ਫਾਜਿ਼ਲਕਾ, 11 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਜਾਨਵਰਾਂ ਤੇ ਅਤਿਆਚਾਰ ਰੋਕਣ ਲਈ ਬਣੀ ਜਿ਼ਲ੍ਹਾ ਪੱਧਰੀ ਸੁਸਾਇਟੀ ਦੀ ਬੈਠਕ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ।ਬੈਠਕ ਵਿਚ ਜਿ਼ਲ੍ਹੇ ਵਿਚ ਜਾਨਵਰਾਂ ਖਿਲਾਫ ਅਤਿਆਚਾਰ ਰੋਕਣ ਲਈ ਉਪਰਾਲਿਆਂ ਤੇ ਚਰਚਾ ਕੀਤੀ ਅਤੇ ਇਸ ਸੁਸਾਇਟੀ ਦੇ ਜਨਰਲ ਬਾਡੀ ਦੇ ਪੁਨਰਗਠਨ ਸਬੰਧੀ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਪਹਿਲਾਂ ਇਕ ਸੁਸਾਇਟੀ ਦੀ ਦੇਖਰੇਖ ਵਿਚ ਗਊਸ਼ਾਲਾ ਚੱਲ ਰਹੀ ਹੈ ਜ਼ੋ ਬੇਸਹਾਰਾ ਗਾਂਵਾਂ ਅਤੇ ਨੰਦੀਆਂ ਦੀ ਦੇਖਭਾਲ ਕਰਦੀ ਹੈ ਜਦ ਕਿ ਇਹ ਸੁਸਾਇਟੀ ਉਸਤੋਂ ਵੱਖਰੀ ਹੋਵੇਗੀ ਜ਼ੋ ਕਿ ਹਰ ਪ੍ਰਕਾਰ ਦੇ ਜਾਨਵਰਾਂ ਤੇ ਅਤਿਆਚਾਰ ਰੋਕਣ ਅਤੇ ਉਨ੍ਹਾਂ ਦੀ ਸੰਭਾਲ ਲਈ ਕੰਮ ਕਰੇਗੀ।ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਜਖਮੀ ਜਾਨਵਰਾਂ ਨੂੰ ਲਿਆਉਣ ਲਈ ਨਗਰ ਕੌਂਸਲ ਫਾਜਿ਼ਲਕਾ ਵੱਲੋਂ ਇਕ ਐਂਬੂਲੈਂਸ ਦੀ ਖਰੀਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਇਹ ਖਰੀਦ ਜਲਦ ਕਰਨ ਲਈ ਕਿਹਾ। ਇਸੇ ਤਰਾਂ ਸਲੇਮਸ਼ਾਹ ਦੀ ਗਊਸ਼ਾਲਾ ਦੇ ਨਾਲ ਹੀ ਜਖਮੀ ਜਾਨਵਰਾਂ ਦੀ ਸੰਭਾਲ ਲਈ ਅਲਗ ਤੋਂ ਸੈਡ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਇਸ ਸੁਸਾਇਟੀ ਦੇ ਪ੍ਰਬੰਧਕ ਵਜੋਂ ਕੰਮ ਕਰਣਗੇ। ਉਨ੍ਹਾਂ ਨੇ ਪਸ਼ੁ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਗਉ਼ਸਾਲਾ ਅਤੇ ਸੁਸਾਇਟੀ ਦੇ ਬਣਨ ਵਾਲੇ ਸੈਡਾਂ ਵਿਚ ਰੋਜਾਨਾ ਅਧਾਰ ਤੇ ਵੈਟਰਟਨਰੀ ਡਾਕਟਰ ਭੇਜ਼ੇ ਜਾਣ। ਉਨ੍ਹਾਂ ਨੇ ਗਊਸਾਲਾ ਵਿਚ ਵੀ ਜਾਨਵਰਾਂ ਦੇ ਵਿਹਾਰ ਅਤੇ ਉਮਰ ਅਨੁਸਾਰ ਅਲਗ ਅਲਗ ਸੈਡ ਬਣਾਉਣ ਦੇ ਨਿਰਦੇਸ਼ ਦਿੱਤੇ।ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ,ਪਸ਼ੂ ਪਾਲਣ ਵਿਭਾਗ ਤੋਂ ਰਾਜੀਵ ਕੁਮਾਰ ਛਾਬੜਾ,ਅਨਿਲ ਪਾਠਕ,ਗੁਰਚਰਨ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।