ਮਾਮਲਾ- ਮੋਗਾ ’ਚ ਸੁਨਿਆਰੇ ਦੇ ਕਤਲ ਤੋਂ ਬਾਅਦ ਸਵਰਨਕਾਰ ਸੰਘ ’ਚ ਭੜਕੇ ਰੋਸ ਦਾ
ਜਗਰਾਓਂ, 14 ਜੂਨ ( ਰਾਜੇਸ਼ ਜੈਨ )-ਮੋਗਾ ’ਚ ਗਹਿਣੇ ਲੈਣ ਦੇ ਬਹਾਨੇ ਸੁਨਿਆਰੇ ਦੀ ਦੁਕਾਨ ’ਚ ਦਾਖਲ ਹੋਏ ਲੁਟੇਰਿਆਂ ਨੇ ਦਿਨ ਦਿਹਾੜੇ ਦੁਕਾਨ ਦੇ ਮਾਲਕ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਜਗਰਾਉਂ ਦੇ ਸਮੂਹ ਸੁਨਿਆਰਿਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਰੋਸ ਮਾਰਚ ਕੱਢਿਆ। ਸਵਰਨਕਾਰ ਸੰਘ ਦੀ ਅਗਵਾਈ ਹੇਠ ਐਸ.ਐਸ.ਪੀ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਮੰਗ ਪੱਤਰ ਸੌਂਪਿਆ ਗਿਆ। ਜਿਸ ਤੋਂ ਬਾਅਦ ਬੁੱਧਵਾਰ ਨੂੰ ਡੀਐਸਪੀ ਸਤਵਿੰਦਰ ਸਿੰਘ ਵਿਰਕ, ਡੀਐਸਪੀ ਦੀਪਕਰਨ ਸਿੰਘ ਤੂਰ ਸਮੇਤ ਪੁਲਿਸ ਪਾਰਟੀ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪਹੁੰਚੀ, ਜਿੱਥੇ ਜ਼ਿਆਦਾਤਰ ਸੁਨਿਆਰਿਆਂ ਦੀਆਂ ਦੁਕਾਨਾਂ ਹਨ। ਉੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਉਨ੍ਹਾਂ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਇਲਾਕੇ ਵਿਚ ਪੀ.ਸੀ.ਆਰ ਮੁਲਾਜ਼ਮਾਂ ਦੀ ਗਸ਼ਤ ਵਧਾਈ ਜਾਵੇਗੀ। ਸਰਕਾਰ ਵੱਲੋਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਬਾਜ਼ਾਰ ਦੇ ਆਲੇ-ਦੁਆਲੇ ਵਿਸ਼ੇਸ਼ ਨਾਕਾਬੰਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਵਪਾਰੀਆਂ ਨੂੰ ਆਪਣਾ ਕੰਮ ਨਿਡਰ ਹੋ ਕੇ ਕਰਨ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਪੁਲਿਸ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕਿਸੇ ਨੂੰ ਡਰਨ ਦੀ ਲੋੜ ਨਹੀਂ।