ਫਰੀਦਕੋਟ ,28 ਅਗਸਤ (ਲਿਕੇਸ਼ ਸ਼ਰਮਾ) : ਨਵਜੋਤ ਕੌਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦਾ ਮੁੱਖ ਮਕਸਦ ਅਗਲੇ ਮਹੀਨੇ ਲੱਗ ਰਹੀ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਰੱਖ ਕੇ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਪ੍ਰਦਾਨ ਕਰਨਾ ਸੀ । ਇਸ ਵਿੱਚ ਉਨ੍ਹਾਂ ਸਾਰੇ ਜੁਡੀਸ਼ੀਅਲ ਅਫਸਰਾਂ ਨੂੰ ਇਹ ਸੰਦੇਸ਼ ਦਿੱਤਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੱਧ ਤੋਂ ਵੱਧ ਕੇਸ ਇਸ ਲੋਕ ਅਦਾਲਤ ਵਿੱਚ ਰੱਖੇ ਜਾਣ ਤਾਂ ਜੋ ਪੈਂਡਿੰਗ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋ ਸਕੇ ਅਤੇ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਦੀ ਗਿਣਤੀ ਘੱਟ ਸਕੇ।ਇਸ ਮੌਕੇ ਉਨ੍ਹਾਂ ਨੇ ਪ੍ਰੀ ਲਿਟੀਗੇਟਿਵ ਕੇਸ ਜ਼ੋ ਕਿ ਅਜੇ ਤੱਕ ਕਿਸੇ ਕੋਰਟ ਵਿੱਚ ਪੈਂਡਿੰਗ ਨਹੀਂ ਹਨ ਜਿਵੇਂ ਕਿ ਬੈਂਕਾਂ ਦੇ ਕੇਸ, ਇਸ਼ੋਰੈਂਸ ਕੰਪਨੀਆਂ ਦੇ ਕੇਸ, ਬੀ. ਐੱਸ. ਐੱਨ. ਐੱਲ ਕੰਪਨੀ ਅਤੇ ਹੋਰ ਟੈਲੀਕਮਿਊਨੀਕੇਸ਼ਨ ਕੰਪਨੀਆਂ ਦੇ ਕੇਸ ਪ੍ਰੀ ਲਿਟੀਗੇਟਿਵ ਸਟੇਜ਼ ਤੇ ਨਿਪਟਾਉਣ ਬਾਰੇ ਵੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ । ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ ਨਵਜੋਤ ਕੌਰ ਨੇ ਜ਼ਿਲ੍ਹਾ ਫਰੀਦਕੋਟ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਕੇਸ ਅਦਾਲਤਾਂ ਵਿੱਚ ਲੰਬਿਤ ਹਨ ਉਹ ਇੱਕ ਸਿੰਪਲ ਕਾਗਜ਼ ਤੇ ਆਪਣੀ ਦਰਸਖਾਸਤ ਕੇ ਰਾਜੀਨਾਮਾ ਹੋਣ ਯੋਗ ਕੇਸਾਂ ਨੂੰ ਕੌਮੀ ਲੋਕ ਅਦਾਲਤ ਜਿਹੜੀ ਕਿ ਮਿਤੀ 09.09.2023 ਨੂੰ ਲੱਗ ਰਹੀ ਹੈ ਵਿੱਚ ਆਪਣੇ ਕੇਸ ਰਖਵਾ ਸਕਦੇ ਹਨ ਅਤੇ ਅਦਾਲਤਾਂ ਪਾਸੋ ਛੇਤੀ ਅਤੇ ਸਸਤਾ ਨਿਆਂ ਪਾ ਸਕਦੇ ਹਨ ਅਤੇ ਆਪਣੇ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਬਚ ਸਕਦੇ ਹਨ । ਇਸ ਲੋਕ ਅਦਾਲਤ ਵਿੱਚ 138 ਚੈੱਕ ਬਾਊਂਸ ਕੇ ਕੇਸ, ਹੋਰ ਛੋਟੇ ਮੋਟੇ ਜੁਰਮਾਂ ਦੇ ਕੇਸ, ਟ੍ਰੈਫਿਕ ਚਲਾਨ ਆਦਿ ਦੇ ਕੇਸ ਵੀ ਲੱਗ ਸਕਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਸਬੰਧਤ ਵਿਅਕਤੀ ਤੋਂ ਲੋਕ ਅਦਾਲਤ ਨਾਲ ਸਬੰਧਤ ਦਰਖਾਸਤ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਪ੍ਰਭਾਵ ਤੋਂ ਉਸ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇ ।