ਮੁਹੱਲਾ ਬੇਰੀਆਂ ਵਿੱਚ ਪਿਛਲੇ 10 ਦਿਨਾਂ ਤੋਂ ਨਗਰ ਕੌਂਸਲ ਦੀ ਪਾਣੀ ਵਾਲੀ ਮੋਟਰ ਖਰਾਬ
ਜਗਰਾਓਂ, 18 ਮਈ ( ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )- ਸ਼ਹਿਰ ਦੇ ਵਾਰਡ ਨੰਬਰ 13 ਦੇ ਮੁਹੱਲਾ ਬੇਰੀਆਂ ਵਿੱਚ ਰਹਿੰਦੇ ਕਰੀਬ 50 ਘਰਾਂ ਦੇ ਲੋਕ ਨਗਰ ਕੌਂਸਲ ਵੱਲੋਂ ਲਗਾਈ ਗਈ ਪਾਣੀ ਵਾਲੀ ਮੋਟਰ ਦੇ ਥਰਾਬ ਹੋਣ ਕਾਰਨ ਪਿਛਲੇ 10 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਸਬੰਧੀ ਵਾਰਡ ਨੰਬਰ 13 ਦੀ ਕੌਂਸਲਰ ਅਨੀਤਾ ਸੱਭਰਵਾਲ ਅਤੇ ਨਗਰ ਕੌਂਸਲ ਪ੍ਰਧਾਨ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਦੋਂ ਵੀ ਮੁਹੱਲੇ ਵਿਚ ਵਾਟਰ ਸਪਲਾਈ ਦੀ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਉਹ ਮੁਹੱਲੇ ਦੇ ਘਰਾਂ ਵਿਚੋਂ ਪੈਸੇ ਇਕੱਠੇ ਕਰਕੇ ਇਸ ਦੀ ਮੁਰੰਮਤ ਕਰਵਾਉਂਦੇ ਹਨ। ਪਰ ਇਸ ਵਾਰ ਮੋਟਰ ਦੀ ਮੁਰੰਮਤ ਨਹੀਂ ਹੋ ਸਕੀ ਅਤੇ ਇਲਾਕੇ ਵਿਚ ਪਿਛਲੇ ਦਸ ਦਿਨਾਂ ਤੋਂ ਪੀਣ ਵਾਲਾ ਪਾਣੀ ਸਪਲਾਈ ਨਹੀਂ ਹੋ ਰਿਹਾ। ਜਿਸ ਕਾਰਨ ਲੋਕ ਮੁਹੱਲੇ ਦੇ ਇੱਕ ਘਰ ਵਿੱਚ ਲੱਗੇ ਸਬਮਰਸੀਬਲ ਪੰਪ ਤੋਂ ਪੀਣ ਵਾਲਾ ਪਾਣੀ ਲੈਣ ਲਈ ਮੁਹੱਲਾ ਨਿਵਾਸੀ ਮਜਬੂਰ ਹਨ। ਕਹਿਰ ਦੀ ਗਰਮੀ ਕਾਰਨ ਪਾਣੀ ਨਾ ਆਉਣ ਕਾਰਨ ਹਰ ਕਿਸੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਰਡ ’ਚ ’ਆਪ’ ਦੇ ਹਨ ਤਿੰਨ ਵੱਡੇ ਆਗੂ – ਇਸ ਵਾਰਡ ਵਿੱਚ ਸੱਤਾਧਾਰੀ ਪਾਰਟੀ ਨਾਲ ਸਬੰਧਤ ਤਿੰਨ ਵੱਡੇ ਆਗੂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਤਾਂ ਇਸੇ ਮੁਹੱਲਾ ਬੇਰੀਆਂ ਵਿੱਚ ਹੀ ਰਹਿੰਦਾ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਵਾਰਡ ਨੰਬਰ 13 ਦੀ ਮਹਿਲਾ ਕੌਂਸਲਰ ਅਨੀਤਾ ਸੱਭਰਵਾਲ ਭਾਵੇਂ ਉਸ ਦਾ ਪਰਿਵਾਰ ਕਾਂਗਰਸੀ ਹੈ ਪਰ ਉਸ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਵਿਰੁੱਧ ਬਗਾਵਤ ਕਰਕੇ ਆਮ ਆਦਮੀ ਪਾਰਟੀ ਦੇ ਸਹਿਯੋਗੀ ਉਮੀਦਵਾਰ ਨੂੰ ਵੱਡਾ ਰੋਲ ਨਿਭਾ ਕੇ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਗੋਪੀ ਸ਼ਰਮਾ ਵੀ ਇਸੇ ਵਾਰਡ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਇਸ ਵਾਰਡ ਵਿੱਚ ਕੌਂਸਲਰ ਦੀ ਚੋਣ ਲੜੀ ਸੀ ਪਰ ਉਹ ਅਨੀਤਾ ਸੱਭਰਵਾਲ ਤੋਂ ਹਾਰ ਗਏ ਸਨ। ਹੁਣ ਵੀ ਉਹ ਇਸ ਵਾਰਡ ਤੋਂ ਮੁੱਖ ਦਾਅਵੇਦਾਰ ਹਨ। ਤੀਸਰਾ ਇਸੇ ਵਾਰਡ ਦਾ ਰਹਿਣ ਵਾਲਾ ਸਾਜਨ ਮਲਹੋਤਰਾ ਜੋ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਵੱਡਾ ਆਗੂ ਮੰਨਦਾ ਹੈ ਅਤੇ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਬਹੁਤ ਕਰੀਬੀ ਹੈ ਅਤੇ ਇਸ ਮੁਹੱਲੇ ਬੇਰੀਆਂ ਦਾ ਹੀ ਵਸਨੀਕ ਹੈ। ਜਿੱਥੇ ਲੋਕ 10 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਘਰ ਤੋਂ ਮੁਹੱਲੇ ਦੇ ਲੋਕ ਪੀਣ ਲਈ ਪਾਣੀ ਲੈ ਕੇ ਜਾਂਦੇ ਹਨ, ਉਹ ਘਰ ਵੀ ਸਾਜਨ ਮਲਹੋਤਰਾ ਦੇ ਘਰ ਦੇ ਨੇੜੇ ਹੀ ਹੈ। ਜੇਕਰ ਸੱਤਾਧਾਰੀ ਪਾਰਟੀ ਦੇ ਤਿੰਨ ਆਗੂ ਵੀ ਇੰਨੀ ਭਿਆਨਕ ਗਰਮੀ ਵਿੱਚ ਇੱਕ ਮੁਹੱਲੇ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਸਕੇ ਤਾਂ ਸ਼ਹਿਰ ਵਾਸੀਆਂ ਨੂੰ ਕੀ ਆਸ ਰੱਖਣੀ ਚਾਹੀਦੀ ਹੈ?
ਕੀ ਕਹਿਣਾ ਹੈ ਸਭਰਵਾਲ ਦਾ- ਇਸ ਸਬੰਧੀ ਜਦੋਂ ਵਾਰਡ ਨੰਬਰ 13 ਦੀ ਮਹਿਲਾ ਕੌਂਸਲਰ ਅਨੀਤਾ ਸੱਭਰਵਾਲ ਦੇ ਪਤੀ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਹੱਲਾ ਬੇਰੀਆਂ ਵਿਚ ਪਿਛਲੇ ਦਸ ਦਿਨ ਤੋਂ ਪਾਣੀ ਵਾਲੀ ਮੋਟਰ ਖਰਾਬ ਹੋਣ ਸੰਬੰਧੀ ਉਨ੍ਹਾਂ ਨੂੰ ਅਜੇ 3 ਦਿਨ ਪਹਿਲਾਂ ਹੀ ਮੁਹੱਲਾ ਨਿਵਾਸੀਆਂ ਵੱਲੋਂ ਸੂਚਿਤ ਕੀਤਾ ਗਿਆ ਸੀ। ਉਹ ਜਲਦੀ ਹੀ ਇਸ ਦਾ ਹੱਲ ਕਰਵਾ ਦੇਣਗੇ।