ਫਾਜਿ਼ਲਕਾ, 9 ਮਈ (ਲਿਕੇਸ਼ ਸ਼ਰਮਾ – ਮੋਹਿਤ ਜੈਨ) : ਉਦਯੋਗ ਅਤੇ ਵਣਜ ਵਿਭਾਗ ਵੱਲੋਂ ਜਿ਼ਲ੍ਹਾ ਉਦਯੋਗ ਕੇਂਦਰ ਫਾਜਿ਼ਲਕਾ ਦੇ ਸਹਿਯੋਗ ਨਾਲ ਉਦਯੋਗਪਤੀਆਂ ਅਤੇ ਨਵੇਂ ਉਧਮੀਆਂ ਨੂੰ ਪੰਜਾਬ ਸਰਕਾਰ ਦੀ ਨਵੀਂ ਇੰਡਸਟਰੀ ਪਾਲਿਸੀ ਅਤੇ ਉਦਯੋਗਾਂ ਲਈ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਵਰਕਸ਼ਾਪ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰਵਾਈ ਗਈ।ਇਸ ਮੌਕੇ ਜੀਐਮ ਡੀਆਈਸੀ ਜ਼ਸਵਿੰਦਰ ਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਦਯੋਗਾਂ ਲਈ ਕਈ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਇਕ ਸਰਹੱਦੀ ਜਿ਼ਲ੍ਹਾ ਹੈ ਅਤੇ ਇੱਥੇ ਤਾਂ ਹੋਰ ਵੀ ਵਧੇਰੇ ਸਹੁਲਤਾਂ ਉਦਯੋਗਾਂ ਨੂੰ ਮਿਲ ਰਹੀਆਂ ਹਨ।ਉਦਯੋਗ ਅਤੇ ਵਣਜ ਵਿਭਾਗ ਦੇ ਪਾਲਿਸੀ ਇੰਮਪਲੀਮੈਂਟੇਸ਼ਨ ਯੁਨਿਟ ਦੇ ਸਹਾਇਕ ਡਾਇਰੈਕਟਰ ਸ੍ਰੀ ਰਾਹੁਲ ਗਰਗ ਨੇ ਦੱਸਿਆ ਕਿ ਵਣਜ ਤੇ ਵਪਾਰ ਕਰਨ ਦੀ ਅਸਾਨੀ ਵਿਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਹੈ ਅਤੇ ਵਿਭਾਗ ਵੱਲੋਂ ਨਵੇਂ ਉਦਯੋਗ ਦੀ ਸਥਾਪਨਾ ਲਈ ਅਰਜੀ ਦੇਣ ਤੋਂ ਲੈ ਕੇ ਹਰ ਪ੍ਰਕਾਰ ਦੀਆਂ ਪ੍ਰਵਾਨਗੀਆਂ ਦੀ ਪ੍ਰਕ੍ਰਿਆਂ ਨੂੰ ਆਨਲਾਈਨ ਅਤੇ ਸਮਾਂਬੱਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਵਿਭਾਗ ਦੇ ਪੋਰਟਲ ਤੋਂ ਹਰ ਪ੍ਰਕਾਰ ਦੀਆਂ ਸੇਵਾਵਾਂ ਲੈ ਸਕਦੇ ਹਨ ਅਤੇ ਪ੍ਰਾਰਥੀ ਨੂੰ ਕਿਸੇ ਵੀ ਦਫ਼ਤਰ ਵਿਚ ਜਾਣ ਦੀ ਜਰੂਰਤ ਨਹੀਂ ਹੈ। ਇਸ ਪੋਰਟਲ ਤੇ 23 ਵਿਭਾਗਾਂ ਨਾਲ ਸਬੰਧਤ 144 ਸੇਵਾਵਾਂ ਆਨਲਾਈਨ ਉਪਲਬੱਧ ਹਨ। ਉਨ੍ਹਾਂ ਨੇ ਕਿਹਾ ਕਿ ਲਘੂ ਅਤੇ ਛੋਟੇ ਉਦਯੋਗ ਸ਼ੁਰੂ ਕਰਨ ਦੀ ਪ੍ਰਕ੍ਰਿਆ ਤਾਂ 3 ਤੋਂ 15 ਦਿਨ ਵਿਚ ਪੂਰੀ ਕੀਤੀ ਜਾ ਸਕਦੀ ਹੈ ਜਿਸਤੋਂ ਬਾਅਦ ਸਬੰਧਤ ਨੇ 3 ਸਾਲਾਂ ਵਿਚ ਬਾਕੀ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਵਿਚ ਨਵੇਂ ਅਤੇ ਪੁਰਾਣੇ ਉਦਯੋਗਾਂ ਦੇ ਵਿਸਥਾਰ ਦੋਨਾਂ ਲਈ ਲਾਭ ਦਿੱਤੇ ਗਏ ਹਨ।ਇਸ ਮੌਕੇ ਉੱਧਮੀਆਂ ਨੂੰ ਸੀਜੀਟੀਐਮਐਸਈ ਸਕੀਮ ਬਾਰੇ ਦੱਸਿਆ ਗਿਆ ਜਿਸ ਤਹਿਤ ਉਨ੍ਹਾਂ ਨੂੰ 5 ਕਰੋੜ ਤੱਕ ਦਾ ਲੋਨ ਬਿਨ੍ਹਾਂ ਕਿਸੇ ਬੈਂਕ ਗਰੰਟੀ ਦੇ ਮਿਲ ਸਕਦਾ ਹੈ ਅਤੇ ਇਸੇ ਤਰਾਂ 90 ਫੀਸਦੀ ਤੱਕ ਦੀ ਗ੍ਰਾਂਟ ਵਾਲੀ ਕਲਸਟਰ ਵਿਕਾਸ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉੱਚ ਉਦਯੋਗਿਕ ਉਨੱਤੀ ਅਫ਼ਸਰ ਸ੍ਰੀ ਅਜੈ ਸਿਡਾਨਾ ਨੇ ਇਸ ਤੋਂ ਪਹਿਲਾਂ ਸਮੂਹ ਉਧਮੀਆਂ ਨੂੰ ਜੀਆਇਆਂ ਨੂੰ ਕਿਹਾ ਅਤੇ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ।ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦਾ ਸਮੂਹ ਸਟਾਫ ਮੌਜੂਦ ਸੀ।