ਮੋਗਾ, 18 ਅਪ੍ਰੈਲ ( ਜਗਰੂਪ ਸੋਹੀ, ਅਸ਼ਵਨੀ)- ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਐਲਾਨ ਤਹਿਤ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਨੇ ਭਾਜਪਾ ਦੇ ਫਰੀਦਕੋਟ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਪ੍ਰਸਿੱਧ ਸੂਫੀ ਗਾਇਕ ਹੰਸਰਾਜ ਹੰਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਵਿਰੋਧ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ ਗਿਆ ਅਤੇ ਸਰਹੱਦ ‘ਤੇ ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਾਡਾ ਕਿਸਾਨ ਵੀਰ ਸ਼ਹੀਦ ਹੋ ਗਿਆ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਦਾ ਬਾਈਕਾਟ ਕਰਦੇ ਹਾਂ। ਕੋਈ ਵੀ ਕਿਸਾਨ ਉਨ੍ਹਾਂ ਨੂੰ ਵੋਟ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਉਮੀਦਵਾਰ ਕਿਤੇ ਵੀ ਜਾਂਦੇ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।