਭਾਗ ਵਿੱਚ ਲਗਪਗ ਹਰ ਤਰ੍ਹਾਂ ਦੀਆਂ ਦਵਾਈਆਂ ਨਾਰਕੋਟਿਕ ਦੇ ਦਾਇਰੇ ਵਿਚ ਆਉਣ ਵਾਲੀਆਂ ਹੁੰਦੀਆਂ ਹਨ। ਜੋ ਕਿ ਬਾਹਰੋਂ ਜਿਆਦਾਤਰ ਉਪਲਬਧ ਨਹੀਂ ਹੁੰਦੀਆਂ ਕਿਉਂਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਡਿਊਲ ਐਚ ਦੇ ਦਾਇਰੇ ਵਿਚ ਆਉਣ ਵਾਲੀਆ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਸੇਲ ਦਾ ਵੱਖਰਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ। ਦੁਕਾਨਦਾਰਾਂ ਵੱਲੋਂ ਖਰੀਦ ਕੀਤੀਆਂ ਗਈਆਂ ਇਨ੍ਹਾਂ ਦਵਾਈਆਂ ਦੀ ਇਕ ਇਕ ਗੋਲੀ ਦਾ ਹਿਸਾਬ ਹੋਣਾ ਜਰੂਰੀ ਹੈ। ਇਸ ਖੱਜਲ-ਖੁਆਰੀ ਤੋਂ ਬਚਣ ਲਈ ਬਹੁਤੇ ਦੁਕਾਨਦਾਰ ਨਾਰਕੌਟਿਕ ਦੇ ਘੇਰੇ ਵਿੱਚ ਆਉਣ ਵਾਲੀਆਂ ਦਵਾਈਆਂ ਨਹੀਂ ਰੱਖਦੇ। ਇਹ ਦਵਾਈਆਂ ਕੇਵਲ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਕੋਲ ਦਵਾਈਆਂ ਦੀਆਂ ਦੁਕਾਨਾਂ ਜਾਂ ਉਨ੍ਹਾਂ ਹਸਪਤਾਲਾਂ ਦੇ ਅੰਦਰ ਖੋਲ੍ਹੇ ਗਏ ਆਪਣੇ ਮੈਡੀਕਲ ਸਟੋਰਾਂ ਵਿੱਚ ਉਪਲਬਧ ਹਨ ਅਤੇ ਉਥੋਂ ਸਿਰਫ਼ ਉਨ੍ਹਾਂ ਵਲੋਂ ਲਿਖੀਆਂ ਦਵਾਈਆਂ ਹੀ ਉਥੋਂ ਮਿਲਦੀਆਂ ਹਨ। ਮਾਨਸਿਕ ਪ੍ਰੇਸ਼ਾਨੀ ਤੋਂ ਪੀੜਤ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਜਗਰਾਉਂ ਤੋਂ ਦਵਾਈਆਂ ਨਹੀਂ ਮਿਲ ਰਹੀਆਂ। ਕੇ.ਕੇ ਯੂਨੀਅਨ ਦੇ ਸਕੱਤਰ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਮਰੀਜ਼ ਦੀ ਸਿਵਲ ਹਸਪਤਾਲ ਤੋਂ ਮਨੋਰੋਗ ਦੀ ਦਵਾਈ ਕਾਫੀ ਸਮੇਂ ਤੋਂ ਚੱਲਦੀ ਹੈ। ਅਕਸਰ ਜੋ ਜ਼ਰੂਰੀ ਦਵਾਈ ਇਸ ਵਿੱਚ ਹੁੰਦੀ ਹੈ, ਉਹ ਹਸਪਤਾਲ ਤੋਂ ਉਪਲਬਧ ਨਹੀਂ ਹੁੰਦੀ ਅਤੇ ਬਾਹਰੋਂ ਵੀ ਉਪਲਬਧ ਨਹੀਂ ਹੁੰਦੀ। ਜਿਸ ਕਾਰਨ ਉਨ੍ਹਾਂ ਦੇ ਮਰੀਜ਼ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਜਿਵੇਂ-ਜਿਵੇਂ ਉਸ ਦੀ ਹਾਲਤ ’ਚ ਸੁਧਾਰ ਹੁੰਦਾ ਹੈ ਦਵਾਈ ਨਾ ਮਿਲਣ ਕਾਰਨ ਉਹ ਫਿਰ ਤੋਂ ਪਹਿਲਾਂ ਵਾਲੀ ਹਾਲਤ ’ਚ ਆਉਣ ਲੱਗ ਜਾਂਦਾ ਹੈ। ਜਦੋਂ ਹਸਪਤਾਲ ੱਵਤ ਮਾਨਸਿਕ ਰੋਗ ਵਿਭਾਗ ਦੇ ਕਰਮਚਾਰੀਆਂ ਨੂੰ ਪੁੱਛਿਆ ਗਿਆ ਤਾਂ ਮਨੋਰੋਗ ਦੇ ਸਟਾਫ਼ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਹਰ ਹਫ਼ਤੇ ਉਪਰੋਕਤ ਲਿਖਤੀ ਰੂਪ ਵਿੱਚ ਸਰਕਾਰ ਨੂੰ ਭੇਜ ਦਿੰਦੇ ਹਨ। ਸਰਕਾਰ ਵੱਲੋਂ ਦਵਾਈਆਂ ਨਹੀਂ ਭੇਜੀਆਂ ਜਾਂਦੀਆਂ। ਅਸੀਂ ਵਾਰ-ਵਾਰ ਲਿਖਦੇ ਹਾਂ ਪਰ ਜੇ ਉਹ ਦਵਾਈ ਨਹੀਂ ਭੇਜਦੇ ਤਾਂ ਅਸੀਂ ਕੀ ਕਰ ਸਕਦੇ ਹਾਂ। ਜੋ ਉਨ੍ਹਾਂ ਦੇ ਸਟਾਕ ਵਿੱਚ ਨਹੀਂ ਹੈ ਉਹ ਦਵਾਈ ਹਸਪਤਾਲ ਨੂੰ ਨਹੀਂ ਭੇਜੀ ਜਾਂਦੀ। ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਸਰਕਾਰ ਨੂੰ ਵੀ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ। ਜੇਕਰ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਣਗੀਆਂ ਤਾਂ ਸਰਕਾਰ ਵੱਲੋਂ ਸਿਹਤ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ।
ਕੀ ਕਹਿਣਾ ਹੈ ਐਸ ਐਮ ਓ ਦਾ-ਇਸ ਸੰਬਧ ਵਿਚ ਐਸ ਐਮ ਓ ਡਾ ਪੁਨੀਤ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਦਵਾਈਆਂ ਦੀ ਜੋ ਡਿਮਾਂਡ ਅਤੇ ਜਰੂਰਤ ਹੁੰਦੀ ਹੈ ਉਹ ਹਰ ਹਫਤੇ ਸਰਕਾਰ ਨੂੰ ਭੇਜ ਦਿਤੀ ਜਾਂਦੀ ਹੈ। ਉਥੇ ਸਟਾਕ ਵਿਚ ਜੋ ਮੌਜੂਦ ਹੁੰਦਾ ਹੈ ਉਹ ਸਾਨੂੰ ਭੇਜ ਦਿਤਾ ਜਾਂਦਾ ਹੈ। ਇਸਤੋਂ ਇਲਾਵਾ ਜੇਕਰ ਕੋਈ ਦਵਾਈ ਹਸਪਤਾਲ ਵਿਚ ਨਹੀਂ ਹੁੰਦੀ ਤਾਂ ਉਸਦੀ ਪਰਚੀ ਮਰੀਜ ਨੂੰ ਲਿਖ ਕੇ ਦੇ ਦਿਤੀ ਜਾਂਦੀ ਹੈ ਕਿ ਉਹ ਬਾਹਰੋਂ ਆਪ ਖੁਦ ਖਰੀਦ ਕਰ ਲਏ।
ਕੀ ਕਹਿਣਾ ਹੈ ਵਿਧਾਇਕ ਦਾ-ਇਸ ਸੰਬੰਧੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਹਰ ਤਰ੍ਹਾਂ ਦੀ ਦਵਾਈ ਦਾ ਸਟਾਕ ਪੂਰਾ ਕਰਵਾਉਣ ਲਈ ਉਹ ਖੁਦ ਗੱਲ ਕਰਨਗੇ ਤਾਂ ਜੋ ਕਿਸੇ ਮਰੀਜ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ।