ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਇਸ ਸਮੇਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵੱਲੋਂ ਤਸ਼ੱਦਦ ਕਰਨ ਤੋਂ ਬਾਅਦ ਕੀਤੇ ਗਏ ਝੂਠੇ ਮੁਕਾਬਲੇ ’ਚ ਮਾਰ ਦੇਣ ਦੀ ਚਰਚਾ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਰੇ ਪਾਸੇ ਤੋਂ ਲੋਕ ਘੇਰ ਰਹੇ ਹਨ ਅਤੇ ਸਵਾਲਾਂ ਦੀ ਬੁਛਾਰ ਕਰ ਰਹੇ ਹਨ। ਜਿਸ ਕਾਰਨ ਇਹ ਦੋਵੇਂ ਹੀ ਆਪਣੇ ਬਚਾਅ ਲਈ ਲਗਾਤਾਰ ਰਣਨੀਤੀਆਂ ਅਪਣਾ ਰਹੇ ਹਨ। ਪਰ ਬੀ.ਪੀ.ਤਿਵਾੜੀ ਕਮਿਸ਼ਨ ਦੀ ਰਿਪੋਰਟ ਵਿੱਚ ਜਿਸ ਤਰ੍ਹਾਂ ਦੀ ਸਿੰਘ ਸਾਹਿਬ ਨੂੰ ਕੋਹ ਕੋਹ ਕੇ ਕਤਲ ਕਰਨ ਦੇ ਖੁਲਾਸੇ ਕੀਤੇ ਹੋਏ ਹਨ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਟਹਿਰੇ ਵਿੱਚ ਹੈ। ਲੋਕ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ‘ਤੇ ਵੀ ਸਵਾਲ ਉੱਠਾ ਰਹੇ ਹਨ। ਤਿਵਾੜੀ ਕਮਿਸ਼ਨ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੰਘ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਦਾ ਗੁਰਮ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਕੇਸ ਦੀ ਪੈਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦੇ ਮੁਕਾਮ ਤੱਕ ਪਹੁੰਚਾਉਣ ਲਈ ਸੀਨੀਅਰ ਵਕੀਲ ਪਵਿੱਤਰ ਸਿੰਘ ਹੁੰਦਲ ਦੀ ਅਗਵਾਈ ਹੇਠ ਕਾਨੂੰਨ ਮਾਹਿਰਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਪੁਨੀਤ ਕੌਰ, ਸਾਬਕਾ ਜ਼ਿਲ੍ਹਾ ਅਟਾਰਨੀ ਐਡਵੋਕੇਟ ਬਲਜੀਤ ਸਿੰਘ ਢਿੱਲੋਂ, ਐਡਵੋਕੇਟ ਅਮਰਜੀਤ ਸਿੰਘ ਧਾਮੀ ਅਤੇ ਐਸ.ਜੀ.ਪੀ.ਸੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਮੇਟੀ ਇਸ ਮਾਮਲੇ ਵਿੱਚ ਕਾਨੂੰਨੀ ਤੌਰ ’ਤੇ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾ ਕੇ, ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆ ਕੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਇਨਸਾਫ਼ ਦਿਵਾਏਗੀ। ਹੁਣ ਇੱਥੇ ਇੱਕ ਵੱਡਾ ਸਵਾਲ ਇਹ ਸਾਹਮਣੇ ਆ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਹਿਮੋ ਕਰਮ ਤੇ ਚਲਦੀ ਰਹੀ ਹੈ ਅਤੇ ਬਹੁਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੁਣ ਤੱਕ ਬਾਦਲਾਂ ਦੀ ਜੇਬ ਵਿਚੋਂ ਨਿਕਲਣ ਵਾਲੀ ਪਰਚੀ ਤੇ ਹੀ ਨਿਯੁਕਤ ਕੀਤੇ ਜੰਦੇ ਰਹੇ ਹਨ ਅਤੇ ਜਿਸਨੂੰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੁੰਦਾ ਸੀ ਉਸਨੂੰ ਪ੍ਰਧਾਨ ਬਣਾ ਦਿਤਾ ਜਾਂਦਾ ਅਤੇ ਜਿਸਨੇ ਉਨ੍ਹਾਂ ਦੇ ਅਨੁਸਾਰ ਕੰਮ ਨਮਹੀਂ ਕੀਤਾ ਉਸਨੂੰ ਲਾਂਭੇ ਕਰ ਦਿਤਾ ਜਾਂਦਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਾਰਵਾਈ ਨੂੰ ਅੱਗੇ ਵਧਾ ਸਕੇਗੀ, ਕਿਉਂਕਿ ਜੇਕਰ ਇਸ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਜਾਵੇ ਤਾਂ ਜਦੋਂ ਬੀਪੀ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸ ਵਿਚ ਸਭ ਤੋਂ ਪਹਿਲਾਂ ਉਂਗਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਉਠਦੀ ਹੈ ਕਿਉਂਕਿ ਜਦੋਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 1993 ਵਿੱਚ ਅੰਨਾਂ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਸਮੇਂ ਭਾਵੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਸ਼੍ਰੋਮਣੀ ਅਕਾਲੀ ਉਸ ਸਮੇਂ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸੰਬੰਧ ਵਿਚ ਅਤੇ ਪੰਜਾਬ ਵਿਚ ਹੋਰਨਾ ਹਜਾਰਾ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿਤੇ ਗਏ ਨੌਜਵਾਨਾਂ ਸੰਬੰਧੀ ਸੱਤਾ ਵਿਚ ਆਉਣ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਦਾਅਵੇ ਕਰਕੇ ਸੱਤਾ ਹਾਸਿਲ ਕਰ ਲਈ ਗਈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਉਣ ਤੋਂ ਬਾਅਦ ਬੀ.ਪੀ.ਤਿਵਾਰੀ ਦਾ ਕਮਿਸ਼ਨਰ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਅਤੇ ਉਸਦੀ ਰਿਪੋਰਟ ਨੂੰ ਕਾਰਵਾਈ ਕਰਨ ਦੀ ਬਜਾਏ ਦਬਾ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਉਸਤੋਂ ਬਾਅਦ 15 ਸਾਲ ਪੰਜਾਬ ’ਤੇ ਰਾਜ ਕੀਤਾ। ਕੀ ਹੁਣ ਇਸ ਸਭ ਦਾ ਖੁਲਾਸਾ ਹੋਣ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੱਡੀ ਗਲਤੀ ਕਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰ ਸਕਣਗੇ ? ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਮੰਨਦੇ ਹਨ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਸ੍ਰੀ ਅਕਾਲ ਖਤ ਸਾਹਿਬ ਦੇ ਜਥੇਦਾਰ ਸਨ ਅਤੇ ਉਹ ਉਨ੍ਹਾਂ ਸ਼ਹੀਦ ਦਾ ਦਰਜਾ ਦਿੰਦੇ ਹਨ ਤਾਂ ਉਸ ਲਿਹਾਜ ਨਾਲ ਬਾਦਲ ਸਰਕਾਰ ਨੇ ਸੱਤਾ ਵਿਚ ਰਹਿੰਦੇ ਹੋਏ ਕਾਰਵਾਈ ਨਹੀਂ ਸੀ ਕੀਤੀ ਤਾਂ ਉਹ ਪਹਿਲੀ ਨਜ਼ਰੇ ਕਟਹਿਰੇ ਵਿੱਚ ਹਨ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਰਹਿ ਕੇ ਬਾਦਲਾਂ ਖਿਲਾਫ ਕੋਈ ਕਾਰਵਾਈ ਕਰ ਸਕੇਗੀ ? ਇਹਨਾਂ ਸਵਾਲਾਂ ਦੇ ਜਵਾਬ ਹਰ ਕੋਈ ਨਾਂਹ ਵਿੱਚ ਦੇਵੇਗਾ। ਨਾਂ ਤਾਂ ਸ਼੍ਰੀ ਅਕਾਲ ਸਾਹਿਬ ਉਹਨਾਂ ਨੂੰ ਇਸ ਬੱਜ਼ਰ ਗਲਤੀ ਲਈ ਧਾਰਮਿਕ ਸਜ਼ਾ ਲਈ ਤਲਬ ਕਰਨਗੇ , ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਵਿਰੁੱਧ ਕੋਈ ਵੀ ਸ਼ਬਦ ਬੋਲ ਸਕੇਗੀ। ਅਜਿਹੀ ਸਥਿਤੀ ਵਿਚ ਇਨਸਾਫ਼ ਕਿਵੇਂ ਹੋਵੇਗਾ, ਸੋਚਣ ਵਾਲੀ ਗੱਲ ਹੈ ? ਹੁਣ ਇਕ ਹੋਰ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ। ਭਾਈ ਗੁਰਦੇਵ ਸਿੰਘ ਕਾਉਂਕੇ ਤੇ ਤਸ਼ੱਦਦ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਾਲਾ ਤਤਕਾਲੀਨ ਐਸ ਐਸ ਪੀ ਸਵਰਨ ਸਿੰਘ ਘੋਟਨਾ ਦੀ ਜਦੋਂ ਮੌਤ ਹੋਈ ਸੀ ਤਾਂ ਉਸਦੇ ਭੋਗ ਤੇ ਨਾ ਤਾਂ ਕੋਈ ਪਾਠੀ ਸਿੰਘ ਅਤੇ ਨਾ ਹੀ ਕੋਈ ਕੀਰਤਨੀਆ ਜਾਣ ਲਈ ਤਿਆਰ ਸੀ। ਅਜਿਹੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਸਿੰਘ ਨੂੰ ਪੱਤਰ ਜਾਰੀਕਰਕੇ ਬਕਾਇਦਾ ਲਿਖਿਤ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਤੁਸੀਂ ਸਵਰਨ ਸਿੰਘ ਘੋਟਨੇ ਦੇ ਭੋਗ ਤੇ ਜਾ ਕੇ ਕੀਰਤਨ ਕਰੋਗੇ। ਹੁਣ ਇਹ ਪੱਤਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀਨ ਜਿਸ ਟੀਮ ਨੇ ਸਵਰਨ ਸਿੰਘ ਘੋਟਨੇ ਦੇ ਭੋਗ ਤੇ ਕੀਰਤਨ ਕਰਨ ਦਾ ਹੁਕਮ ਜਾਰੀ ਕੀਤਾ ਸੀ ਉਸ ਦੇ ਸੰਬੰਧ ਵਿਚ ਪ੍ਰਧਾਨ ਕੋਈ ਸਪੱਸ਼ਟੀਕਰਨ ਦੇਣਗੇ ਤਿ ਉਹ ਹੁਕਮ ਕਿਸਦੇ ਕਹਿਣ ਤੇ ਜਾਰੀ ਕੀਤਾ ਗਿਆ ਸੀ ਅਤੇ ਉਸਦੀ ਕੀ ਮਜ਼ਬੂਰੀ ਸੀ। ਇਹ ਸਾਰੇ ਸਵਾਲ ਆਮ ਵਿਅਕਤੀ ਦੇ ਦਿਲ-ਦਿਮਾਗ ਵਿੱਚ ਘੁੰਮ ਰਹੇ ਹਨ। ਹੁਣ ਇਸ ਮਾਮਲੇ ਵਿਚ ਚਾਰੋਂ ਪਾਸੇ ਤੋਂ ਘਿਰਦੇ ਹੋਏ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਨ ਸੁਖਬੀਰ ਬਾਦਲ ਨੇ ਤਾਂ ਹੁਣ ਤੱਕ ਮੂੰਹ ਨਹੀਂ ਖੋਲਿ੍ਹਆ ਪਰ ਅਕਾਲੀਆਂ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਹੁਣ ਟੀਵੀ ਡਿਬੇਟਾਂ ਉੱਪਰ ਜਾ ਕੇ ਬੀਪੀ ਤਿਵਾੜ ਕਮਿਸ਼ਨ ਦੀ ਰਿਪੋਰਟ ਤੇ ਹੀ ਕਿੰਤੂ ਪ੍ਰੰਤੂ ਕਰਨ ਲੱਗ ਪਏ ਹਨ। ਜਿਸ ਕਾਰਨ ਭਾਈ ਮ੍ਰੂ ਨਾਲ ਇਕ ਇੰਟਰਵਿਊ ਵਿਚ ਤਾਂ ਇਕ ਸਿੱਖ ਨੇਤਾ ਨੇ ਵਿਰਸਾ ਸਿੰਘ ਨਲਟੋਹਾ ਨਾਲ ਸਵਰਨ ਸਿੰਘ ਘੋਟਨੇ ਦੀ ਰਿਸ਼ਤੇਦਾਰੀ ਹੋਣ ਤੱਕ ਦੇ ਇਲਜਾਮ ਲਗਾ ਦਿਤੇ। ਜਿਸ ਬਾਰੇ ਅਜੇ ਤੱਕ ਨਾ ਅਕਾਲੀ ਦਲ ਅਤੇ ਨਾ ਹੀ ਖੁਦ ਵਲਟੋਹਾ ਨੇ ਕੋਈ ਜਵਾਬ ਦਿਤਾ ਹੈ। ਹੁਣ ਬਚਾਅ ਦੀ ਰਣਨੀਤੀ ਵਜੋਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਣਮਨੁੱਖੀ ਤਸ਼ਦੱਦ ਕਰਕੇ ਸ਼ਹੀਦ ਹੋਣ ਦੀ ਰਿਕਪੋਰਟ ਜਨਤਕ ਹੋਣ ਤੋਂ ਬਾਅਦ ਅਕਾਲੀ ਨੇਤਾ ਹਾਏ ਜਥੇਦਾਰ ਹਾਏ ਜਥੇਦਾਰ ਸਾਹਿਬ ਬਾਹਾਂ ਉਲਾਰ ਉਲਾਰ ਕੇ ਕਹਿ ਰਹੇ ਹਨ। ਪਰ ਜਦੋਂ ਮੌਕਾ ਸੀ ਤਾਂ ਇਨ੍ਹਾਂ ਨੇ ਇਨਸਾਫ ਦੇਣ ਦੀ ਥਾਂ ਇਨਸਾਫ ਦਾ ਗਲਾ ਹੀ ਦਬਾ ਕੇ ਰੱਖਿਆ। ਹੁਣ ਆਉਣ ਵਾਲੇ ਸਮੇਂ ਵਿੱਚ ਹਰ ਕੋਈ ਇਨ੍ਹਾਂ ਸਵਾਲਾਂ ਦੇ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਜਾਣਨਾ ਚਾਹੁੰਦਾ ਹੈ। ਜੇਕਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਹ ਦੋਵੇਂ ਧਿਰਾਂ ਨਾ ਦੇ ਸਕੀਆਂ ਤਾਂ ਲੋਕ ਇਨ੍ਹਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ। ਆਪਣੇ ਅਤੇ ਬਾਦਲ ਦਲ ਦੇ ਬਚਾਅ ਲਈ ਭਾਵੇਂ ਸ਼੍ਰੋਮਣੀ ਕਮੇਟੀ ਕਮੇਟੀਆਂ ਬਨਾਉਣ ਦੇ ਦਾਅਵੇ ਕਰ ਰਹੀ ਹੈ ਪਰ ਹੁਣ ਲੋਕ ਇਨ੍ਹਾਂ ਤੇ ਯਕੀਨ ਨਹੀਂ ਕਰਨਗੇ ਅਤੇ ਇਨ੍ਹਾਂ ਪਾਸੋਂ ਇਸ ਮਾਮਲੇ ਵਿਚ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਹਰਵਿੰਦਰ ਸਿੰਘ ਸੱਗੂ।