ਮਾਲੇਰਕੋਟਲਾ 18 ਜੁਲਾਈ ( ਰੋਹਿਤ ਗੋਇਲ) -ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਡਿਪਟੀ ਕਮਿਸ਼ਨਰ ਨੇ ਮਿਸ਼ਨ ਇੰਦਰਧੁਨਸ਼ 5.0 ,ਮੀਜਲ ਰੁਬੇਲਾ ਆਦਿ ਸਬੰਧੀ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਬੱਚਿਆ ਅਤੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਪ੍ਰੋਗਰਾਮ ਦੇ ਅਗੇਤੇ ਪ੍ਰਬੰਧਾ ਸਬੰਧੀ ਜਾਇਜਾ ਲਿਆ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 07 ਅਗਸਤ ਤੋਂ 12 ਅਕਤੂਬਰ ਤੱਕ ਮਿਸ਼ਨ ਇੰਦਰਧੁਨਸ਼ 5.0 ,ਮੀਜਲ ਰੁਬੇਲਾ ਆਦਿ ਸਬੰਧੀ ਵੈਕਸੀਨੇਸ਼ਨ ਤੋ ਵਾਂਝੇ ਰਹਿ ਗਏ ਬੱਚਿਆ ਅਤੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਲਈ ਵਿਸ਼ੇਸ ਪ੍ਰੋਗਰਾਮ ਉਲੀਕਿਆ ਗਿਆ ਹੈ । ਇਹ ਮੁਹਿੰਮ ਜਿਲ੍ਹੇ ਅੰਦਰ ਤਿੰਨ ਗੇੜਾਂ ਵਿਚ ਇੱਕ-ਇੱਕ ਹਫ਼ਤਾ ਚੱਲੇਗੀ ਅਤੇ ਇਸ ਮਿਸ਼ਨ ਅਧੀਨ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਣ ਨੂੰ ਯਕੀਨੀ ਬਨਾਇਆ ਜਾਵੇਗਾ ਤਾਂ ਜੋ ਗਰਭਵਤੀਆਂ ਅਤੇ ਨਵ-ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਮਿਸ਼ਨ ਦਾ ਮਕਸਦ 0-5 ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਨਿਯਮਿਤ ਟੀਕਾਕਰਨ ਵਿਚ ਪਏ ਪਾੜੇ ਨੂੰ ਭਰ ਕੇ ਮੁਕੰਮਲ ਟੀਕਾਕਰਨ ਕਰਨਾ ਹੈ ।
ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਏਰੀਏ ਵਿਚ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸਰਵੇ ਕਰਵਾ ਕੇ ਪਛਾਣ ਕਰਨ । 20 ਜੁਲਾਈ ਤੱਕ ਲਿਸਟਾਂ ਤਿਆਰ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾ ਸਕੇ । ਉਨ੍ਹਾਂ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਣ ਟੀਕਾਕਰਣ ਤੋਂ ਵਾਂਝੇ ਰਹਿ ਗਏ ਜ਼ਾ ਫਿਰ ਅਧੂਰਾ ਟੀਕਾਕਰਣ ਹੋਇਆ ਹੈ, ਉਹਨਾਂ ਦਾ ਵਿਸ਼ੇਸ਼ ਕੈਂਪਾਂ ਅਤੇ ਘਰ ਘਰ , ਮੁਹੱਲੇ ਮੁਹੱਲੇ ,ਟੀਕਾਕਰਣ ਤੋਂ ਛੁੱਟ ਗਏ ਏਰੀਏ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁਗੀਆਂ ਝੌਂਪੜੀਆਂ, ਭੱਠੇ, ਖਾਲੀ ਸਬ ਸੈਂਟਰਾਂ ਜਿਥੇ 2 ਜਾਂ 3 ਨਿਯਮਿਤ ਟੀਕਾਕਰਣ ਸ਼ੈਸ਼ਨ ਨਾ ਹੋਏ ਹੋਣ, ਪਹੁੰਚ ਤੋਂ ਦੂਰ ਆਬਾਦੀ, ਆਉੂਟਬ੍ਰੇਕ ਵਾਲੀ ਆਬਾਦੀ ਅਤੇ ਹੋਰ ਮੁਸ਼ਕਿਲ ਏਰੀਏ ਕਵਰ ਕੀਤੇ ਜਾਣ ।ਇਸ ਮੌਕੇ ਵਰਲਡ ਹੈਲਥ ਆਰਗੇਨਾਇਜੇਸ਼ਨ ਦੇ ਐਸ.ਐਮ.ਓ ਡਾ.ਨਵੇਦਿਤਾ ਨੇ ਦੱਸਿਆ ਕਿ ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਪੋਲੀਓ, ਤਪਦਿਕ, ਗਲਘੋਟੂ, ਦਸਤ, ਖਸਰਾ ਅਤੇ ਰੂਬੇਲਾ, ਦਿਮਾਗੀ ਬੁਖਾਰ, ਪੀਲੀਆ, ਕਾਲੀ ਖੰਘ, ਨਿਮੋਨੀਆ ਅਤੇ ਅੰਧਰਾਤੇ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਜਰੂਰੀ ਹੈ, ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਗਰਭਵਤੀਆਂ ਅਤੇ ਬੱਚਿਆਂ ਦਾ ਟੀਕਾਕਰਣ ਸੰਪੂਰਨ ਕਰਨ ਲਈ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ। ਉਹਨਾ ਨੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਟੀਕਾਕਰਨ ਦੇ ਸਮੁੱਚੇ ਰਿਕਾਰਡ ਨੂੰ ਆਨਲਾਈਨ ਕਰਨ ਹਿੱਤ ਤਿਆਰ ਕੀਤੇ ਗਏ ਯੂ-ਵਿਨ ਆਨਲਾਇਨ ਪੋਰਟਲ ਸਬੰਧੀ ਟ੍ਰੇਨਿੰਗ ਜ਼ਿਲ੍ਹਾ ਪੱਧਰ ਤੇ ਸਿਹਤ ਵਿਭਾਗ ਦੇ ਕਰਮੀਆਂ ਨੂੰ ਦਿੱਤੀ ਜਾ ਚੁੱਕੀ ਹੈ ।ਇਸ ਮੌਕੇ ਸਿਵਲ ਸਰਜਨ ਡਾ ਹਰਿੰਦਰ ਸਰਮਾ, ਐਸ.ਐਮ.ਓ ਡਾ. ਰਿਸ਼ੀ ਸੇਠੀ ਅਤੇ ਡਾ ਰਾਜੇਸ਼ ਗਰਗ, ਡਾ ਜਗਜੀਤ ਸਿੰਘ, ਡਾ. ਗੁਰਲਵਲੀਨ, ਆਈ.ਸੀ.ਡੀ.ਐਸ ਸੁਪਰਵਾਇਜਰ ਸ੍ਰੀਮਤੀ ਕਰਮਜੀਤ ਕੌਰ, ਡੀ.ਐਮ.ਪੀ ਸ੍ਰੀ ਕੁਲਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ ਅਤੇ ਮੁਹੰਮਦ ਖਲੀਲ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।