ਅੰਮ੍ਰਿਤਸਰ (ਭੰਗੂ) ਹੈਰੋਇਨ ਤਸਕਰੀ ਦੇ ਧੰਦੇ ’ਚ ਸ਼ਾਮਲ ਇਕ ਵਿਅਕਤੀ ਨੂੰ ਘਰਿੰਡਾ ਪੁਲਿਸ ਨੇ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 510 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਦੂਜੇ ਪਾਸੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਰੋੜਾਂਵਾਲ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਨੇ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਕਈ ਭੇਤ ਖੋਲ੍ਹੇ ਹਨ।ਮੁਲਜ਼ਮ ਦੇ ਕਬਜ਼ੇ ’ਚੋਂ ਮਿਲੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਘਰਿੰਡਾ ਦੇ ਇੰਚਾਰਜ ਇੰਸਪੈਕਟਰ ਮਨਮੀਤ ਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਪਾਲ ਸਿੰਘ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦਾ ਹੈ। ਇਸ ਅਧਾਰ ’ਤੇ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਉਕਤ ਮੁਲਜਮ ਨੂੰ ਸ਼ੱਕੀ ਹਾਲਤ ’ਚ ਆਉਂਦਾ ਦੇਖ ਕੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਹ ਪਿੰਡ ਰੋੜਾਂਵਾਲਾ ਦੇ ਨਾਲ-ਨਾਲ ਪਿੰਡ ਪੰਡਿਆਰ ਵਿਚ ਰਹਿ ਕੇ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨੀ ਸਮੱਗਲਰਾਂ ਨੇ ਇਹ ਖੇਪ ਡਰੋਨ ਰਾਹੀਂ ਮੋਦੇ ਪਿੰਡ ਦੇ ਖੇਤਾਂ ਵਿਚ ਸੁੱਟੀ ਸੀ, ਜਿਸ ਨੂੰ ਉਸ ਨੇ ਚੁੱਕ ਲਿਆ ਸੀ। ਹੁਣ ਉਸ ਨੂੰ ਮੋਬਾਇਲ ਰਾਹੀਂ ਸੁਨੇਹਾ ਮਿਲਿਆ ਸੀ ਕਿ ਇਹ ਖੇਪ ਕਿਸੇ ਹੋਰ ਸਮੱਗਲਰ ਨੂੰ ਸੌਂਪੀ ਜਾਣੀ ਹੈ।