ਭਾਰਤੀ ਜਨਤਾ ਪਾਰਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਪੰਜਾਬ ਵਿੱਚ ਲੰਮਾ ਸਮਾਂ ਰਾਜ ਕੀਤਾ। ਭਾਵੇਂ ਭਾਜਪਾ ਨੇ ਪੰਜਾਬ ਵਿੱਚ ਘੱਟ ਸੀਟਾਂ ਉੱਤੇ ਚੋਣਾਂ ਲੜੀਆਂ ਪਰ ਇਸ ਨੂੰ ਸਰਕਾਰ ਵਿੱਚ ਹਮੇਸ਼ਾ ਬਰਾਬਰ ਦਾ ਸਥਾਨ ਮਿਲਿਆ। ਉਸਦੇ ਬਾਵਜੂਦ ਵੀ ਭਾਜਪਾ ਨੇ ਪੰਜਾਬ ਦੇ ਵੱਡੇ ਅਤੇ ਵਿਵਾਦਿਤ ਮਸਲਿਆਂ ਤੇ ਕਦੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਸਮੇਤ ਅਕਾਲੀ ਦਲ ਅਤੇ ਭਾਜਪਾ ਦੇ ਲੰਬੇ ਸਾਸ਼ਨ ਵਿਚ ਵੀ ਉਹ ਸਭ ਮੁੱਦੇ ਹਲ ਨਹੀਂ ਹੋ ਸਕੇ ਜੋ ਇਹ ਆਸਾਨੀ ਨਾਲ ਕਰਵਾ ਸਕਦੇ ਸਨ। ਤਿੰਨ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਮਜ਼ਬੂਰੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਨਾਤਾ ਤੋੜਨਾ ਪਿਆ। ਜਿਸ ਤੋਂ ਬਾਅਦ ਪੰਜਾਬ ਵਿਚ ਦੋਵੇਂ ਪਾਰਟੀਆਂ ਬੁਰੀ ਤਰ੍ਹਾਂ ਖਿੰਡਰ ਗਈਆਂ। ਇਸ ਸਮੇਂ ਦੋਵਾਂ ਕੋਲ ਹੀ ਆਪਣੀ ਹੋਂਦ ਬਚਾਉਣ ਦਾ ਸਵਾਲ ਖੜਾ ਹੋਇਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਹੋਈ ਆਪਸੀ ਕਲੇਸ਼ ਤੋਂ ਬਾਅਦ ਭਾਜਪਾ ਨੂੰ ਕੁਝ ਉਮੀਦਾਂ ਨਜ਼ਰ ਆ ਰਹੀਆਂ ਸਨ। ਪਰ ਜਦੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਸੀਨੀਅਰ ਨੇਤਾ ਦਰਜਨ ਭਰ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਹੋਰ ਵੱਡੇ ਕੱਦ ਵਾਲੇ ਕਾਂਗਰਸੀ ਨੇਤਾਵਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਤਾਂ ਭਾਜਪਾ ਨੂੰ ਪੰਜਾਬ ਵਿਚ ਸਵਾਦਿਸ਼ਟ ਲੱਡੂ ਬਣਦਾ ਹੋਇਆ ਨਜ਼ਰ ਆਇਆ ਅਤੇ ਭਾਜਪਾ ਦੀ ਕੇਂਦਰ ਲੀਡਰਸ਼ਿਪ ਨੇ ਆਪਣਾ ਸੂਬੇ ਦੀ ਇਕਾਈ ਨੂੰ ਭਰੋਸੇ ਵਿਚ ਲੈਣ ਦੀ ਬਜਾਏ ਸਿੱਧੇ ਆਪਣੇ ਦੋਵਾਂ ਹੱਥਾਂ ਵਿਚ ਲੱਡੂ ਲੈ ਕੇ ਉਸਨੂੰ ਸਵਾਦ ਨਾਲ ਤਿਆਰ ਕਰਨਾ ਸ਼ੁਰੂ ਕਰ ਦਿਤਾ। ਉਸੇ ਸਨਾਦ ਵਿਚ ਹੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਕਾਂਗਰਸ ਵਿਚੋਂ ਭਾਜਪਾ ਵਿਚ ਸ਼ਾਮਲ ਹੋਏ ਨੇਤਾਵਾਂ ਨੂੰ ਸੰਗਠਨ ਵਿਚ ਵੱਡੇ ਅਹੁਦੇ ਦੇ ਕੇ ਨਵਾਜ਼ ਦਿਤਾ ਅਤੇ ਆਪਣਿਆ ਨੂੰ ਦਰਕਿਨਾਰ ਕਰ ਦਿਤਾ। ਇਥੋਂ ਤੱਕ ਕਿ ਪੰਜਾਬ ਇਕਾਈ ਦੇ ਵਿਰੋਧ ਦੇ ਬਾਵਜੂਦ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿਤਾ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਦਾ ਵੱਡਾ ਅਹੁਦਾ ਦੇਣ ’ਤੇ ਭਾਜਪਾ ਦੀ ਸੂਬੇ ਦੀ ਇਕਾਈ ਨਾਰਾਜ ਵੀ ਹੋਈ। ਪਰ ਕੇਂਦਰੀ ਹਾਈ ਕਮਾਂਡ ਵਲੋਂ ਪ੍ਰਧਾਨ ਥੋਪ ਦੇਣ ਕਾਰਨ ਭਾਜਪਾ ਦੇ ਸਥਾਨਕ ਆਗੂ ਸੁਨੀਲ ਜਾਖੜ ਨੂੰ ਹਜ਼ਮ ਨਹੀਂ ਕਰ ਸਕੇ। ਕਾਂਗਰਸ ਤੋਂ ਆਏ ਸਾਰੇ ਨੇਤਾਵਾਂ ਨੂੰ ਪਾਰਟੀ ਵਿਚ ਅਹਿਮ ਸਥਾਨ ਦਿਤਾ ਗਿਆ ਅਤੇ ਕੇਂਦਰੀ ਲੀਡਰਸ਼ਿਪ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਹੁਣ ਇਨ੍ਹਾਂ ਨੇਤਾਵਾਂ ਦੇ ਸਹਾਰੇ ਪੰਜਾਬ ਦੇ ਪਿੰਡ ਪੱਧਰ ਤੱਕ ਆਪਣਾ ਅਸਰ ਰਸੂਖ ਕਾਇਮ ਕਰ ਲਏਗੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਵਿਚ ਭਾਜਪਾ ਪੰਜਾਬ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਸਕੇਗੀ ਅਤੇ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆ ਜਾਏਗੀ। ਇਹ ਸੁਨਿਆਂ ਦਾ ਸਵਾਦਿਸ਼ਟ ਲੱਡੂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਦਿਮਾਗ ’ਚ ਅਜੇ ਘੁੰਮ ਹੀ ਰਿਹਾ ਸੀ ਕਿ ਕਿ ਉਹ ਪੱਕਣ ਤੋਂ ਪਹਿਲਾਂ ਹੀ ਚਕਨਾਚੂਰ ਹੋ ਗਿਆ ਅਤੇ ਕਾਂਗਰਸ ਛੱਡ ਕੇ ਆਏ 9 ਵੱਡੇ ਦਿੱਗਜ ਆਗੂ ਕਾਂਗਰਸ ਵਿਚ ਵਾਪਸ ਆ ਗਏ ਅਤੇ ਭਾਜਪਾ ਛੱਡਣ ਸਮੇਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਾਡੀ ਸਭ ਤੋਂ ਵੱਡੀ ਸਿਆਸੀ ਗਲਤੀ ਸੀ ਕਿ ਅਸੀਂ ਭਾਜਪਾ ਵਿਚ ਸ਼ਾਮਲ ਹੋਏ ਹਾਂ। ਪੰਜਾਬ ਭਾਜਪਾ ਦੀ ਲੀਡਰਸ਼ਿਪ ਅੱਗੇ ਇਸ ਮਾਮਲੇ ਵਿਚ ਹੁਣ ਕੇਂਦਰੀ ਲੀਡਰਸ਼ਿਪ ਫਿੱਕੀ ਪੈ ਗਈ। ਹੁਣ ਭਾਜਪਾ ਦੀ ਸਥਾਨਕ ਲੀਡਰਸ਼ਿਪ ਜਾਖੜ ਨੂੰ ਵੀ ਬਹੁਤੀ ਅਹਿਮੀਅਤ ਨਹੀਂ ਦੇਵੇਗੀ। ਜਿਸ ਕਾਰਨ ਭਾਜਪਾ ਦੀ ਲੀਡਰਸ਼ਿਪ ਦਾ ਭਾਜਪਾ ਨੂੰ ਪੰਜਾਬ ਵਿਚ ਸਥਾਪਿਤ ਕਰਨ ਦਾ ਸੁਪਨਾ ਫਿਲਹਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਨੂੰ ਪੰਜਾਬ ’ਚ ਸਥਾਪਿਤ ਹੋਣ ਲਈ ਵੱਡੇ ਕੱਦ ਦੇ ਨੇਤਾਵਾਂ ਦੀ ਲੋੜ ਸੀ। ਜਿਸ ਨੂੰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਨੇ ਕਾਫੀ ਹੱਦ ਤੱਕ ਪੂਰਾ ਕੀਤਾ ਪਰ ਉਨ੍ਹਾਂ ਦੀ ਘਰ ਵਾਪਸੀ ਨੇ ਭਾਜਪਾ ਲੀਡਰਸ਼ਿਪ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਇੱਥੇ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲੰਬੇ ਸਮੇਂ ਤੋਂ ਚੁੱਪ ਬੈਠੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਖੁਸ਼ ਨਹੀਂ ਹਨ ਅਤੇ ਹੁਣ ਘਰ ਵਾਪਸੀ ਕਰਨ ਵਾਲੇ ਕਾਂਗਰਸੀਆਂ ਨੂੰ ਪਾਰਟੀ ਵਿਚ ਕੀ ਵਜ਼ਨ ਮਿਲਦਾ ਹੈ, ਇਹ ਦੇਖਣ ਤੋਂ ਬਾਅਦ ਸੰਭਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਘਰ ਵਾਪਸੀ ਕਰ ਲੈਣ। ਇਥੇ ਭਾਜਪਾ ਨੂੰ ਇਕ ਹੋਰ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਕਾਂਗਰਸ ਤੋਂ ਭਾਜਪਾਈ ਹੋਏ ਵੱਡੇ ਨੇਤਾਵਾਂ ਦੇ ਮੁੜ ਕਾਂਗਰਸ ਵਿਚ ਵਾਪਿਸ ਆਉਣ ਤੋਂ ਪਹਿਲਾਂ ਪੰਜਾਬ ਦੇ ਕੁਝ ਹੋਰ ਵੱਡੇ ਕਾਂਗਰਸੀ ਨੇਤਾਵਾਂ ਦਾ ਭਾਜਪਾ ਵਿਚ ਸ਼ਾਨਮਲ ਹੋਣ ਦਾ ਰੌਲਾ ਪੈ ਰਿਹਾ ਸੀ। ਹੁਣ ਉਨ੍ਹਾਂ ’ਤੇ ਵੀ ਵਿਰਾਮ ਚਿੰਨ੍ਹ ਲੱਗ ਗਿਆ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਜਪਾ ਕਾਂਗਰਸੀ ਆਗੂਆਂ ਦਾ ਕਦਮ ਨਾਲ ਹੋਏ ਭਾਰੀ ਨੁਕਸਾਨ ਨੂੰ ਕਵਰ ਕਰਨ ਲਈ ਕੀ ਕਰੇਗੀ ਅਤੇ ਪੰਜਾਬ ਵਿੱਚ ਆਪਣਾ ਅਧਾਰ ਬਣਾਉਣ ਲਈ ਕੀ ਰਣਨੀਤੀ ਅਪਣਾਏਗੀ ?
ਹਰਵਿੰਦਰ ਸਿੰਘ ਸੱਗੂ।