Home Punjab ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ‘ਤੇ ਲਿਜਾਣ ਦਾ ਕੰਮ ਪ੍ਰੋਸੈੱਸ ਅਧੀਨ –...

ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ‘ਤੇ ਲਿਜਾਣ ਦਾ ਕੰਮ ਪ੍ਰੋਸੈੱਸ ਅਧੀਨ – ਤਰਨਜੀਤ ਸੰਧੂ

20
0


“ਸਰਹੱਦੀ ਕਿਸਾਨਾਂ ਦੇ ਮਸਲੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਸ਼ਚਿਤ ਤੌਰ ‘ਤੇ ਹੱਲ ਕੀਤੇ ਜਾਣਗੇ”
ਅੰਮ੍ਰਿਤਸਰ,13 ਅਪ੍ਰੈਲ (ਰਾਜੇਸ਼ ਜੈਨ – ਰੋਹਿਤ ਗੋਇਲ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ‘ਤੇ ਸ਼ਾਹਪੁਰ ਬੀ.ਐੱਸ.ਐੱਫ਼ ਚੌਕੀ ਨੇੜੇ ਜ਼ੀਰੋ ਲਾਈਨ ‘ਤੇ ਪਹੁੰਚ ਕੇ ਕੰਡਿਆਲੀ ਤਾਰ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ ਦਾ ਹੱਲ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਹਾਂ ਅਤੇ ਸਰਹੱਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਹੱਦੀ ਕਿਸਾਨਾਂ ਦੇ ਮਸਲੇ ਜ਼ਰੂਰ ਹੱਲ ਕਰਾਏ ਜਾਣਗੇ।ਸਰਹੱਦੀ ਖੇਤਰ ਦੇ ਕਿਸਾਨਾਂ ਦੇ ਸੱਦੇ ‘ਤੇ ਜ਼ੀਰੋ ਲਾਈਨ ‘ਤੇ ਆਏ ਤਰਨਜੀਤ ਸਿੰਘ ਸੰਧੂ ਨੇ ਭਾਜਪਾ ਹਲਕਾ ਇੰਚਾਰਜ ਅਤੇ ਓ.ਬੀ.ਸੀ ਮੋਰਚਾ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨਾਲ ਸਰਹੱਦੀ ਖੇਤਰ ਦਾ ਮੁਆਇਨਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰੈੱਸ ਨੂੰ ਦੱਸਿਆ ਕਿ ਤਾਰਾਂ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ’ਚ ਆ ਰਹੀ ਮੁਸ਼ਕਲ ਬਾਰੇ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ ਵਿਚ ਲਿਆਂਦਾ ਜਾ ਚੁਕਾ ਹੈ।ਉਨ੍ਹਾਂ ਤੋਂ ਇਹ ਮਸਲਾ ਹੱਲ ਕਰਵਾਇਆ ਜਾ ਚੁਕਾ ਹੈ ਅਤੇ ਹੁਣ ਜ਼ੀਰੋ ਲਾਈਨ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਪ੍ਰੋਸੈੱਸ ਅਧੀਨ ਹੈ। ਉਨ੍ਹਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਬਾਕੀ ਦੇ ਮਸਲੇ ਵੀ ਮਿਲ ਜੁੱਲ ਕੇ ਜ਼ਰੂਰ ਹੱਲ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਹੱਦ ਦੇ ਰਹਿਣ ਵਾਲੇ ਗ਼ਰੀਬ ਕਿਸਾਨ ਤੇ ਮਜ਼ਦੂਰ ਬਹੁਤ ਸਾਊ ਤੇ ਸ਼ਰੀਫ਼ ਲੋਕ ਹਨ।ਇਨ੍ਹਾਂ ਦੀਆਂ ਮੁਸ਼ਕਲਾਂ ਹੱਲ ਹੋਣ ਯੋਗ ਹਨ ਅਤੇ ਉਨ੍ਹਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਸੀ। ਪਰ ਚੁਣੇ ਹੋਏ ਲੋਕ ਨੁਮਾਇੰਦਿਆਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।ਜ਼ੀਰੋ ਲਾਈਨ ’ਤੇ ਆਉਣ ’ਤੇ ਸਥਾਨਕ ਕਿਸਾਨਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕਰਨ ਬਾਰੇ ਪੁੱਛੇ ਜਾਣ ’ਤੇ ਸ. ਸੰਧੂ ਸਮੁੰਦਰੀ ਨੇ ਕਿਹਾ ਕਿ ਮੈਂ ਖ਼ੁਦ ਕਿਸਾਨ ਪਰਿਵਾਰ ’ਚੋਂ ਹਾਂ ਅਤੇ ਇਨ੍ਹਾਂ ਕਿਸਾਨਾਂ ਨੇ ਫੁੱਲ ਸੁੱਟ ਕੇ ਸਨੇਹ ਦਾ ਪ੍ਰਗਟਾਵਾ ਕੀਤਾ ਹੈ।ਇਕ ਅੱਧੀ ਕਿਸਾਨ ਯੂਨੀਅਨ ਵਾਲੇ ਜੋ ਉਨ੍ਹਾਂ ’ਤੇ ਪੱਥਰ ਸੁੱਟਣ ਦੀ ਸੋਚ ਰਹੇ ਹਨ ਉਹ ਅਸਲ ਵਿਚ ਕਿਸਾਨ ਹਿਤੈਸ਼ੀ ਬਿਲਕੁਲ ਨਹੀਂ ਹਨ,ਉਹ ਕਿਸਾਨਾਂ ਦੇ ਨਾਮ ’ਤੇ ਸੌੜੀ ਸਿਆਸਤ ਕਰ ਰਹੇ ਹਨ। ਕਿਉਂਕਿ ਉਹ ਹਮੇਸ਼ਾਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਵਕਾਲਤ ਅਤੇ ਕੰਮ ਕਰ ਰਹੇ ਹਨ। ਕਿਸਾਨ ਯੂਨੀਅਨ ਵਾਲੇ ਉਸ ਬਾਰੇ ਕੁਝ ਵੀ ਕਹਿਣ,ਮੈਂ ਉਨ੍ਹਾਂ ’ਤੇ ਫੁੱਲ ਸੁੱਟਣਾ ਹੀ ਪਸੰਦ ਕਰਾਂਗਾ।ਮੇਰੀ ਲੜਾਈ ਕਿਸੇ ਨਾਲ ਨਹੀਂ,ਪਰ ਕਿਸਾਨਾਂ ਦੀ ਆਮਦਨੀ ਵਧੇ ਇਹ ਮੇਰਾ ਲਕਸ਼ ਹੈ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਪ੍ਰਯੋਜਨ ਜ਼ਮੀਨ ਨਾਲ ਜੁੜੇ ਹੋਏ ਹਨ। ਮੈਂ ਖੇਤੀ, ਸਨਅਤ,ਵਪਾਰ ਅਤੇ ਟੂਰਿਜ਼ਮ ਬਾਰੇ ਗੱਲਾਂ ਕੀਤੀਆਂ।ਕੋਈ ਇਸ ਬਾਰੇ ਵਿਚਾਰ ਕਰਨਾ ਚਾਹੇ ਤਾਂ ਉਸ ਦਾ ਸਵਾਗਤ ਕਰਾਂਗਾ।ਇਕ ਦੂਜੇ ’ਤੇ ਚਿੱਕੜ ਸੁੱਟਣਾ ਦੀ ਭੈੜੀ ਰਾਜਨੀਤੀ ਖ਼ਤਮ ਹੋਣੀ ਚਾਹੀਦੀ ਹੈ। ਕੋਈ ਅਹਿਸਾਸ ਕਰੇ ਤਾਂ ਸਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹਨ। ਗੁਰੂ ਨਗਰੀ ਅੰਮ੍ਰਿਤਸਰ ਅਤੇ ਸਰਹੱਦੀ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣੇ ਜ਼ਰੂਰੀ ਹਨ।ਸੁਖਬੀਰ ਬਾਦਲ ਵੱਲੋਂ ਭਾਜਪਾ ’ਚ ਜਾਣ ਵਾਲੇ ਸਿੱਖਾਂ ਪ੍ਰਤੀ ਕੀਤੀ ਗਈ ਟਿੱਪਣੀ ’ਤੇ ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਨੂੰ ਸਿਹਤ ਸਹੂਲਤਾਂ ਅਤੇ ਹਸਪਤਾਲਾਂ ਦੀ ਜ਼ਰੂਰਤ ਹੈ,ਉਹ ਇਥੇ ਇਹ ਸਹੂਲਤਾਂ ਮੁਹੱਈਆ ਕਰਾ ਦੇਣ ਅਤੇ ਕਿਸੇ ਦਾ ਵੀ ਮੈਡੀਕਲ ਟੈੱਸਟ ਕਰਾ ਲੈਣ। ਕਾਂਗਰਸ ਵੱਲੋਂ ਉਮੀਦਵਾਰ ਐਲਾਨਣ ’ਚ ਦੇਰੀ ਬਾਰੇ ਪੁੱਛੇ ਜਾਣ ’ਤੇ ਸੰਧੂ ਨੇ ਕਿਹਾ ਕਿ ਜਿਹੜਾ ਲੋਕਾਂ ਨੇ ਚੁਣਿਆ ਉਸ ਨੇ ਸੱਤ ਸਾਲਾਂ ਵਿਚ ਕਿਹੜਾ ਕੋਈ ਮਸਲਾ ਹੱਲ ਕਰਵਾਇਆ? ਅੰਮ੍ਰਿਤਸਰ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਕਿਸਾਨ ਵੀਰ ਐਡਵੋਕੇਟ ਨਾਨਕ ਸਿੰਘ,ਗੁਰਨਾਮ ਸਿੰਘ ਅਤੇ ਰਤਨ ਸਿੰਘ ਰਾਜਪੂਤ ਡਲ਼ਾ ਵੱਲੋਂ ਸ.ਸੰਧੂ ਕੋਲ ਸਰਹੱਦੀ ਜ਼ਮੀਨਾਂ ਦੇ ਇੰਤਕਾਲਾਂ ਦਾ ਮਾਮਲਾ ਉਠਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਫਿਰ ਵੀ ਉਹ ਕਿਸਾਨਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਅਤੇ ਕਿੱਤਾਮੁਖੀ ਸਿੱਖਿਆ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਰਹੱਦੀ ਚੌਕੀ ਦੇ ਬੀ ਐਸ ਐੱਫ਼ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here