ਤਰਨ ਤਾਰਨ, 10 ਮਈ (ਵਿਕਾਸ ਮਠਾੜੂ) : ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲਾ ਪ੍ਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਤਰਨਤਾਰਨ ਦੇ ਸਰਹੱਦੀ ਏਰੀਏ ਦੇ ਪਿੰਡਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਦੀ ਲੜੀ ਨੂੰ ਸ਼ੁਰੂ ਕੀਤਾ ਗਿਆ ਹੈ।ਇਨਾਂ ਮੈਡੀਕਲ ਕੈਂਪਾਂ ਦੀ ਰਹਿਨੁਮਾਈ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲਾ ਟੀਕਾਕਰਨ ਅਫਸਰ ਤਰਨਤਾਰਨ ਡਾ. ਵਰਿੰਦਰਪਾਲ ਕੌਰ ਵੱਲੋਂ ਕੀਤੀ ਜਾ ਰਹੀ ਹੈ।ਜ਼ਿਲੇ ਦੇ ਸਰਹੱਦੀ ਬਲਾਕ ਖੇਮਕਰਨ ਵਿੱਚ ਸੀਨੀਅਰ ਮੈਡੀਕਲ ਅਫਸਰ, ਡਾ. ਰਿਦਮ ਸੂਦ ਦੀ ਯੋਗ ਅਗਵਾਈ ਹੇਠ ਹੁਣ ਤੱਕ ਕੁੱਲ 7 ਮੈਡੀਕਲ ਕੈਂਪ ਲੱਗ ਚੁੱਕੇ ਹਨ ਅਤੇ ਇਨਾਂ ਕੈਂਪਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸਰਹੱਦੀ ਖੇਤਰ ਨਾਲ ਸਬੰਧਤ ਲੋਕਾਂ ਵੱਲੋਂ ਲਾਭ ਲਿਆ ਹੈ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਹੈ।ਬਲਾਕ ਖੇਮਕਰਨ ਦੇ ਵਿੱਚ ਹੁਣ ਤੱਕ ਬਾਰਡਰ ਏਰੀਆ ਦੇ ਪਿੰਡ ਖੇਮਕਰਨ, ਮਹਿਦੀਪੁਰ,ਮਨਾਵਾ,ਰੱਤੋਕੇ, ਭੰਗਾਲਾ, ਤੂਤ, ਮਸਤਗੜ੍ਹ ਵਿੱਚ ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਦੇ ਵਿੱਚ ਜਿਥੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਉਥੇ ਨਾਲ ਹੀ ਵਿਭਾਗ ਵੱਲੋਂ ਮੁਫਤ ਦਵਾਈਆਂ ਅਤੇ ਮੁਫਤ ਟੈਸਟ ਮੌਕੇ ‘ਤੇ ਹੀ ਕੀਤੇ ਗਏ।ਪਿੰਡ ਮਹਿੰਦੀਪੁਰ ਵਿੱਚ 260 ਮਰੀਜ਼ਾਂ ਵੱਲੋਂ ਲਾਭ ਲਿਆ ਗਿਆ ਅਤੇ ਕਾਲੇ ਪੀਲੀਏ ਨੂੰ ਧਿਆਨ ਵਿੱਚ ਰੱਖਦਿਆਂ ਐਸ.ਐਮ.ਓ, ਡਾ. ਰਿਦਮ ਸੂਦ ਵੱਲੋਂ ਰੈਪਿਡ ਕਿੱਟਾਂ ਰਾਹੀ ਐਚ. ਸੀ. ਵੀ. ਟੈਸਟ ਕਰਨ ਦੇ ਨਾਲ-ਨਾਲ ਬਲੱਡ ਸ਼ੂਗਰ, ਐਚ.ਬੀ, ਐਚ. ਆਈ. ਵੀ. ਟੈਸਟ ਕੀਤੇ ਗਏ।ਇਸ ਕੈਂਪ ਦਾ ਪਿੰਡ ਦੇ ਲੋਕਾਂ ਵੱਲੋਂ ਫਾਇਦਾ ਲਿਆ ਗਿਆ।ਇਥੇ ਇਹ ਵੀ ਦੱਸਣਯੋਗ ਹੈ ਸਰਹੱਦੀ ਕਸਬਾ ਵਲਟੋਹਾ ਵਿਖੇ ਚੱਲ ਰਿਹਾ ਆਮ ਆਦਮੀ ਕਲੀਨਿਕ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਰੋਜ਼ਾਨਾ ਸੈਕੜੇ ਲੋਕ ਇਸ ਦਾ ਭਰਪੂਰ ਫਾਇਦਾ ਲੈ ਰਹੇ ਹੈ।ਵਲਟੋਹਾ ਤੋਂ ਇਲਾਵਾ ਨਜ਼ਦੀਕੀ ਦੇ ਸਰਹੱਦੀ ਪਿੰਡ ਆਸਲ ਉਤਾੜ , ਚੀਮਾ,ਅਮਰਕੋਟ ,ਤੂਤ ,ਭੰਗਾਲਾ , ਚੱਕਵਾਲੀਆਂ ਦੇ ਲੋਕ ਵੀ ਆਮ ਆਦਮੀ ਕਲੀਨਿਕ ਤੋਂ ਆਪਣਾ ਇਲਾਜ ਕਰਵਾ ਰਹੇ ਹਨ।