ਅੱਜ ਦੀ ਮਹਿੰਗਾਈ ਦੇ ਸਮੇਂ ਦੌਰਾਨ ਜਦੋਂ ਕੋਈ ਵੀ ਵਿਅਕਤੀ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ, ਉਸਦੇ ਖਰਚੇ ਉਸਦੀ ਆਮਦਨੀ ਅਨੁਸਾਰ ਹੀ ਹੁੰਦੇ ਹਨ। ਹਰ ਕੋਈ ਗੁਜ਼ਾਰਾ ਮੁਸ਼ਿਕਲ ਨਾਲ ਹੀ ਚੱਲਣ ਦੀ ਗੱਲ ਕਰਦਾ ਹੈ। ਜੇ ਕੋਈ ਕਹਿੰਦਾ ਹੈ ਕਿ ਉਸਨੂੰ ਪੈਸਾ ਅਤੇ ਮਹਿੰਗੀ ਜਾਇਦਾਦ ਤੋਹਫ਼ੇ ਵਿੱਚ ਉਸਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ.ਦਿਤੀ ਗਈ ਹੈ ਤਾਂ ਉਹ ਇਕ ਵਾਰ ਹੈਰਾਨ ਕਰਨ ਵਾਲੀ ਗੱਲ ਜਰੂਰ ਹੁੰਦੀ ਹੈ ਅਤੇ ਹਰ ਕੋਈ ਸੋਚਦਾ ਵੀ ਹੈ ਕਿ ਅੱਜ ਦੇ ਸਮੇਂ ਵਿਚ ਵੀ ਕੋਈ ਬਿਨ੍ਹਾਂ ਮਤਲਬ ਦੇ ਕਿਸੇ ਨੂੰ ਗਿਫਟ ਉਹ ਵੀ ਮੰਹਿਗੇ ਦੇ ਸਕਦਾ ਹੈ ? ਪਰ ਅਜਿਹੀ ਮਿਸਾਲ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਡਰੱਗ ਦੇ ਮਾਮਲੇ ਵਿਚ ਬਰਖਾਸਤ ਕੀਤੇ ਗਏ ਏ.ਆਈ.ਜੀ. ਰਾਜਜੀਤ ਸਿੰਘ ਵਲੋਂ । ਉਨ੍ਹਾਂ ਨੇ ਆਪਣੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੂੰ ਉੁਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਜਾਇਦਾਦ ( ਜਿਸਦੀ ਕੀਮਤ ਅੱਜ ਕਰੋੜਾਂ ਰੁਪਏ ਵਿਚ ਹੈ ) ਅਤੇ ਪੈਸੇ ਗਿਫਟ ਵਜੋਂ ਦਿਤੇ ਗਏ ਹਨ। ਪਰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਜਾਂਚ ਟੀਮ ਦਾ ਮੰਨਣਾ ਹੈ ਕਿ ਰਾਜਜੀਤ ਸਿੰਘ ਵਲੋਂ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਡਰੱਗ ਮਾਫੀਆ ਦੀ ਮਿਲੀਭੁਗਤ ਨਾਲ ਇਹ ਸਾਰੀ ਜਾਇਦਾਦ ਬਣਾਈ ਹੈ। ਇਸ ਸਬੰਧੀ ਸਰਕਾਰ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਰਾਜਜੀਤ ਸਿੰਘ ਦੀ ਸਾਰੀ ਜਾਇਦਾਦ ਦੀ ਜਾਂਚ ਕੀਤੀ ਜਾਵੇ। ਇਥੇ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਵਿੱਚ ਮੌਜੂਦਾ ਸਮੇਂ ਦੌਰਾਨ ਸਿਰਫ ਇਕ ਗੀ ਰਾਜਜੀਤ ਸਿੰਘ ਨਹੀਂ ਹੈ ਜਿਸ ਪਾਸ ਬੇਹਿਸਾਬੀ ਜਾਇਦਾਦ ਅਤੇ ਪੈਸਾ ਹੈ। ਬਲਕਿ ਇਥੇ ਤਾਂ ਬਹੁ ਸੰਖਿਆ ਵਿਚ ਅਜਿਹੇ ਅਧਿਕਾਰੀ ਬੈਠੇ ਹੋਏ ਹਨ ਜੋ ਕਿ ਹਜਾਰਾ ਲੱਖਾਂ ਰੁਪਏ ਤਨਖਾਹ ਹੋਣ ਦੇ ਬਾਵਜੂਦ ਵੀ ਬਾਰਹਲੀ ਕਮਾਈ ਤੋਂ ਹੀ ਆਪਣੇ ਸਾਰੇ ਖਰਚੇ ਚਲਾਉਂਦੇ ਹਨ। ਜੇਕਰ ਇਹ ਸਵਾਲ ਕੀਤਾ ਜਾਵੇ ਕਿ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਬੇਹਿਸਾਬੀ ਦੌਲਤ ਕਿਸ ਕੋਲ ਹੈ ਤਾਂ ਇਸਦੀਆਂ ਅਨੇਕਾਂ ਮਿਸਾਲਾਂ ਹਰ ਖੇਤਰ ਵਿਚ ਸਾਹਮਣੇ ਖੜੀਆਂ ਹਨ। ਭਾਵੇਂ ਇਸ ਸਮੇਂ ਅਧਿਕਾਰੀਆਂ ਦੀ ਤਨਖਾਹ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਹੁੰਦੀ ਹੈ। ਪਰ ਉਸ਼ਦੇ ਬਾਵਜੂਦ ਵੀ ਪੁਲਿਸ ਵਿਭਾਗ ਅੰਦਰ ਕੋਈ ਵੀ ਕੰਮ ਪੈਸਾ ਖਰਚ ਕੀਤੇ ਬਗੈਰ ਹੋਣਾ ਨਾਮੁਮÇੁਕਨ ਹੈ। ਇਥੋਂ ਤੱਕ ਕਿ ਅਨੇਕਾਂ ਅਜਿਹੀਆਂ ਮਿਸਾਲਾਂ ਸਾਹਮਣੇ ਹਨ ਕਿ ਜਿਥੇ ਪੁਲਿਸ ਪੈਸੇ ਲੈ ਕੇ ਗਲਤ ਨੂੰ ਸਹੀ ਅਤੇ ਸਹੀ ਨੂੰ ਗਲਤ ਠਹਿਰਾਉਣ ਵਿਚ ਇਕ ਮਿੰਟ ਵੀ ਨਹੀਂ ਲਗਾਉਂਦੀ। ਇਸ ਤਰ੍ਹਾਂ ਦੀ ਕਾਰਵਾਈ ਨਾਲ ਬੇਕਸੂਰ ਲੋਕਾਂ ਨੂੰ ਪ੍ਰਤਾੜਿਤ ਹੋਣਾ ਪੈਂਦਾ ਹੈ। ਅਨੇਕਾਂ ਬੇਕਸੂਰ ਲੋਕ ਬਿਨ੍ਹਾਂ ਵਜਹ ਸਜਾ ਭੁਗਤਦੇ ਹਨ ਉਨ੍ਹਾਂ ਨੂੰ ਪਰਿਵਾਰਿਕ ਅਤੇ ਸਮਾਜਿਕ ਤੌਰ ਤੇ ਬਿਨ੍ਹਾਂ ਕਸੂਰ ਬੇਇੱਜਤ ਹੋਣਾਂ ਪੈਂਦਾ ਹੈ। ਇਸ ਲਈ ਜਾਂਚ ਸਿਰਫ ਇਕ ਰਾਜਜੀਤ ਸਿੰਘ ਤੱਕ ਹੀ ਸੀਮਤ ਨਹਾਂ ਰਹਿਣੀ ਚਾਹੀਦੀ ਬਲਕਿ ਹਰ ਸ਼ਹਿਰ ਵਿਚ ਹੀ ਰਾਜਜੀਤ ਬੈਠੇ ਹੋਏ ਹਨ ਉਨ੍ਹਾਂ ਦੀ ਨਾਮੀ ਬੇਨਾਮੀ ਜਾਇਦਾਦ ਅਤੇ ਬੈਂਕ ਬੈਲੇਂਸ ਦਾ ਮੁੱਲਾਂਕਣ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਇੱਕ ਕਹਾਵਤ ਬੇਹੱਦ ਪ੍ਰਚੱਲਤ ਹੈ ਕਿ ‘‘ ਰਿਸ਼ਵਤ ਲੈਂਦਾ ਉੜਿਆ ਗਿਆ, ਰਿਸ਼ਵਤ ਦੇ ਕੇ ਛੁੱਟ ਗਿਆ ’’ ਇਹ ਪੰਜਾਬ ਦੀ ਵਧੇਕੇਤਰ ਅਫਸ਼ਰਸ਼ਾਹੀ ਤੇ ਬਿਲਕੁਲ ਫਿੱਟ ਬੈਠਦਾ ਹੈ। ਬਹੁਤ ਘੱਟ ਲੋਕ ਅਜਿਹੇ ਹਨ ਜੋ ਰਿਸ਼ਵਤ ਲੈਂਦਿਆਂ ਫੜੇ ਗਏ ਸਨ ਅਤੇ ਉਹ ਸਜ਼ਾ ਦੇ ਮੁਕਾਮ ਨਹੀਂ ਪਹੁੰਚੇ। ਉਲਟਾ ਜਦੋਂ ਉਹ ਜਮਾਨਤ ਤੇ ਬਾਹਰ ਆ ਜਾਂਦੇ ਹਨ ਤਾਂ ਮਹਿਕਮਾ ਉਨ੍ਹਾਂ ਨੂੰ ਫਿਰ ਤੋਂ ਉਨ੍ਹਾਂ ਦੀ ਪਹਿਲਾਂ ਵਾਲੀ ਸੀਟ ਤੇ ਹੀ ਲਗਾ ਦਿੰਦਾ ਹੈ। ਇਹ ਸਥਿਤੀ ਸਿਰਫ਼ ਪੁਲਿਸ ਮਹਿਕਮੇ ਵਿੱਚ ਹੀ ਨਹੀਂ ਹੈ ਬਲਕਿ ਲਗ ਭਗ ਸਾਰੇ ਹੀ ਸਰਕਾਰੀ ਅਦਾਰਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਬਹੁਤ ਘੱਟ ਅਧਿਕਾਰੀ ਸਾਹਮਣੇ ਆਉਣਗੇ ਦੋ ਆਪਣਾ ਤਨਖਾਹ ਨਾਲ ਹੀ ਗੁਜਾਰਾ ਕਰਦੇ ਹਨ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਮੁਲਾਜ਼ਮ ਬਹੁਤ ਮਹਿੰਗੀਆਂ ਗੱਡੀਆਂ ਰੱਖਦੇ ਹਨ ਅਤੇ ਤਨਖ਼ਾਹ ਦੇ ਹਿਸਾਬ ਨਾਲ ਉਨ੍ਹਾਂ ਕੋਲ ਉਸ ਗੱਡੀ ਦੀ ਸਾਂਭ-ਸੰਭਾਲ ਲਈ ਪੈਸੇ ਵੀ ਨਹੀਂ ਬਚਦੇ ਹੋਣਗੇ ਪਰ ਇਸ ਦੇ ਬਾਵਜੂਦ ਸਾਰਾ ਸਮਾਂ ਉਹ ਮੰਹਿਗੀਆਂ ਗੱਡੀਆਂ ਦਾ ਹੀ ਅਨੱਦ ਮਾਣਦੇ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਆਪਣੀ ਤਨਖਾਹ ਦਾ ਇੱਕ ਪੈਸਾ ਵੀ ਇਸ ’ਤੇ ਖਰਚ ਨਹੀਂ ਕਰਦੇ। ਅਜਿਹੀ ਜਾਂਚ ਤੋਂ ਬਚਣ ਲਈ ਏਆਈਜੀ ਰਾਜਜੀਤ ਸਿੰਘ ਵਾਂਗ ਮੰਹਿਗੀ ਪ੍ਰਾਪਰਟੀ ਅਤੇ ਬੇ ਅਥਾਹ ਪੈਸਾ ਗਿਫਟ ਦੇ ਤੌਰਕ ਤੇ ਮਿਲਿਆ ਹੋਇਆ ਦਿਖਾਉਂਦੇ ਹਨ। ਇਹ ਤੌਹਫ਼ਿਆਂ ਦਾ ਸਿਲਸਿਲਾ ਹਰ ਮਹਿਕਮੇ ਵਿੱਚ ਚੱਲਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਮੰਹਿਗੇ ਗਿਫਟ ਦੇਣ ਵਾਲਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਇੰਨੇ ਮਹਿੰਗੇ ਗਿਫਟ ਕਿੱਥੋਂ ਦਿੰਦੇ ਹਨ। ਕੀ ਕਦੇ ਉਨ੍ਹਾਂ ਨੇ ਆਪਣੇ ਬੱਚਿਆਂ ਜਾਂ ਮਾਂ ਬਾਪ ਨੂੰ ਵੀ ਇੰਨੇ ਮਹਿੰਗੇ ਤੋਹਫ਼ੇ ਦਿੱਤੇ ਹਨ। ਇਹ ਵੀ ਭ੍ਰਿਸ਼ਟਾਚਾਰ ਦੀ ਵੱਡੀ ਜਾਂਚ ਦਾ ਵਿਸ਼ਾ ਹੈ। ਇਸ ਸਮੇਂ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਹੈ। ਇਸ ਲਈ ਜੋ ਵੀ ਫੜਿਆ ਗਿਆ ਉਹੀ ਚੋਰ ਹੈ ਬਾਕੀ ਸਭ ਸੁਰਖਿਅਤ ਹਨ। ਅਸਲੀਅਤ ਨੂੰ ਜਾਣਦੇ ਹੋਏ ਲੀ ਅਫਸਰਸ਼ਾਹੀ ਜਾਂ ਰਾਜਨੀਤਿਕ ਲੋਕ ਕਦੇ ਵੀ ਇਸ ਪਾਸੇ ਨਹੀਂ ਜਾਣਗੇ ਕਿਉਂਕਿ ਇਸ ਹਮਾਮ ਵਿਚ ਸਭ ਨੰਗੇ ਹਨ। ਇਸ ਲਈ ਭਵਿੱਖ ਵਿੱਚ ਵੀ ਅਜਿਹੀ ਜਾਂਚ ਦੀ ਕੋਈ ਸੰਭਾਵਨਾ ਹੈ। ਇਸੇ ਤਰ੍ਹਾਂ ਸਿਆਸੀ ਲੋਕ ਵੀ ਬਿਨਾਂ ਕਿਸੇ ਮਿਹਨਤ ਅਤੇ ਕਾਰੋਬਾਰ ਦੇ ਕਰੋੜਾਂ ਰੁਪਏ ਦੀਆਂ ਨਾਮੀ ਬੇਨਮਾਮੀ ਜਾਇਦਾਦਾ ਦੇ ਮਾਲਕ ਹਨ। ਜੋ ਕਿ ਅਜਿਹੀ ਕਿਸੇ ਵੀ ਜਾਂਚ ਦੇ ਦਾਇਅਰੇ ਵਿਚ ਆਉਣ ਤੋਂ ਬਚਣ ਲਈ ਆਪਣੇ ਵਿਚੋਲੀਏ, ਦਲਾਲਾਂ ਅਤੇ ਭਰੋਸੇਮੰਦ ਵਿਅਕਤੀਆਂ ਦੇ ਨਾਮ ਤੇ ਬੇਨਾਮੀ ਜਾਇਦਾਦ ਬਣਾਉਂਦੇ ਹਨ। ਇਹ ਪ੍ਰਕਰਣ ਸ਼ੁਰੂ ਤੋਂ ਲੈ ਕੇ ਹੀ ਹੁੰਦਾ ਆਇਆ ਹੈ ਇਸ ਲਈ ਇਹ ਕਦੇ ਵੀ ਨਾ ਖਤਮ ਹੋਣ ਵਾਲੀ ਬਹਿਸ ਹੈ ਅਤੇ ਨਾ ਹੀ ਕੋਈ ਸਰਕਾਰ ਅਤੇ ਨਾ ਹੀ ਕੋਈ ਏਜੰਸੀ ਇਸ ਪਾਸੇ ਕੋਈ ਕਦਮ ਉਠਾਏਗੀ।
ਹਰਵਿੰਦਰ ਸਿੰਘ ਸੱਗੂ।