ਆਮ ਆਦਮੀ ਪਾਰਟੀ ਨੂੰ ਕੁਝ ਸਮਾਂ ਪਹਿਲਾਂ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਸੀ। ਪਰ ਜਿਸ ਤਰ੍ਹਾਂ ਭਾਜਪਾ ਅਤੇ ਕੇਜਰੀਵਾਲ ਵਿਚਕਾਰ 36 ਦਾ ਅੰਕੜਾ ਸਮੇਂ-ਸਮੇਂ ’ਤੇ ਵਧਦਾ ਜਾ ਰਿਹਾ ਹੈ। ਜਿਸ ਨਾਲ ਹੁਣ ਉਸ ਬੀ ਟੀਮ ਵਾਲੀ ਸੋਚ ਤੇ ਵਿਰਾਮ ਚਿੰਨ੍ਹ ਲੱਗ ਗਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀਆਂ ਗਲਤੀਆਂ ਕਾਰਨ ਕੇਜਰੀਵਾਲ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਮਿਲ ਰਹੀ ਹੈ ਅਤੇ ਉਹ ਦੇਸ਼ ਭਰ ’ਚ ਇਕ ਵੱਡੇ ਨੇਤਾ ਦੇ ਰੂਪ ’ਚ ਉਭਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ’ਚ ਮੋਦੀ ਸਰਕਾਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਦਿੱਲੀ ਵਿੱਚ ਨਾ ਚੱਲਣ ਦਿਤਾ ਜਾਵੇ ਪਰ ਹਰ ਵਾਰ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਕੇਜਰੀਵਾਲ ਅੱਗੇ ਵਧਣ ਵਿੱਚ ਸਫਲ ਰਹੇ। ਬਿਨਾਂ ਵਜਹ ਦਿੱਲੀ ਸਰਕਾਰ ਦੇ ਕੰਮਾਂ ਬਾਰੇ ਟਿੱਪਣੀਆਂ ਕਰਕੇ, ਐਲ ਜੀ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਅਤੇ ਦਿੱਲੀ ਸਰਕਾਰ ਪਾਸ ਬਹੁਤੇ ਅਧਿਕਾਰ ਨਾ ਹੋਣ ਦੇ ਬਾਵਜੂਦ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਮਨਾਂ ਵਿਚ ਆਪਣਾ ਸਥਾਨ ਬਨਾਉਣ ਵਿਚ ਸਫਲ ਹੋ ਗਏ। ਕੇਂਦਰ ਸਰਕਾਰ ਵਲੋਂ ਸਿੱਧੇ ਅਤੇ ਅਸਿਧਏ ਤੌਰ ਤੇ ਕੇਜਰੀਵਾਲ ਨੂੰ ਦਬਾਉਣ ਦੀ ਭਾਵੇਂ ਕੋਸ਼ਿਸ਼ ਕੀਤੀ ਗਈ ਪਰ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਭਲੇ ਲਈ ਕਹਿ ਕੇ ਬਿਲ ਪਾਸ ਕਰਵਾਉਣ ਲਈ ਐਲ ਜੀ ਦੇ ਘਰ ਜਾ ਕੇ ਧਰਨਾ ਦੇ ਦਿਤਾ ਅਤੇ ਐਲ ਜੀ ਨੂੰ ਰੋਕ ਕੇ ਰੱਖੇ ਹੋਏ ਬਿਲ ਮਜਬੂਰੀ ਵਿਚ ਪਾਸ ਕਰਨੇ ਪਏ। ਹੁਣ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਆਉਣ ਵਾਲੇ ਸਮੇਂ ਵਿੱਚ ਭਾਜਪਾ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਵਿਰੋਧੀ ਨੂੰ ਹਾਸ਼ੀਏ ਤੇ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ, ਉਹ ਹੌਲੀ-ਹੌਲੀ ਆਪਣੇ ਆਪ ਹੀ ਹਾਸ਼ੀਏ ’ਤੇ ਚਲਾ ਜਾਵਾਂਗਾ। ਇੱਥੇ ਮਾਮਲਾ ਉਲਟਾ ਹੈ। ਭਾਰਤੀ ਜਨਤਾ ਪਾਰਟੀ ਕੇਜਰੀਵਾਲ ਨੂੰ ਹਾਸ਼ੀਏ ’ਤੇ ਪਹੁੰਚਾਉਣਾ ਚਾਹੁੰਦੀ ਹੈ ਪਰ ਉਸ ਲਈ ਉਹ ਖੁਦ ਉਸ ਨੂੰ ਸੁਰਖੀਆਂ ’ਚ ਲਿਆ ਰਹੀ ਹੈ। ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਸਿਆਸੀ ਸਥਿਤੀ ਲਗਾਤਾਰ ਹੋਰ ਮਜਬੂਤ ਹੁੰਦੀ ਜਾ ਰਹੀ ਹੈ। ਦਿੱਲੀ ਵਿਚ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਕੁਝ ਹੋਰ ਅਧਿਕਾਰਾਂ ਨੂੰ ਹਾਸਿਲ ਕਰਨ ਲਈ ਕੇਜਰੀਵਾਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸੁਪਰੀਮ ਕੋਰਟ ਨੇ ਦਿੱਲੀ ਦੀ ’ਆਪ’ ਸਰਕਾਰ ਦੇ ਹੱਕ ’ਚ ਫੈਸਲਾ ਸੁਣਾਇਆ, ਜਿਸ ਨੂੰ ਮੋਦੀ ਸਰਕਾਰ ਨੇ ਮੰਨਣ ਦੀ ਬਜਾਏ ਆਰਡੀਨੈਂਸ ਪਾਸ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਿਛਲੇ ਦਰਵਾਜ਼ੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਆਰਡੀਨੈਂਸ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਹੈ। ਇਸਨੂੰ ਰਾਜ ਸਭਾ ਵਿਚ ਪਾਸ ਨਾ ਹੋਣ ਦੇਣ ਲਈ ਰਕੇਜਰੀਵਾਲ ਲਗਾਤਾਰ ਦੇਸ਼ ਭਰ ਵਿਚ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਕੇ ਕੇਂਦਰ ਦੇ ਆਰਡੀਨੈਂਸ ਦੇ ਖਿਲਾਫ ਲਾਮਬਬੰਦ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਹ ਜਿੱਥੇ ਵੀ ਗਏ ਸਨ ਉਨ੍ਹਾਂ ਨੂੰ ਇਸ ਮਾਮਲੇ ’ਚ ਸਮਰਥਨ ਮਿਲਿਆ। ਲੋਕ ਸਭਾ ’ਚ ਭਾਰਤੀ ਜਨਤਾ ਪਾਰਟੀ ਦਾ ਸਪੱਸ਼ਟ ਬਹੁਮਤ ਹੈ ਪਰ ਰਾਜ ਸਭਾ ਵਿਚ ਉਨ੍ਹਾਂ ਦੀ ਸਪਸ਼ਟ ਬਹੁਮਤ ਨਹੀਂ ਹੈ ਅਤੇ ਕੇਜਰੀਵਾਲ ਕਿਸੇ ਵੀ ਹਾਲਤ ਵਿਚ ਇਸ ਆਰਡੀਨੈਂਸ ਨੂੰ ਰਾਜ ਸਭਾ ਵਿਚ ਪਾਸ ਹੋਣ ਦੇਣਾ ਨਹੀਂ ਚਾਹੁੰਦੇ। ਉਹ ਰਾਜ ਸਭਾ ’ਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਇਸ ਬਿੱਲ ਦਾ ਵਿਰੋਧ ਕਰਨ ਦੀ ਅਪੀਲ ਕਰ ਰਹੇ ਹਨ। ਜੇਕਰ ਉਹ ਇਸ ਆਰਡੀਨੈਂਸ ਨੂੰ ਪਾਸ ਨਾ ਹੋਣ ਦੇਣ ’ਚ ਕਾਮਯਾਬ ਹੁੰਦੇ ਹਨ ਤਾਂ ਇਹ ਵੱਡੀ ਗੱਲ ਹੋਵੇਗੀ ਅਤੇ ਦੇਸ਼ ਦੀ ਰਾਜਨੀਤੀ ’ਚ ਉਨ੍ਹਾਂ ਦਾ ਕੱਦ ਹੋਰ ਵੀ ਵੱਡਾ ਹੋ ਜਾਵੇਗਾ। ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਵੇਂ ਉਹ ਪ੍ਰਧਾਨ ਮੰਤਰੀ ਦੀ ਦੌੜ ’ਚ ਸ਼ਾਮਲ ਨਾ ਹੋ ਸਕਣ ਪਰ ਉਸਤੋਂ ਅੱਗੇ ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣਗੇ। ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਵੱਡੀ ਹਾਰ ਅਤੇ ਨਮੋਸ਼ੀ ਹੋਵੇਗਾ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਕਿ ਜਿਸ ਨਾਲ ਦੇਸ਼ ਅਤੇ ਭਾਰਤ ਦੇ ਸੰਵਿਧਾਨ ਨੂੰ ਨੁਕਸਾਨ ਹੋਵੇ।
ਹਰਵਿੰਦਰ ਸਿੰਘ ਸੱਗੂ।