ਦੀਨਾਨਗਰ , 25 ਅਪ੍ਰੈਲ ( ਬਿਊਰੋ)-: ਐਤਵਾਰ ਸ਼ਾਮ ਦੀਨਾਨਗਰ ਨੇੜਲੇ ਪਿੰਡ ਪਨਿਆੜ ਤੋਂ ਮੀਰਥਲ ਨੇੜਲੇ ਪਿੰਡ ਗੂੜਾ ਜਾ ਰਹੀ ਬਰਾਤੀਆਂ ਨਾਲ ਭਰੀ ਮਿੰਨੀ ਬੱਸ ਯੂਬੀਡੀਸੀ ਨਹਿਰ ਵਿਚ ਜਾ ਡਿੱਗੀ। ਹਾਦਸੇ ਵਿਚ ਬੱਸ ਡਰਾਈਵਰ ਸਣੇ 18 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੀਐੱਚਸੀ ਸਿੰਗੋਵਾਲ ਵਿਖੇ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੀਰਥਲ ਨੇੜੇ ਪਿੰਡ ਗੂੜ੍ਹਾ ਤੋਂ ਲੱਕੀ ਪੁੱਤਰ ਬਿੱਟੂ ਬਰਾਤ ਲੈ ਪਨਿਆੜ ਦੇ ਇਕ ਰਿਜ਼ੌਰਟ ਵਿਖੇ ਆਇਆ ਹੋਇਆ ਸੀ। ਸ਼ਾਮ ਵੇਲੇ ਜਦੋ ਸਵਾਰੀਆਂ ਨਾਲ ਭਰੀ ਬੱਸ ਵਾਪਸ ਰਵਾਨਾ ਹੋਈ ਤਾਂ ਡਰਾਈਵਰ ਸੁਨੀਲ ਕੁਮਾਰ ਪੁੱਤਰ ਜੋਗਿੰਦਰ ਪਾਲ ਨੇ ਸ਼ਾਰਟਕੱਟ ਦੇ ਚੱਕਰ ਵਿੱਚ ਬੱਸ ਗਲਤ ਰਸਤੇ ਪਾ ਲਈ। ਜਦੋਂ ਬੱਸ ਯੂਬੀਡੀਸੀ ਨਹਿਰ ਤੇ ਨਾਨੋਨੰਗਲ ਪਿੰਡ ਦੇ ਨਜ਼ਦੀਕ ਪਹੁੰਚੀ ਤਾਂ ਸੰਤੁਲਨ ਵਿਗੜ ਜਾਣ ਕਾਰਨ ਨਹਿਰ ਵਿੱਚ ਜਾ ਡਿੱਗੀ। ਹਾਦਸੇ ਵਿਚ ਬਚਾਅ ਇਸ ਗੱਲ ਦਾ ਰਿਹਾ ਹੈ ਬੱਸ ਪਾਣੀ ਵਿੱਚ ਡਿੱਗਣ ਤੋਂ ਪਹਿਲਾਂ ਨਹਿਰ ਕਿਨਾਰੇ ਦਰਖ਼ਤਾਂ ਵਿਚ ਫਸ ਗਈ। ਜਿਸ ਮਗਰੋਂ ਰਾਹਗੀਰਾਂ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਜ਼ਖਮੀ ਹਾਲਤ ਵਿਚ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।