ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਰਾਜ ਦੌਰਾਨ ਸਮੇਂ-ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਜਿਸਦਾ ਖਮਿਆਜਾ ਅਕਾਲੀ ਦਲ ਨੂੰ ਭੁਗਤਨਾ ਪਿਆ ਅਤੇ ਪਾਰਟੀ ਅਰਸ਼ ਤੋਂ ਉਪਸ਼ ਤੱਕ ਮੂਧੇ ਮੂੰਹ ਆ ਡਿੱਗੀ। ਉਸੇ ਦੌਰਾਨ ਹੀ ਬਹਿਬਲ ਗੋਲੀ ਕਾਂਡ ਵੀ ਵਾਪਰਿਆ। ਜਿਸ ਵਿਚ ਸ਼ਾਂਤਮਈ ਢੱਗ ਨਾਲ ਬੇਅਦਬੀ ਮਾਮਲਿਆਂ ਵਿਚ ਇਨਸਾਫ ਲਈ ਜਾਪ ਕਰ ਰਹੇ ਸਿੰਘਾਂ ਤੇ ਗੋਲੀ ਚਲਾ ਦਿਤੀ ਗਈ ਅਤੇ ਦੋ ਸਿੰਘ ਸ਼ਹੀਦ ਹੋ ਗਏ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਿੰੱਖ ਸੰਗਤ ਬੇ ਅਦਬੀ ਦੀਆਂ ਘਟਨਾਵਾਂ ਸੰਬੰਧੀ ਇਨਸਾਫ ਲਈ ਸੰਘਰਸ਼ ਕਰ ਰਹੀਆਂ ਹਨ। ਇਕ ਇਕ ਕਰਕੇ ਦੋ ਸਰਕਾਰਾਂ ਚਲੀਆਂ ਗਈਆਂ ਅਤੇ ਤੀਸਰੀ ਸਰਕਾਰ ਚੱਲ ਰਹੀ ਹੈ ਪਰ ਇਨਸਾਫ ਲਈ ਸਿੱਖ ਸੰਗਤ ਅੱਜ ਵੀ ਉਸੇ ਸੰਘਰਸ਼ ਦੇ ਰਾਹ ਤੇ ਖੜੀ ਹੈ। ਬੇਅਦਬੀ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਅਤੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਦੇ ਕਟਹਿਰੇ ਵਿੱਚ ਲਿਆਉਣ ਲਈ ਇਨਸਾਫ਼ ਦਾ ਵਾਅਦਾ ਕਰਕੇ ਕਾਂਗਰਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾ ਗਏ। ਉਨ੍ਹਾਂ ਦੇ ਸਾਸ਼ਨ ਕਾਲ ਦੌਰਾਨ ਵੀ ਕਈ ਘਟਨਾਵਾਂ ਬੇ ਅਦਬੀ ਦੀਆਂ ਵਾਪਰੀਆਂ ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੇ ਵਾਅਦੇ ਕਰਕੇ ਆਈ ਸੀ ਉਨ੍ਹਾਂ ਦੀ ਪੂਰਤੀ ਨਹੀਂ ਹੋ ਸਕੀ ਬਲਕਿ ਉਨ੍ਹਾਂ ਸੰਨਵੇਦਨਸ਼ੀਲ ਮੁੱਦਿਆਂ ਤੇ ਰਾਜਨੀਤੀ ਖੂਬ ਹੁੰਦੀ ਹੀ ਅਤੇ ਹਰ ਕੋਈ ਸਿਆਸੀ ਰੋਟੀਆਂ ਸੇਕਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਵੀ ਬੇ ਅਦਬੀ ਦੇ ਮਾਮਲਿਆਂ ਸੰਬੰਧੀ ਇਨਸਾਫ ਨਹੀਂ ਹੋਇਆ ਤਾਂ ਇਸ ਮੁੱਦੇ ਨੂੰ ਕੈਸ਼ ਕਰਕੇ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਨਾਲ ਸੱਤਾ ਵਿਚ ਆ ਗਈ। ਆਪ ਵਲੋਂ ਵੀ ਹੁਣ ਤੱਕ ਸਿਰਫ ਡੰਗ ਟਪਾਊ ਕਾਰਵਾਈ ਹੀ ਕੀਤੀ ਗਈ। ਹੁਣ ਸੋਮਵਾਰ ਨੂੰ ਮੋਰਿੰਡੇ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ। ਇਕ ਵਿਅਕਤੀ ਦਰਬਾਰ ਸਾਹਿਬ ’ਚ ਦਾਖਲ ਹੋ ਕੇ ਜਿੱਥੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਦਾ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਕਰ ਦਿੰਦਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਭਰ ਵਿੱਚ ਹੰਗਾਮਾ ਮਚਾ ਦਿੱਤਾ ਹੈ। ਭਾਵੇਂ ਕਿ ਸਿੱਖ ਸੰਗਤ ਨੇ ਤੁਰੰਤ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਪਰ ਇਸ ਘਟਨਾ ਨਾਲ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਇਹ ਕਹਿ ਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਲੋਕ ਮਾਨਸਿਕ ਰੋਗੀ ਹਨ। ਪਰ ਇਹ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਸਿੱਖਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ। ਇਸ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਉਣ ਦੀ ਲੋੜ ਹੈ। ਲੰਬੇ ਸਮੇਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਧਾਰਮਿਕ ਮੁੱਦੇ ਅਜਿਹੇ ਹਨ ਕਿ ਲੋਕਾਂ ਨੂੰ ਧਰਮ ਦੇ ਨਾਂ ’ਤੇ ਆਸਾਨੀ ਨਾਲ ਭੜਕਾਇਆ ਜਾ ਸਕਦਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੀ ਇਹੋ ਸੋਚ ਰੱਖਦੇ ਹਨ । ਇਸ ਲਈ ਪੰਜਾਬ ਵਾਸੀਆਂ ਨੂੰ ਇਸ ਮਾਮਲੇ ਵਿਚ ਸੁਚੇਤ ਰਹਿਣ ਦੇ ਨਾਲ-ਨਾਲ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸੋਚ ਰਹੇ ਹਨ, ਉਨ੍ਹਾਂ ਦੇ ਮਨਸੂਬੇ ਪੂਰੇ ਨਾ ਹੋਣ। ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੁਝ ਨਹੀਂ ਅਤੇ ਪੰਜਾਬ ਜੋ ਗੁਰੂ ਪੀਰਾਂ ਦੀ ਧਰਤੀ ਹੈ ਇਥੇ ਅਜਿਹੀਆਂ ਘਟਨਾਵਾਂ ਵਾਪਰਨੀਆਂ ਬੇਹੱਦ ਮੰਦਭਾਗਾ ਹੈ। ਅਜਿਹੇ ਲੋਕਾਂ ’ਤੇ ਸਿਰਫ ਇਹ ਕਹਿ ਕੇ ਰਹਿਮ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਜੇਕਰ ਮਾਨਿਸਕ ਤੌਰ ਤੇ ਪ੍ਰੇਸ਼ਾਨ ਹਨ ਤਾਂ ਉਙ ਆਪਣੇ ਘਰਾਂ ਵਿਚ ਜਾਂ ਥਾਣੇ ਕਚਿਹਰੀ ਜਾ ਕੇ ਹਿੰਸਕ ਕਿਉਂ ਨਹੀਂ ਹੁੰਦੇ ? ਅਜਿਹੇ ਲੋਕਾਂ ਨੂੰ ਮਾਨਸਿਸਕ ਰੋਗੀ ਕਹਿ ਕੇ ਕੋਈ ਰਿਆਇਤ ਨਹੀਂ ਦਿਤੀ ਜਾਣੀ ਚਾਹੀਦੀ। ਅਸੀਂ ਇੱਕ ਵਾਰ ਫਿਰ ਤੋਂ ਇਹ ਕਹਿਣਾ ਚਾਹਾਂਗੇ ਕਿ ਸੰਗਤ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇ ਮੁਕਾਮ ਤੱਕ ਪਹੁੰਚਾਇਆ ਜਾਵੇ। ਅਤੇ ਇਸ ਪਿੱਛੇ ਚੱਲ ਰਹੀ ਸਾਜਿਸ਼ ਨੂੰ ਨੰਗਾ ਕੀਤਾ ਜਾਵੇ।
ਹਰਵਿੰਦਰ ਸਿੰਘ ਸੱਗੂ ।