ਖੇਮਕਰਨ ਵਿਖੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਲੱਗੇ ਦੋ ਰੋਜਾ ਕੈਂਪ ਦੌਰਾਨ ਬਾਰਡਰ ਖੇਤਰ ਦੇ 859 ਮਰੀਜ਼ਾਂ ਵੱਲੋਂ ਆਪਣੀ ਸਿਹਤ ਜਾਂਚ ਕਰਵਾ ਕੇ ਮੈਡੀਕਲ ਕੈਂਪ ਦਾ ਫਾਇਦਾ ਲਿਆ ਗਿਆ। ਪਿੰਡ ਮਨਾਵਾਂ ‘ਚ ਲੱਗੇ ਮੈਡੀਕਲ ਕੈਂਪ ਵਿੱਚ 79 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਅਤੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ।ਪਿੰਡ ਰੱਤੋਕੇ ਵਿਖੇ ਨੂੰ 142 ਮਰੀਜਾਂ ਦਾ ਮੈਡੀਕਲ ਚੈਕ-ਅਪ ਕੀਤਾ ਤੇ ਫਰੀ ਦਵਾਈਆਂ ਦਿੱਤੀਆਂ।ਪਿੰਡ ਭੰਗਾਲਾ 102 ਮਰੀਜਾਂ ਦਾ ਮੈਡੀਕਲ ਚੈੱਕਅੱਪ ਕੀਤਾ ਅਤੇ ਫਰੀ ਦਵਾਈਆਂ ਦਿੱਤੀਆਂ ਅਤੇ ਪਿੰਡ ਤੂਤ ਵਿਖੇ 87 ਮਰੀਜਾਂ ਦਾ ਮੈਡੀਕਲ ਚੈੱਕ-ਅਪ ਕੀਤਾ ਤੇ ਫ਼ਰੀ ਦਵਾਈਆਂ ਦਿੱਤੀਆਂ।ਪਿੰਡ ਮਸਤਗੜ੍ਹ ਵਿਖੇ 106 ਮਰੀਜਾਂ ਦਾ ਮੈਡੀਕਲ ਚੈੱਕ-ਅਪ ਕੀਤਾ ਅਤੇ ਫਰੀ ਦਵਾਈਆਂ ਦਿੱਤੀਆਂ।ਵਿਸ਼ੇਸ਼ ਮੈਡੀਕਲ ਕੈਂਪਾਂ ਬਾਰੇ ਗੱਲਬਾਤ ਕਰਦਿਆਂ ਐਸ.ਐਮ.ਓ, ਡਾ. ਰਿਧਮ ਸੂਦ ਨੇ ਕਿਹਾ ਕਿ ਇਸੇ ਲੜੀ ਤਹਿਤ ਮਿਤੀ 15 ਮਈ, 2023 ਨੂੰ ਪਿੰਡ ਲਾਖਣਾ ਵਿਖੇ ਅਜਿਹੇ ਕੈਂਪ ਲਗਾ ਕੇ ਬਾਰਡਰ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਉਨਾਂ ਦੇ ਪਿੰਡਾਂ ‘ਚ ਜਾ ਕੇ ਵਿਭਾਗ ਦੀ ਟੀਮਾਂ ਵੱਲੋਂ ਦਿੱਤੀਆਂ ਜਾਣਗੀਆਂ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।ਬਲਾਕ ਐਜੂਕੇਟਰ ਹਰਜੀਤ ਸਿੰਘ ਪਹੁਵਿੰਡ ਨੇ ਕਿਹਾ ਕਿ ਇਨਾਂ ਕੈਂਪਾਂ ਦਾ ਮੁੱਖ ਮੰਤਵ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕ ਕਰਨ ਹੈ।ਉਨਾਂ ਕਿਹਾ ਕਿ ਮੈਡੀਕਲ ਕੈਂਪਾਂ ਦੌਰਾਨ ਆਈ. ਈ. ਸੀ ਗਤੀਵਿਧੀਆਂ ਕਰਕੇ ਮਾਸ ਮੀਡੀਆ ਵਿੰਗ ਵੱਲੋਂ ਜਾਗਰੂਕਤਾਂ ਫੈਲਾਈ ਗਈ ਤਾਂ ਜੋ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ। ਉਨਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਵਿਰੁੱਧ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਵੀ ਸਿਹਤ ਵਿਭਾਗ ਵੱਲੋਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ।