ਚੱਲ ਰਹੇ ਕ੍ਰਿਕਟ ਮੈਚ ਵਿੱਚ ਆਖਰੀ ਫਾਈਨਲ ਮੈਚ ਭਾਰਤ ਅਤੇ ਆਸਟਰੇਲੀਆ ਦੀ ਟੀਮ ਵਿਚਾਲੇ ਹੋਇਆ। ਇਸ ਮੈਚ ਨੂੰ ਲੈ ਕੇ ਦੇਸ਼ ਭਰ ਵਿੱਚ ਕਾਫੀ ਉਤਸਾਹ ਸੀ ਕਿ ਇਸ ਵਾਰ ਭਾਰਤ ਵਿਸ਼ਵ ਚੈਂਪੀਅਨ ਬਣ ਜਾਵੇਗਾ। ਪਰ ਆਸਟ੍ਰੇਲੀਆ ਨੇ ਇਸ ਵਾਰ ਫਿਰ ਜਿੱਤ ਦਾ ਪਰਚਮ ਲਹਿਰਾਉਣ ਵਿਚ ਸਫਲ ਰਿਹਾ। ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਨੂੰ ਥੋੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ’ਤੇ ਇਸ ਜਿੱਤ-ਹਾਰ ’ਤੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਜਿਥੋਂ ਤੱਕ ਜਿੱਤ ਹਾਰ ਦੀ ਗੱਲ ਹੈ ਉਹ ਕੇਵਲ ਖੇਡ ਗਰਾਉਂਡ ਤੱਕ ਹੀ ਸੀਮਤ ਰਹਿਣੀ ਚਾਹੀਦੀ ਹੈ। ਮੈਦਾਨ ਵਿਚ ਆਏ ਨਤੀਜੇ ਤੋਂ ਬਾਅਦ ਕਿਲਾੜੀਆਂ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਮੰਦੀ ਪ੍ਰਤਿਕ੍ਰਿਆ ਨਹੀਂ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜਦੋਂ ਕੋਈ ਵੀ ਟੀਮ ਖੇਡ ਮੈਦਾਨ ਵਿੱਚ ਮੁਕਾਬਲਾ ਕਰਨ ਆਉਂਦੀ ਹੈ ਤਾਂ ਉਹ ਜਿੱਤਣ ਦੇ ਮਕਸਦ ਨਾਲ ਹੀ ਮੈਦਾਨ ਵਿੱਚ ਉਤਰਦੀ ਹੈ ਕਿਉਂਕਿ ਉਹ ਆਪਣੇ ਦੇਸ਼ ਦੀ ਅਗਵਾਈ ਕਰ ਰਹੀ ਹੁੰਦੀ ਹੈ। ਜੇਕਰ ਦੋ ਟੀਮਾਂ ਆਪਸ ਵਿੱਚ ਭਿੜਦੀਆਂ ਹਨ ਤਾਂ ਉਨ੍ਹੰ ਵਿਚੋਂ ਇਕ ਹੀ ਟੀਮ ਜਿੱਤੇਗੀ। ਇਸ ਲਈ ਖੇਡ ਵਿਚ ਜਿੱਤ ਹਾਰ ਸਿਰਫ ਗਰਾਊੰਡ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ। ਖੇਡ ਦੇ ਨਤੀਜੇ ਜਿੱਤ ਹਾਰ ਦੀ ਭਾਵਨਾ ਨਾਲ ਨਹੀਂ ਬਲਕਿ ਖੇਡ ਦੀ ਭਾਵਨਾ ਨਾਲ ਲੈਣੇ ਚਾਹੀਦੇ ਹਨ। ਹੁਣ ਜੇਕਰ ਆਸਟਰੇਲੀਆ ਅਤੇ ਭਾਰਤ ਵਿਚਾਲੇ ਹੋਏ ਮੈਚ ਵਿੱਚ ਆਸਟਰੇਲੀਆ ਨੇ ਜਿੱਤ ਦਰਜ ਕੀਤੀ ਹੈ ਤਾਂ ਸਾਰੇ ਭਾਰਤ ਵਾਸੀਆਂ ਨੂੰ ਵੀ ਉਨ੍ਹਾਂ ਦੀ ਜਿੱਤ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ। ਇਙੀ ਸ਼ਿਸ਼ਟਾਤਾਰ ਹੈ ਅਤੇ ਖੇਡ ਦੀ ਮਰਿਆਦਾ ਹੈ। ਜਿੱਥੋਂ ਤੱਕ ਕ੍ਰਿਕਟੀ ਦੀ ਖੇਡ ਦਾ ਸਬੰਧ ਹੈ, ਇਹ ਸਭ ਤੋਂ ਮਹਿੰਗੀ ਅਤੇ ਪ੍ਰਸਿੱਧ ਖੇਡ ਬਣ ਗਈ ਹੈ। ਜਿਸ ਵਿੱਚ ਖਿਡਾਰੀ ਕਰੋੜਾਂ ਰੁਪਏ ਕਮਾਉਂਦੇ ਹਨ ਅਤੇ ਇਸ ਦੇ ਹਰ ਮੈਚ ਤੇ ਦੇਸ਼ ਭਰ ਵਿਚ ਸੱਟੇ ਦੇ ਰੂਪ ਵਿਚ ਅਰਬਾਂ ਰੁਪਏ ਦਾ ਗੈਰ ਕਾਨੂੰਨੀ ਧੰਦਾ ਤੱਕ ਹੁੰਦਾ ਹੈ। ਇਸ ਦੀ ਲੋਕਪਿ੍ਰਅਤਾ ਕਾਰਨ ਹੋਰ ਖੇਡਾਂ ਪਿੱਛੇ ਰਹਿ ਗਈਆਂ ਹਨ। ਇੱਕ ਸਮਾਂ ਹੁੰਦਾ ਸੀ ਜਦੋਂ ਹਾਕੀ ਅਤੇ ਫੁੱਟਬਾਲ ਦਾ ਵੀ ਅਜਿਹਾ ਹੀ ਕ੍ਰੇਜ਼ ਹੁੰਦਾ ਸੀ ਅਤੇ ਜਦੋਂ ਇਨ੍ਹਾਂ ਦੇ ਮੈਚ ਹੁੰਦੇ ਸਨ ਤਾਂ ਪੂਰਾ ਦੇਸ਼ ਥੰਮ ਜਾਂਦਾ ਸੀ। ਆਮ ਤੌਰ ਤੇ ਹਾਕੀ ਦੇ ਫਾਇਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁੰਦਾ ਸੀ ਅਤੇ ਜਦੋਂ ਇਹ ਫਾਈਨਲ ਮੈਚ ਹੁੰਦਾ ਸੀ ਤਾਂ ਲੋਕ ਆਪਣੇ ਘਰਾਂ ’ਚ ਟੀਵੀ ਦੇ ਸਾਹਮਣੇ ਤੋਂ ਨਹੀਂ ਸਨ ਉੱਠਦੇ। ਹੌਲੀ-ਹੌਲੀ ਇਹ ਦੋਵੇਂ ਖੇਡਾਂ ਪਰਦੇ ਦੇ ਪਿੱਛੇ ਤੋਂ ਗਾਇਬ ਹੋ ਗਈਆਂ ਹਨ ਅਤੇ ਹੁਣ ਸਿਰਫ਼ ਕ੍ਰਿਕਟ ਹੀ ਨਜ਼ਰ ਆ ਰਹੀ ਹੈ। ਭਾਰਤ ਸਰਕਾਰ ਨੂੰ ਇਸ ਖੇਤਰ ਵਿੱਚ ਕ੍ਰਿਕਟ ਦੇ ਨਾਲ-ਨਾਲ ਹੋਰ ਖੇਡਾਂ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਪਰੰਪੱਰਕ ਖੇਡਾਂ ਦਾ ਸਤਿਕਾਰ ਇਸ ਤਰ੍ਹਾਂ ਬਰਕਰਾਰ ਰਹਿ ਸਕੇ। ਹਾਕੀ ਅਤੇ ਫੁੱਟਬਾਲ ਦੇ ਮਹਾਨ ਖਿਡਾਰੀਆਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਖੇਡਾਂ ਲਈ ਖਿਡਾਰੀਆਂ ਨੂੰ ਪ੍ਰੋਟੋਕਾਲ ਅਨੁਸਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਜਿਸ ਤਰ੍ਹਾਂ ਕ੍ਰਿਕਟ ਦੇ ਖਿਡਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਉਸੇ ਤਰ੍ਹਾਂ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਸਹੂਲਤਾਂ ਦੇ ਨਾਲ ਨਾਲ ਮਾਣ ਸਤਿਕਾਰ ਦਿਤਾ ਜਾਵੇ ਤਾਂ ਜੋ ਉਹ ਅੱਗੇ ਵਧ ਸਕਣ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਦੇਸ਼ ਵਿਚ ਕਿਸੇ ਵੀ ਕਿਸਮ ਦੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਹੁਨਰ ਨੂੰ ਸੰਭਾਲਣ ਦੀ ਲੋੜ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਛੋਟੇ ਸ਼ਹਿਰਾਂ ਜਾਂ ਪਿੰਡ ਪੱਧਰ ਤੋਂ ਉੱਭਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਪੱਧਰ ’ਤੇ ਸ਼ੁਰੂਆਤੀ ਪੜਾਅ ’ਤੇ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਜੇਕਰ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਖੇਡਾਂ ਲਈ ਸਹਾਰਾ ਦੇਣ ਯੋਗ ਹਨ ਤਾਂ ਉਹ ਬੱਚੇ ਥੋੜਾ ਅੱਗੇ ਵਧ ਜਾਂਦੇ ਹਨ ਪਰ ਬਾਕੀ ਪਰਿਵਾਰ ਦੀ ਆਰਥਿਕ ਹਾਲਤ ਕਾਰਨ ਅੱਗੇ ਨਹੀਂ ਵਧ ਸਕਦੇ। ਜਿਸ ਕਾਰਨ ਦੂਜੇ ਛੋਟੇ ਦੇਸ਼ਾਂ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਖੇਡਾਂ ਵਿਚ ਹਿੱਸਾ ਲੈ ਕੇ ਹਰ ਤਰ੍ਹਾਂ ਦੇ ਮੈਡਲਾਂ ਤੇ ਕਬਜ਼ਾ ਕਰ ਜਾਂਦੇ ਹਨ ਅਤੇ ਅਸੀਂ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਹਿੱਸੇ ਕੁਝ ਹੀ ਮੈਡਲ ਆਉਂਦੇ ਹਨ। ਇਸ ਲਈ ਸਾਰੇ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਵਿਚ ਸਦਭਾਵਨਾ ਨੂੰ ਕਾਇਮ ਰੱਖਦੇ ਹੋਏ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਇਮਾਨਦਾਰੀ ਨਾਲ ਜ਼ਮੀਨੀ ਪੱਧਰ ਤੱਕ ਛੋਟੇ ਪੱਧਰ ਦੇ ਖਿਡਾਰੀਆਂ ਨੂੰ ਉੱਚ ਮੁਕਾਮ ਤੱਕ ਪਹੁੰਚਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ।
ਹਰਵਿੰਦਰ ਸਿੰਘ ਸੱਗੂ।