ਪੰਜਾਬ ਵਿੱਚ ਨਸ਼ਾ ਇੱਕ ਨਾਸੁਰ ਬਣ ਚੁੱਕਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੇ ਨਾਂ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ। ਇਸ ਮੁੱਦੇ ‘ਤੇ ਸਰਕਾਰ ਵਲੋਂ ਲੱਖ ਯਤਨ ਕਰਨ ਦੇ ਬਾਵਜੂਗ ਪੰਜਾਬ ਵਿਚ ਨਸ਼ੇ ਦਾ ਵਗ ਰਿਹਾ ਇਹ ਛੇਵਾਂ ਦਰਿਆ ਪੂਰੇ ਉਫਾਣ ਤੇ ਵਗ ਰਿਹਾ ਹੈ। ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਦੇ ਦਰ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਪੰਜਾਬ ਦੇ 35,000 ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵੀ ਉਨ੍ਹਾਂ ਨਾਲ ਅਰਦਾਸ ਕੀਤੀ। ਚੰਗੀ ਗੱਲ ਹੈ ਕਿ ਜੇਕਰ ਕੋਈ ਵੀ ਕੰਮ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਅਤੇ ੁਨ੍ਹਾਂ ਦੀ ਸ਼ਰਨ ਵਿਚ ਜਾ ਕੇ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਪਰ ਇੱਥੇ ਮਾਮਲਾ ਸਿਆਸੀ ਬਣ ਜਾਂਦਾ ਹੈ। ਸਰਕਾਰ ਦੇ ਅਨੁਸਾਰ ਭਾਵੇਂ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਪਰ ਵਿਰੋਧੀ ਪਾਰਟੀਆਂ ਨੂੰ ਇਹ ਸਿਰਫ ਡਰਾਮਾ ਨਜਰ ਆ ਰਿਹਾ ਹੈ। ਖੈਰ ! ਇਹ ਇੱਕ ਸਿਆਸੀ ਖੇਡ ਹੈ। ਜਿਸ ਵਿੱਚ ਸਾਰੇ ਸਿਆਸਤਦਾਨ ਸ਼ਾਮਲ ਹਨ। ਸਭ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਖੇਡ ਕੇ ਗੋਲ ਕਰਨੇ ਹਨ। ਹੁਣ ਇਹ ਸਮਾਂ ਹੀ ਦੱਸੇਗਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ’ਤੇ ਵਿਰੋਧੀ ਧਿਰ ਖਿਲਾਫ ਸਫਲ ਗੋਲ ਕਰਨ ਵਿਚ ਕਾਮਯਾਬ ਹੁੰਦੇ ਹਨ ਜਾਂ ਵਿਰੋਧੀ ਧਿਰਾਂ ਉਨ੍ਹਾਂ ਕਲੀਨ ਬੋਰਡ ਕਰਦੀਆਂ ਹਨ। ਇੱਥੇ ਮੈਂ ਇਸ ਕਿਸਮ ਦੀ ਅਰਦਾਸ ਬਾਰੇ ਇੱਕ ਦਿਲਚਸਪ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਮੇਰੇ ਸ਼ਹਿਰ ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਵਿਚ ਲੰਬਾ ਸਮਾਂ ਪਹਿਲਾਂ ਐਸਐਸਪੀ ਹਰਿੰਦਰ ਸਿੰਘ ਚਾਹਲ ਹੁੰਦੇ ਸਨ। ਚਾਹਲ ਇੱਕ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਅਤੇ ਦਲੇਰ ਅਫਸਰ ਸਨ। ਉਸ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਦੇ ਨਮਸ਼ੇ ਦੀ ਸਮਗਲਿੰਗ ਵੱਡੇ ਪੱਧਰ ਤੇ ਹੋਇਆ ਕਰਦੀ ਸੀ। ਸਮੱਗਲਰ ਟਰੱਕ ਭਰਕੇ ਭੁੱਕੀ ਪੰਜਾਬ ਲਿਆ ਕੇ ਵੇਚਦੇ ਸਨ। ਵਧੇਰੇ ਭੁੱਕੀ ਸਮਗਲਿੰਗ ਮਾਮਲੇ ਵਿਚ ਜਗਰਾਓਂ ਇਲਾਕਾ ਵੀ ਪੰਜਾਬ ਦੇ ਨੰਬਰਾਂ ਵਿਚ ਮੰਨਿਆ ਜਾਂਦਾ ਸੀ। ਜਿੱਥੇ ਪੁਲਿਸ ਇੱਕ ਮਹੀਨੇ ਵਿੱਚ ਦੋ-ਤਿੰਨ ਟਰੱਕ ਭੁੱਕੀ ਦੇ ਫੜਦੀ ਸੀ। ਉੱਥੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੁਲਿਸ ਦੀ ਸਖਤੀ ਨੂੰ ਦੇਖਦਿਆਂ ਸਮਗਲਰਾਂ ਨੇ ਮੰਹਿਗੇ ਪਿਆਜਾਂ ਅਤੇ ਕੇਲਿਆਂ ਦੀ ਆੜ ਵਿਚ ਵੀ ਦੱਬ ਕੇ ਭੁੱਕੀ ਦੀ ਤਸਕਰੀ ਵੀ ਕੀਤੀ। ਐਸਐਸਪੀ ਹਰਿੰਦਰ ਸਿੰਘ ਚਾਹਲ ਵੀ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਵੱਲੋਂ ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਸਿਆਸੀ ਆਗੂਆਂ, ਉਨ੍ਹਾਂ ਦੇ ਚੇਲਿਆਂ, ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੱਡੀ ਪੱਧਰ ‘ਤੇ ਸੱਦਿਆ ਗਿਆ। ਉੱਥੇ ਨਸ਼ਿਆਂ ਵਿਰੁੱਧ ਸਹੁੰ ਚੁੱਕ ਸਮਾਗਮ ਹੀ ਆਯੋਜਿਤ ਕੀਤਾ ਗਿਆ। ਉਸ ਸਮੇਂ ਇਲਾਕੇ ਦੇ ਕੁਝ ਸਿਆਸੀ ਚਿਹਰੇ ਅਤੇ ਉਨ੍ਹਾਂ ਦੇ ਸਮਰਥਕਾਂ ਉੱਪਰ ਭੁੱਕੀ ਦੀ ਸਮਗਲਿੰਗ ਦੇ ਦੋਸ਼ ਲੱਗਦੇ ਸਨ, ਉਹ ਲੋਕ ਵੀ ਉਸ ਸਹੁੰ ਚੁੱਕ ਸਮਾਗਮ ਉਹ ਸਾਰੇ ਵੀ ਹੁੰਮ ਹੁੰਮਾ ਕੇ ਪੁੱਜੇ। ਸਾਰੇ ਇਲਾਕੇ ਦੀ ਰਾਜਨੀਤਿਕ ਲੋਕਾਂ, ਆਮ ਪਬਲਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਉਨ੍ਹਾਂ ਬਾਰੇ ਖੂਬ ਚੰਗੀ ਤਰ੍ਹਾਂ ਨਾਲ ਨਸ਼ੇ ਦੇ ਤਸਕਰ ਹੋਣ ਸੰਬੰਧੀ ਜਾਣਕਾਰੀ ਵੀ ਸੀ। ਪਰ ਸਿਆਸੀ ਦਬਾਅ ਕਾਰਨ ਉਨ੍ਹਾਂ ਖਿਲਾਫ ਪੁਲਿਸ ਨੇ ਕਦੇ ਵੀ ਕਾਰਵਾਈ ਕਰਨ ਦੀ ਜ਼ੁਰਅੱਤ ਨਹੀਂ ਕੀਤੀ। ਉਥੇ ਸਭ ਨੇ ਨਸ਼ੇ ਦੇ ਸੰਬੰਧ ਵਿਚ ਖੂਬ ਲੱਛੇਦਾਰ ਅਤੇ ਮਨ ਨੂੰ ਟੁੰਭਣ ਵਾਲੇ ਭਾਸ਼ਣ ਦਿਤੇ ਅਤੇ ਸਭ ਨੂੰ ਇਹ ਲੱਗਣ ਲੱਗਾ ਕਿ ਹੁਣ ਤਾਂ ਜਗਰਾਓਂ ਇਲਾਕਾ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ। ਜਦੋਂ ਸਮਾਗਮ ਦੇ ਅੰਤ ਵਿਚ ਬਾਬਿਆਂ ਨੂੰ ਅੱਗੇ ਕਰਕੇ ਸਭ ਨੂੰ ਨਸ਼ਾ ਨਾ ਵੇਚਣ, ਨਸ਼ੇ ਦੇ ਤਸਰਕਰਾਂ ਦਾ ਸਾਥ ਨਾ ਦੇਣ ਅਤੇ ਨਸ਼ਾ ਖਤਮ ਕਰਨ ਲਈ ਹਰ ਸੰਭਵ ਸਹਿਯੋਗ ਦੇਣਗੇ। ਉਸ ਸਮੇਂ ਦਿਲਚਸਪ ਗੱਲ ਇਹ ਹੋਈ ਕਿ ਨਸ਼ਾ ਤਸਕਰ ਸਾਰੇ ਮਸ਼ਹੂਰ ਚਿਹਰੇ ਵੀ ਮੂਹਰਲੀ ਕਤਾਰ ਵਿਚ ਮੌਜੂਦ ਸੀ ਅਤੇ ਉਨ੍ਹਾਂ ਨੇ ਉਥੇ ਸਹੁੰ ਵੀ ਚੁੱਕੀ ਅਤੇ ਅਗਲੇ ਹੀ ਦਿਨ ਇਹ ਗੱਲ ਕਾਫੀ ਚਰਚਾ ਵਿਚ ਰਹੀ ਕਿ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਨਾ ਵੇਚਣ ਦੀ ਸਹੁੰ ਖਾਧੀ ਪਰ ਉਥੇ ਹੀ ਚਾਹ ਦੀ ਘੁੱਟ ਨਾਲ ਸੰਹੁ ਵੀ ਅੰਦਰ ਲੰਘਾ ਗਏ। ਉਸ ਤੋਂ ਬਾਅਦ ਵੀ ਨਸ਼ੇ ਦਾ ਕਾਰੋਬਾਰ ਉਸੇ ਤਰ੍ਹਾਂ ਨਾਲ ਧੜ੍ਹੱਲੇ ਨਾਲ ਚੱਲਿਆ। ਨਸ਼ਾ ਹੁਣ ਵੀ ਸ਼ਰੇਆਮ ਵਿਕ ਰਿਹਾ ਹੈ। ਇਹ ਸਭ ਪੁਲਿਸ ਅਫਸਰਾਂ ਅਤੇ ਇਲਾਕੇ ਦੇ ਰਾਜਨੀਤਿਕ ਲੋਕਾਂ ਦੀ ਜਾਣਕਾਰੀ ਵਿਚ ਹੀ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਸਹੁੰ ਚੁੱਕ ਸਮਾਗਮ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ ਹਨ ਪਰ ਅਸਲ ਵਿੱਚ ਨਸ਼ਾ ਤਸਕਰ ਅਤੇ ਉਨ੍ਹਾਂ ਦੇ ਸਾਥੀ ਅਜਿਹੀ ਸਹੁੰ ਦੀ ਪ੍ਰਵਾਹ ਨਹੀਂ ਕਰਦੇ ਅਤੇ ਇਹ ਸਹੁੰ ਵਾਲਾ ਫਾਰਮੂਲਾ ਤਾਂ ਇਨ੍ਹੰ ਲਈ ਇਕ ਵੱਡੇ ਹਥਿਆਰ ਦਾ ਕੰਮ ਕਰਦਾ ਹੈ। ਜਦੋਂ ਤੱਕ ਪੰਜਾਬ ਸਰਕਾਰ ਉੱਪਰ ਤੋਂ ਹੇਠਾਂ ਤੱਕ ਦੇ ਸਿਆਸੀ ਨੇਤਾ ਅਤੇ ਪੁਲਿਸ ਅਧਿਕਾਰੀਆਂ/ ਕਰਮਚਾਰੀ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਤਾਂ ਕਿਸੇ ਕਿਸਮ ਦੀ ਸਫਲਤਾ ਮਿਲਣੀ ਅਸੰਭਵ ਹੈ ਕਿਉਂਕਿ ਜੇਕਰ ਕੋਈ ਨਸ਼ਾ ਤਸਕਰ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੈ ਤਾਂ ਆਮ ਜਨਤਾ ਨੂੰ ਪਤਾ ਹੁੰਦਾ ਹੈ। ਪਰ ਇਲਾਕੇ ਦੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਇਸ ਗੱਲ ਤੋਂ ਜਾਣੂ ਹੁੰਦੇ ਹਨ। ਸਿਆਸੀ ਲੋਕ ਅਜਿਹੇ ਅਨਸਰਾਂ ਨੂੰ ਆਪਣੇ ਸਵਾਰਥ ਲਈ ਸਮੇਂ-ਸਮੇਂ ’ਤੇ ਵਰਤਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਖਿਲਾਫ ਸਭ ਕੁਝ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕਰ ਸਕਦੇ। ਜੇਕਰ ਪੰਜਾਬ ਸਰਕਾਰ ਸੱਚਮੁੱਚ ਇਮਾਨਦਾਰੀ ਨਾਲ ਕੰਮ ਕਰਨਾ ਚਹਾੁੰਦੀ ਹੈ ਾਤੰ ਸਭ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੇ ਵਿਧਾਨ ਸਭਾ ਹਲਕਿਆਂ ਵਿੱਚੋਂ ਸਰਵੇ ਕਰਵਾ ਕੇ ਨਸ਼ੇ ਤਸਕਰਾਂ ਦੀ ਸੂਚੀ ਮੁਹੱਈਆ ਕਰਵਾ ਕੇ ਉਪਰੋਂ ਸਿੱਧੀ ਕਾਰਵਾਈ ਕਰੇ। ਜੇਕਰ ਤੁਸੀਂ ਉਸੇ ਖੇਤਰ ਦੀ ਪੁਲਿਸ ਨੂੰ ਕਾਰਵਾਈ ਕਰਨ ਲਈ ਕਹੋਗੇ ਤਾਂ ਇਹ ਵੀ ਸੰਭਵ ਨਹੀਂ ਹੋਵੇਗਾ। ਇਸ ਲਈ ਜੇਕਰ ਤੁਹਾਡੇ ਕੋਲ ਇੱਕ ਇਲਾਕੇ ਤੋਂ ਸੂਚਨਾ ਹੋਵੇ ਤਾਂ ਦੂਜੇ ਇਲਾਕੇ ਦੀ ਪੁਲਿਸ ਨੂੰ ਕਾਰਵਾਈ ਕਰਨ ਲਈ ਭੇਜਿਆ ਜਾਵੇ। ਇਸ ਤਰ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਫੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਿਹੜੇ ਸਿਆਸੀ ਲੋਕ ਨਸ਼ਾ ਤਸਕਰਾਂ ਨਾਲ ਗਠਜੋੜ ਬਣਾ ਕੇ ਬੈਠੇ ਹੋਏ ਹਨ , ਉਨ੍ਹਾਂ ਦੀ ਵੀ ਸ਼ਨਾਖਤ ਹੋਣੀ ਚਾਹੀਦੀ ਹੈ। ਭਾਵੇਂ ਉਹ ਹੇਠਲੇ ਪੱਧਰ ਤੋਂ ਹੋਵੇ ਜਾਂ ਉਪਰਲੇ ਪੱਧਰ ਤੋਂ, ਉਨ੍ਹਾਂ ਨੂੰ ਕਾਬੂ ਕੀਤਾ ਜਾਵੇ ਅਤੇ ਪੁਲਿਸ ਵਿਭਾਗ ਦੀ ਵੀ ਸਕਪੀਨਿੰਗ ਕੀਤੀ ਜਾਵੇ ਤਾਂ ਵੱਡੀ ਸੰਖਿਆ ਵਿਚ ਅਜਿਹੇ ਕਰਮਚਾਰੀ ਸਾਹਮਣੇ ਆਉਣਗੇ ਜੋ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰ ਰਹੇ ਹੋਣਗੇ। ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਤਿੰਨ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜੇਕਰ ਨਸ਼ੇ ਦੇ ਖਿਲਾਫ ਹੱਲ੍ਹਾ ਬੋਲ ਮੁਹਿੰਮ ਚਲਾਈ ਜਾਂਦੀ ਹੈ ਤਾਂ ਗੁਰੂ ਸਾਹਿਬ ਤੁਹਾਨੂੰ ਇਸ ਵਿੱਚ ਕਾਮਯਾਬੀ ਦੇਣਗੇ ਨਹੀਂ ਤਾਂ ਮੇਰੇ ਵੱਲੋਂ ਉਪਰੋਕਤ ਸਹੁੰ ਚੁੱਕ ਸਮਾਗਮ ਦੀ ਸੱਚੀ ਕਹਾਣੀ ਦੇ ਰਿਜਲਟ ਵਾਂਗ ਇਸ ਸਹੁੰ ਚੁੱਕ ਸਮਾਗਮ ਦਾ ਹਸ਼ਰ ਵੀ ਉਸੇ ਤਰ੍ਹਾਂ ਦਾ ਹੋਣ ਵਾਲਾ ਹੈ।
ਹਰਵਿੰਦਰ ਸਿੰਘ ਸੱਗੂ।