ਫਿਰੋਜ਼ਪੁਰ 27 ਮਾਰਚ (ਬੋਬੀ ਸਹਿਜਲ) : ਜ਼ਿਲ੍ਹਾ ਬਿਊਰੋ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 28 ਅਤੇ 29 ਮਾਰਚ 2023 ਨੂੰ ਰੋਜ਼ਗਾਰ ਮੇਲੇ ਲਗਾਏੇ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹਰਮੇਸ਼ ਕੁਮਾਰ ਨੇ ਦੱਸਿਆ ਕਿ 28 ਮਾਰਚ ਨੂੰ ਸਰਕਾਰੀ ਆਈ.ਟੀ.ਆਈ. (ਲੜਕੀਆਂ) ਫਿਰੋਜ਼ਪੁਰ ਸ਼ਹਿਰ ਅਤੇ 29 ਮਾਰਚ ਨੂੰ ਸਰਕਾਰੀ ਆਈ.ਟੀ.ਆਈ. (ਲੜਕੇ) ਫਿਰੋਜ਼ਪੁਰ ਸ਼ਹਿਰ ਵਿਖੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 28 ਮਾਰਚ ਨੂੰ ਰੋਜ਼ਗਾਰ ਮੇਲੇ ਵਿੱਚ ਵਰਧਮਾਨ ਟੈਕਸਟਾਈਲ ਲਿਮਟਿਡ, ਰਿਲਾਇੰਸ ਜੀਓ, ਸੀ.ਐਸ.ਸੀ., ਅਜਾਇਲ ਹਰਬਲ, ਇੰਡੀਅਨ ਅਕਰੀਲਿਕ, ਭਾਰਤੀ ਐਕਸਾ, ਆਦਿ ਕੰਪਨੀਆਂ ਭਾਗ ਲੈ ਰਹੀਆਂ ਹਨ। ਜਿਨ੍ਹਾਂ ਵੱਲੋਂ ਦਸਵੀਂ/ਬਾਰਵੀਂ/ਗ੍ਰੈਜੂਏਟ ਪਾਸ ਕੇਵਲ ਲੜਕੀਆਂ ਦੀ ਭਰਤੀ ਕੀਤੀ ਜਾਣੀ ਹੈ।ਇਸੇ ਤਰ੍ਹਾਂ 29 ਮਾਰਚ ਨੂੰ ਰੋਜ਼ਗਾਰ ਮੇਲੇ ਦੌਰਾਨ ਫਲਿਪਕਾਰਟ, ਐਸ.ਬੀ.ਆਈ. ਕਰੈਡਿਟ ਕਾਰਡ, ਐਸ.ਬੀ.ਆਈ. ਲਾਈਫ, ਏਅਰਟੈਲ, ਸੀ.ਐਸ.ਸੀ., ਟੀਮਲੀਸ, ਐਲ.ਆਈ.ਸੀ., ਰਾਕਸਾ ਸਕਿਊਰਟੀ ਆਦਿ ਕੰਪਨੀਆਂ ਭਾਗ ਲੈ ਰਹੀਆਂ ਹਨ ਅਤੇ ਜਿਨ੍ਹਾਂ ਵਿੱਚ ਦਸਵੀਂ/ਬਾਰਵੀਂ/ਗ੍ਰੈਜੂਏਟ ਪਾਸ ਲੜਕੇ-ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਆਪਣੀ ਪੜ੍ਹਾਈ ਦੇ ਸਰਟੀਫਿਕੇਟ, ਅਧਾਰ ਕਾਰਡ, ਰਜਿ਼ਊਮ ਆਦਿ ਲੈ ਕੇ ਉਕਤ ਦਰਸਾਈਆਂ ਮਿਤੀਆਂ ਅਨੁਸਾਰ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 02:00 ਵਜੇ ਤੱਕ ਦਾ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਿਖੇ ਪਹੁੰਚ ਕੇ ਜਾਂ ਮੋਬਾਈਲ ਨੰਬਰ 94654-74122 ਤੇ ਸੰਪਰਕ ਕੀਤਾ ਜਾ ਸਕਦਾ ਹੈ।