ਅਜੀ ਸਾਹਿਬ ! ਰਾਜਨੀਤੀ ਮੇਂ ਕੋਈ ਕਿਸੀ ਕਾ ਸਗਾ ਨਹੀਂ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੂੰ ਲੰਬੇ ਸਮੇਂ ਤੋਂ ਭਾਜਪਾ ਵੱਲੋਂ ਹਾਸ਼ੀਏ ਤੇ ਰੱਖਿਆ ਜਾ ਰਿਹਾ ਹੈ। ਜਿਸਦਾ ਦਰਦ ਵੀ ਉਹ ਸਮੇਂ ਸਮੇਂ ਤੇ ਬਿਆਨ ਕਰਦੇ ਰਹਿੰਦੇ ਹਨ। ਨਾਗਪੁਰ ਵਿਖੇ ਇਕ ਫੰਕਸ਼ਨ ਦੌਰਾਨ ਨਿਤਿਨ ਗਡਕਰੀ ਨੂੰ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ’ਚ ਸ਼ਾਮਲ ਹੋਣ ਨਾਲੋਂ ਖੂਹ ’ਚ ਛਾਲ ਮਾਰ ਦੇਣਗੇ। ਆਪਣੀ ਪਾਰਟੀ ਪ੍ਰਤੀ ਵਫਾਦਾਰ ਰਹਿਣਾ ਚੰਗੀ ਗੱਲ ਹੈ, ਪਰ ਸਿਆਸਤ ’ਚ ਇਕ ਗੱਲ ਮਸ਼ਹੂਰ ਹੈ ਕਿ ‘‘ ਸਿਆਸਤ ਇਕ ਤਵਾਇਫ ਹੈ ਕੋਠੇ ਕੀ, ਇਸ਼ਾਰਾ ਕਿਧਰ ਕਰਤੀ ਹੈ ਔਰ ਨਾਚਤੀ ਕਿਧਰ ਹੈ ’’ ਇਹ ਸ਼ੇਅਰ ਦੀਆਂ ਪੰਕਤੀਆਂ ਭਾਰਤ ਦੀ ਰਾਜਨੀਤੀ ਵਿਚ ਖੂਬ ਫਿੱਟ ਬੈਠਦੀਆਂ ਹਨ। ਇਸਦੀ ਮਿਸਾਲ ਮੌਜੂਦਾ ਸਮੇਂ ਅੰਦਰ ਸਾਰੀਇਾਂ ਪਾਰਟੀਆਂ ਵਿਚ ਆਮ ਹੀ ਦੇਖਣ ਨੂੰ ਮਿਲਦੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ‘‘ ਸਿਆਸਤ ਦਾ ਕੋਈ ਕਿਸੇ ਦਾ ਪੱਕਾ ਦੋਸਤ ਨਹੀਂ ਅਤੇ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ। ’ ਕੌਣ ਕਦੋਂ ਕਿਥੇ ਜਾ ਬੈਠੇ ਇਹ ਕੋਈ ਨਹੀਂ ਕਹਿ ਸਕਦਾ। ਮੈਂ ਇਥੇ ਹੋਰ ੱਕਧਕੇ ਦੀ ਗੱਲ ਕਰਨ ਦੀ ਬਜਾਏ ਆਪਣ੍ਵੇ ਪੰਜਾਬ ਦੀ ਹੀ ਕਰਾਂਗਾ। ਮੌਜੂਦਾ ਸਮੇਂ ਅੰਦਰ ਕਾਂਗਰਸ ਦੇ ਫਾਇਰ ਮੈਨ ਵਜੋਂ ਜਾਣੇ ਜਾਂਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਕੈਰੀਅਰ ਭਾਜਪਾ ਤੋਂ ਸ਼ੁਰੂ ਕੀਤਾ ਸੀ। ਭਾਜਪਾ ਵਿਚ ਉਹਂ ਕਈ ਵਾਰ ਸੰਸਦ ਮੈਂਬਰ ਚੁਣੇ ਗਏ ਅਤੇ ਦੇਸ਼ ਭਰ ਵਿਚ ਪਾਰਟੀ ਦੇ ਵੱਡੇ ਨੇਤਾਵਾਂ ਅਤੇ ਸਟਾਰ ਪ੍ਰਚਾਰਕਾਂ ਵਿਚ ਪਹਿਲੀ ਕਤਾਰ ਵਿਚ ਗਿਣੇ ਜਾਂਦੇ ਸਨ। ਸਿੱਧੂ ਦਾ ਮਨਮੁਟਾਵ ਭਾਜਪਾ ਨਾਲ ਉਸ ਸਮੇਂ ਸਾਹਮਣੇ ਆਇਆ ਜਦੋਂ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਗੁਰੂ ਅਰੁਣ ਜੇਤਲੀ ਨੂੰ ਲੋਕ ਸਭਾ ਦੀ ਟਿਕਟ ਦੇ ਦਿਤੀ। ਉਸ ਸਮੇਂ ਸਿੱਧੂ ਕੁਝ ਬੋਲ ਤਾਂ ਨਹੀਂ ਸਕੇ ਪਰ ਕਿਨਾਰਾ ਕਰ ਗਏ। ਜਿਸ ਕਾਂਗਰਸ ਪਾਰਟੀ ਨੂੰ ਉਹ ਭਾਜਪਾ ਵਿਚ ਹੁੰਦੇ ਹੋਏ ਮੁੰਨੀ ਤੋਂ ਵੀ ਵੱਧ ਬਦਨਾਮ ਕਿਹਾ ਕਰਦੇ ਸਨ। ਕਾਂਗਰਸ ਪਾਰਟੀ ਦੇ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਸੀ ਪਰ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਹੀ ਨੇਤਾਵਾਂ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਏ ਤਾਂ ਉਹ 2 ਵਾਰ ਮੁੱਖ ਮੰਤਰੀ ਬਣੇ। ਪਰ ਦੂਜੀ ਟਰਮ ’ਚ ਚੰਗਾ ਕੰਮ ਨਾ ਕਰਨ ’ਤੇ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੂਰੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਖਫਾ ਹੋ ਕੇ ਜਿਸ ਭਾਜਪਾ ਨੂੰ ਉਹ ਪਾਣੀ ਪੀ ਪੀ ਕੇ ਕੋਸਦੇ ਸਨ ਉਹ ਉਸੇ ਭਾਜਪਾ ਅੱਗੇ ਸਿਰ ਝੁਕਾ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਬੁਣ ਭਾਜਪਾ ਦਾ ਗੁਣਗਾਣ ਕਰਦੇ ਨਹੀਂ ਥੱਕਦੇ। ਕਾਂਗਰਸ ਦੇ ਦਿੱਗਜ ਆਗੂ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਨੂੰ ਬਰਬਾਦ ਕਰਨ ਵਾਲੀ ਪਾਰਟੀ ਕਿਹਾ ਸੀ। ਉਹ ਸਾਰੇ ਸਿਰ ਝੁਕਾ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਦਿੱਲੀ ਦੀ ਰਾਜਨੀਤਿ ਵਿਚ ਪ੍ਰਸਿੱਧ ਸਿੱਖ ਚੇਹਰਾ ਮਨਜਿੰਦਰ ਸਿੰਘ ਸਿਰਸਾ ਭਾਜਪਾ ਲੀਡਰਸ਼ਿਪ ’ਤੇ ਜ਼ਬਰਦਸਤੀ ਸਿਰ ਝੁਕਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਉਂਦੇ ਸਨ ਅਤੇ ਕਹਿੰਦੇ ਸਨ ਕਿ ਉਹ ਮਰ ਜਾਵੇਗਾ ਪਰ ਭਾਜਪਾ ਵਿਚ ਨਹੀਂ ਜਾਵੇਗਾ ਅਤੇ ਕਦੇ ਵੀ ਭਾਜਪਾ ਅੱਗੇ ਸਿਰ ਨਹੀਂ ਝੁਕਾਉਣਗੇ। ਪਰ ਉਸ ਤੋਂ ਕੁਝ ਦਿਨਾਂ ਬਾਅਦ ਸਿਰਸਾ ਸਾਹਿਬ ਸੱਚਮੁੱਚ ਹੀ ਸਿਰ ਝੁਕਾ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ। ਇਨ੍ਹਾਂ ਸਾਰੇ ਨੇਤਾਵਾਂ ਦੀਆਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਦੀਆਂ ਵੀਡੀਓ ਅਤੇ ਬਿਆਨਬਾਜੀ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਨਿਤਿਨ ਗਡਕਰੀ ਸਾਹਿਬ ਦਾ ਇਹ ਬਿਆਨ ਕਿ ਮੈਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਬਜਾਏ ਖੂਹ ਵਿੱਚ ਛਾਲ ਮਾਰ ਦਿਆਂਗਾ, ਹਜ਼ਮ ਹੋਣ ਵਾਲਾ ਨਹੀਂ ਹੈ ਕਿਉਂਕਿ ਜੇਕਰ ਕਿਤੇ ਅੱਗ ਲੱਗਦੀ ਹੈ ਤਾਂ ਹੀ ਧੂੰਆਂ ਉੱਠਦਾ ਹੈ। ਰਾਜਨੀਤੀ ਦਾ ਊੰਠ ਕਿੱਥੇ, ਕਦੋਂ, ਕਿਵੇਂ ਅਤੇ ਕਿਸ ਪਾਸੇ ਕਰਵਟ ਲੈ ਜਾਨੇ ਇਹ ਕੋਈ ਨਹੀਂ ਕਹਿ ਸਕਦਾ। ਸਿਆਸਤ ਵਿੱਚ ਸਭ ਕੁਝ ਸੰਭਵ ਹੈ, ਕੁਝ ਵੀ ਅਸੰਭਵ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।